ਅੰਮਿ੍ਰਤਸਰ, 25 ਮਈ (ਰਛਪਾਲ ਸਿੰਘ) –ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾ ਤੇ ਐਸ:ਡੀ:ਐਮ ਮੈਡਮ ਅਨਾਇਤ ਗੁਪਤਾ ਨੇ ਜਿਲਾ ਸ਼ਾਪਿੰਗ ਕੰਪਲੈਕਸ ਬੀ ਬਲਾਕ ਰਣਜੀਤ ਐਵੀਨਿਊ ਵਿਖੇ ਬਟਲਰਜ਼ ਬੇਕ ਹਾਊਸ ਤੇ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਛਾਪਾ ਮਾਰਿਆ।
ਐਸ:ਡੀ:ਐਮ ਮੈਡਮ ਅਨਾਇਤ ਗੁਪਤਾ ਨੇ ਦੱਸਿਆ ਕਿ ਜਿਲਾ ਪ੍ਰਸਾਸ਼ਨ ਵੱਲੋਂ ਸਾਰੇ ਰੈਸਟੋਰੈਂਟ ਤੇ ਹੋਟਲਾਂ ਨੂੰ ਕੇਵਲ ਖਾਣੇ ਦੀ ਹੋਮ ਡਲਿਵਰੀ ਲਈ ਆਗਿਆ ਦਿੱਤੀ ਹੈ ਪ੍ਰੰਤੂ ਇਸ ਰੈਸਟੋਰੈਂਟ ਵੱਲੋਂ ਕੋਵਿਡ-19 ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ 50 ਤੋਂ ਜਿਆਦਾ ਵਿਅਕਤੀਆਂ ਨੂੰ ਆਪਣੇ ਹਾਲ ਅੰਦਰ ਬਿਠਾ ਖਾਣਾ ਸਰਵ ਕੀਤਾ ਜਾ ਰਿਹਾ ਸੀ। ਹਦਾਇਤਾਂ ਦੀ ਉਲੰਘਣਾ ਕਰਨ ਤੇ ਜਿਲਾ ਪ੍ਰਸਾਸ਼ਨ, ਪੁਲਿਸ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਇਸ ਰੈਸਟੋਰੈਂਟ ਤੇ ਰੇਡ ਕਰਕੇ ਇਸ ਨੂੰ ਸੀਲ ਕਰ ਦਿੱਤਾ ਹੈ ਅਤੇ ਸਿਹਤ ਵਿਭਾਗ ਵੱਲੋਂ ਰੈਸਟੋਰੈਂਟ ਅੰਦਰ ਬੈਠੇ ਸਾਰੇ ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਗਏ ਹਨ।
ਮੈਡਮ ਅਨਾਇਤ ਗੁਪਤਾ ਨੇ ਦੱਸਿਆ ਕਿ ਕੋਵਿਡ 19 ਦੀਆਂ ਹਦਾਇਤਾਂ ਸਬੰਧੀ ਜਿਲਾ ਪ੍ਰਸਾਸ਼ਨ ਵੱਲੋਂ ਵੱਖ ਵੱਖ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਇਨਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਇਸ ਮਹਾਂਮਾਰੀ ਨੂੰ ਖਤਮ ਕੀਤਾ ਜਾ ਸਕੇ।