ਜਾਣੋ ਕੀ ਹੈ ਚੌਕਲੇਟ ਦਾ ਇਤਿਹਾਸ? ਸਰੀਰ ਨੂੰ ਕਿਵੇਂ ਹੁੰਦਾ ਹੈ ਲਾਭ?

68

ਹਰ ਸਾਲ ਅੱਜ ਦੇ ਦਿਨ ਮਤਲਬ 7 ਜੁਲਾਈ ਨੂੰ ਵਰਲਡ ਚੌਕਲੇਟ ਡੇਅ ਮਨਾਇਆ ਜਾਂਦਾ ਹੈ। ਹਾਲਾਂਕਿ ਇਸ ਸਾਲ ਕੋਰੋਨਾ ਵਾਇਰਸ ਕਾਰਨ ਇਸ ਵਿਸ਼ੇਸ਼ ਦਿਨ ਦੀ ਚਮਕ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ। ਸਾਲ 1550 ‘ਚ 7 ਜੁਲਾਈ ਨੂੰ ਯੂਰਪ ‘ਚ ਪਹਿਲੀ ਵਾਰ ਚੌਕਲੇਟ ਡੇਅ ਮਨਾਇਆ ਗਿਆ ਸੀ। ਇਸ ਤੋਂ ਬਾਅਦ ਇਹ ਪੂਰੀ ਦੁਨੀਆਂ ‘ਚ ਮਨਾਇਆ ਜਾਣ ਲੱਗਿਆ। ਚੌਕਲੇਟ ਨਾ ਸਿਰਫ਼ ਖਾਣ ‘ਚ ਸੁਆਦੀ ਹੁੰਦੀ ਹੈ, ਸਗੋਂ ਇਹ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਵੀ ਪਹੁੰਚਾਉਂਦੀ ਹੈ।

Italian Trulli

ਚੌਕਲੇਟ ਦਾ ਇਤਿਹਾਸ
ਇਹ ਮੰਨਿਆ ਜਾਂਦਾ ਹੈ ਕਿ ਚੌਕਲੇਟ ਲਗਪਗ 4 ਹਜ਼ਾਰ ਸਾਲ ਪਹਿਲਾਂ ਇਸ ਦੁਨੀਆਂ ‘ਚ ਆਈ ਸੀ। ਪਹਿਲੀ ਵਾਰ ਚੌਕਲੇਟ ਦਾ ਦਰੱਖਤ ਅਮਰੀਕਾ ‘ਚ ਵੇਖਿਆ ਗਿਆ ਸੀ। ਅਮਰੀਕਾ ਦੇ ਜੰਗਲ ‘ਚ ਚੌਕਲੇਟ ਦੇ ਦਰੱਖਤ ਦੀਆਂ ਫਲੀਆਂ ਦੇ ਬੀਜ ਤੋਂ ਬਣਾਇਆ ਗਿਆ ਸੀ। ਅਮਰੀਕਾ ਤੇ ਮੈਕਸੀਕੋ ਨੇ ਦੁਨੀਆਂ ‘ਚ ਸਭ ਤੋਂ ਪਹਿਲਾਂ ਚੌਕਲੇਟ ਦੀ ਵਰਤੋਂ ਕੀਤੀ ਸੀ। ਇਹ ਕਿਹਾ ਜਾਂਦਾ ਹੈ ਕਿ 1528 ‘ਚ ਸਪੇਨ ਦੇ ਰਾਜੇ ਨੇ ਮੈਕਸੀਕੋ ਉੱਤੇ ਕਬਜ਼ਾ ਕਰ ਲਿਆ। ਰਾਜੇ ਨੂੰ ਇੱਥੇ ਦੀ ਕੋਕੋ ਬਹੁਤ ਪਸੰਦ ਸੀ। ਇਸ ਤੋਂ ਬਾਅਦ ਰਾਜਾ ਮੈਕਸੀਕੋ ਤੋਂ ਸਪੇਨ ਲਈ ਕੋਕੋ ਬੀਜ ਲੈ ਕੇ ਗਿਆ, ਜਿਸ ਤੋਂ ਬਾਅਦ ਚੌਕਲੇਟ ਨੂੰ ਪ੍ਰਸਿੱਧੀ ਮਿਲੀ।

ਸ਼ੁਰੂਆਤੀ ਦੌਰ ‘ਚ ਚੌਕਲੇਟ ਦਾ ਸੁਆਦ ਤਿੱਖਾ ਹੁੰਦਾ ਸੀ। ਇਸ ਸੁਆਦ ਨੂੰ ਬਦਲਣ ਲਈ ਇਸ ‘ਚ ਸ਼ਹਿਦ, ਵਨੀਲਾ ਤੋਂ ਇਲਾਵਾ ਦੂਜੀਆਂ ਚੀਜ਼ਾਂ ਮਿਲਾ ਕੇ ਇਸ ਦੀ ਕੋਲਡ ਕੌਫੀ ਬਣਾਈ ਗਈ। ਇਸ ਤੋਂ ਬਾਅਦ ਡਾਕਟਰ ਸਰ ਹੈਂਸ ਸਲੋਨ ਨੇ ਇਸ ਨੂੰ ਤਿਆਰ ਕਰਕੇ ਪੀਣ ਯੋਗ ਬਣਾਇਆ। ਇਸ ਦਾ ਨਾਮ ਕੈਡਬਰੀ ਮਿਲਕ ਚੌਕਲੇਟ ਦਿੱਤਾ।

ਯੂਰਪ ‘ਚ ਬਦਲਿਆ ਗਿਆ ਚੌਕਲੇਟ ਦਾ ਸੁਆਦ
ਸਾਲ 1828 ‘ਚ ਇਕ ਡੱਚ ਕੈਮਿਸਟ ਕੋਨਰਾਡ ਜੋਹਾਂਸ ਵੈਨ ਹਾਟਨ ਨੇ ਕੋਕੋ ਪ੍ਰੈੱਸ ਨਾਂਅ ਦੀ ਮਸ਼ੀਨ ਬਣਾਈ। ਇਸ ਮਸ਼ੀਨ ਰਾਹੀਂ ਚੌਕਲੇਟ ਦੇ ਤਿੱਖੇਪਨ ਨੂੰ ਦੂਰ ਕੀਤਾ ਗਿਆ। ਇਸ ਤੋਂ ਬਾਅਦ 1848 ‘ਚ ਬ੍ਰਿਟਿਸ਼ ਚੌਕਲੇਟ ਕੰਪਨੀ ਜੇ.ਆਰ. ਫਰਾਈ ਐਂਡ ਸੰਨਜ਼ ਨੇ ਕੋਕੋ ‘ਚ ਮੱਖਣ, ਦੁੱਧ ਅਤੇ ਚੀਨੀ ਨੂੰ ਮਿਲਾ ਕੇ ਪਹਿਲੀ ਵਾਰ ਸਖ਼ਤ ਚੌਕਲੇਟ ਬਣਾਈ।

ਚੌਕਲੇਟ ਦੇ ਕੀ ਫ਼ਾਇਦੇ ਹਨ?
ਚੌਕਲੇਟ ਸਾਡੇ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੀ ਹੈ। ਇਸ ਦੇ ਕੁਦਰਤੀ ਰਸਾਇਣ ਸਾਡੇ ਮੂਡ ਨੂੰ ਸੁਧਾਰਦੇ ਹਨ। ਚੌਕਲੇਟ ‘ਚ ਮੌਜੂਦ ਟ੍ਰੀਪਟੋਫੈਨ ਸਾਨੂੰ ਖੁਸ਼ ਰੱਖਦੇ ਹਨ। ਟ੍ਰੀਪਟੋਫੈਨ ਸਾਡੇ ਦਿਮਾਗ ‘ਚ ਐਂਡੋਰਫਿਨ ਦੇ ਪੱਧਰ ਨੂੰ ਪ੍ਰਭਾਵਿਤ ਕਰਦੇ ਹਨ, ਜਿਸ ਨਾਲ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ।

ਚੌਕਲੇਟ ‘ਚ ਫਿਨੈਲੇਥੀਲਾਮੀਨ ਕੈਮੀਕਲ ਹੁੰਦਾ ਹੈ, ਜੋ ਸਾਡੇ ਦਿਮਾਗ ‘ਚ ਪਲੈਜ਼ਰ ਇੰਡਾਰਫਿਨ ਰਿਲੀਜ਼ ਕਰਦਾ ਹੈ, ਜਿਸ ਨਾਲ ਚੌਕਲੇਟ ਖਾਣ ਵਾਲੇ ਦਾ ਮੂਡ ਵਧੀਆ ਹੋ ਜਾਂਦਾ ਹੈ। ਚੌਕਲੇਟ ਸਾਡੇ ਦਿਲ ਨੂੰ ਕਾਫ਼ੀ ਲਾਭ ਪਹੁੰਚਾਉਂਦੀ ਹੈ। ਹਰ ਰੋਜ਼ ਡਾਰਕ ਚੌਕਲੇਟ ਖਾਣ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਘੱਟ ਹੋ ਜਾਂਦਾ ਹੈ।