More

    ਜਾਣੋ ਕਿਉਂ ਕੀਤਾ ਫੇਸਬੁੱਕ ਨੇ ਅਸਟ੍ਰੇਲੀਆ ਦੇ ਮੀਡੀਆ ਅਦਾਰਿਆਂ ਨੂੰ ਬੰਦ?

    ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਬੀਤੇ ਬੁੱਧਵਾਰ ਅਸਟ੍ਰੇਲੀਆ ਦੇ ਮੀਡੀਆ ਅਦਾਰਿਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਖਬਰ ਪਾਉਣ ਤੇ ਰੋਕ ਲਾ ਦਿੱਤੀ ਹੈ। ਸਿੱਟੇ ਵਜੋਂ, chartbeat ਮੁਤਾਬਿਕ, ਅਸਟ੍ਰੇਲੀਆ ਦੇ ਇੰਟਰਨੈੱਟ ਟ੍ਰੈਫਿਕ ਤੇ ਤੀਹ ਪ੍ਰਤੀਸ਼ਤ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਅਦਾਰੇ ਵੱਲੋਂ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਇਹ ਜ਼ਾਰੀ ਰਹਿੰਦਾ ਹੈ ਤਾਂ ਰਾਸ਼ਟਰੀ ਖਬਰ ਬਜ਼ਾਰ ਤੇ ਬਹੁਤ ਬੁਰਾ ਪ੍ਰਭਾਵ ਪਵੇਗਾ, ਜਿਸਦੇ ਰੁਝਾਨ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਦੇਖਣ ਨੂੰ ਮਿਲਣਗੇ।

    ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਆਫ ਕਨਬੇਰਾ ਦੀ ਰਿਪੋਰਟ ਮੁਤਾਬਕ ੨੧% ਅਸਟ੍ਰੇਲੀਆਈ ਸੋਸ਼ਲ ਮੀਡੀਆ ਤੇ ਖਬਰਾਂ ਲਈ ਨਿਰਭਰ ਹਨ, ਜਿਹਨਾਂ ਵਿੱਚੋਂ 38% ਸਿਰਫ ਫੇਸਬੁੱਕ ਦੇ ਹੀ ਹਿੱਸੇ ਆਉਂਦੇ ਹਨ।

    ਅਸਲ ਵਿੱਚ ਫੇਸਬੁੱਕ ਵੱਲੋਂ ਇਹ ਕਦਮ ਅਸਟ੍ਰੇਲੀਆਈ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਨਵੇਂ ਕਾਨੂੰਨਾਂ ਨਾਲ ਅਸਹਿਮਤੀ ਦੇ ਚੱਲਦਿਆਂ ਚੁਕਿਆ ਗਿਆ, ਜਿਸਦੀ ਨਿੰਦਾ ਕਰਦਿਆਂ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਇਸ ਨੂੰ “ਧਮਕੀ ਭਰਿਆ ਵਤੀਰਾ” ਕਰਾਰ ਦਿੱਤਾ ਹੈ।

    ਕੀ ਹਨ ਇਹ ਨਵੇਂ ਕਾਨੂੰਨ ਤੇ ਕੀ ਹੈ ਵਿਵਾਦ ਦੀ ਵਜ੍ਹਾ?

    ਜੁਲਾਈ 2017 ਵਿੱਚ, ਅਸਟ੍ਰੇਲੀਆਈ ਖਬਰ ਬਾਜ਼ਾਰ ਵਿੱਚ ਮੁਕਾਬਲੇਬਾਜ਼ੀ ਦਰੁਸਤ ਕਰਨ ਲਈ ਕੁੱਝ ਨਿਯਮ ਬਣਾਉਣ ਦੀ ਸਿਫਾਰਸ਼ ਸਰਕਾਰ ਨੂੰ ਕੀਤੀ ਗਈ,ਜਿਹਨਾਂ ਦੇ ਆਧਾਰ ਤੇ ਆਨਲਾਈਨ ਮੀਡੀਆ ਅਦਾਰੇ ਕਰਾਰਨਾਮੇ ਦਰਜ ਕਰਾ ਸਕਣ।

    ਜਿਸ ਤੇ ਪਹਿਲਕਦਮੀ ਕਰਦਿਆਂ Australian’s competition and consumer commission (ACCC) ਨੇ ਫੇਸਬੁੱਕ ਤੇ ਗੂਗਲ ਵਰਗੇ ਆਨਲਾਈਨ ਮੰਚਾਂ ਤੋਂ ਖਬਰ ਬਜ਼ਾਰ ਨੂੰ ਹੋ ਰਹੇ ਨੁਕਸਾਨਾਂ ਦੀ ਜਾਂਚ ਕਰਨ ਦੀ ਗੱਲ ਕਹੀ।

    ਦਸੰਬਰ 2019 ਵਿੱਚ ਅਸਟ੍ਰੇਲੀਆਈ ਸਰਕਾਰ ਨੇ ਸ੍ਵੈ-ਇੱਛਤ ਕਰਾਰਨਾਮਿਆਂ ਲਈ ਖਰੜਾ ਤਿਆਰ ਕਰਨ ਦੀ ਹਦਾਇਤ ACCC ਨੂੰ ਦਿੱਤੀ।ਪਰ ਜਦ ਅਦਾਰਿਆਂ ਦਾ ਇਸ ਸਵੈ-ਇੱਛਤ ਕਰਾਰਾਂ ਲਈ ਸਹਿਯੋਗ ਨਾ ਮਿਲਿਆ ਤਾਂ ਸਰਕਾਰ ਨੇ ਅਜਿਹੇ ਨਿਯਮਾਂ ਦਾ ਖਰੜਾ ਤਿਆਰ ਕਰਨ ਦੀ ਗੱਲ ਕਹੀ, ਜਿਹਨਾਂ ਨੂੰ ਮੰਨਣਾ ਲਾਜ਼ਮੀ ਹੋਵੇਗਾ।

    ਜੁਲਾਈ 2020 ਵਿੱਚ ACCC ਨੇ ਖਰੜਾ ਤਿਆਰ ਕਰਕੇ ਸਰਕਾਰ ਕੋਲ ਦਰਜ ਕਰਾ ਦਿੱਤਾ। ਖ਼ਜ਼ਾਨਾ ਮੰਤਰੀ ਨੇ ਬਿਆਨ ਦਿੱਤਾ ਕਿ ਫੇਸਬੁੱਕ,ਗੂਗਲ ਵਰਗੇ ਅਦਾਰਿਆਂ ਕੋਲੋਂ ਇਹਨਾਂ ਕਾਨੂੰਨਾਂ ਹੇਠ ਆਨਲਾਈਨ ਖੇਤਰੀ ਮੀਡੀਆ ਅਦਾਰਿਆਂ ਨੂੰ ਭੁਗਤਾਨ ਕਰਨ ਲਈ ਮਜ਼ਬੂਰ ਕਰਾਂਗੇ,ਜਿਸਦੀ ਗੂਗਲ ਵੱਲੋਂ ਆਲੋਚਨਾ ਕੀਤੀ ਗਈ।

    ਫੇਸਬੁੱਕ ਨੇ ਪ੍ਰਤੀਕਰਮ ਕਰਦਿਆਂ ਪਹਿਲੀ ਵਾਰ ਸਤੰਬਰ ੨੦੨੦ ਵਿੱਚ ਅਸਟ੍ਰੇਲੀਆ ਤੋਂ ਅਪਲੋਡ ਹੁੰਦੀਆਂ ਖਬਰਾਂ ਤੇ ਪਾਬੰਦੀ ਦੀ ਧਮਕੀ ਦਿੱਤੀ। ਇਸਦੇ ਬਾਵਜੂਦ ਦਸੰਬਰ 2020 ਵਿੱਚ ਨਵੇਂ ਨਿਯਮਾਂ ਦਾ ਖਰੜਾ,The News Media Bargaining Bill ਦੇ ਰੂਪ ਵਿੱਚ ਕਾਨੂੰਨ ਬਣਾਉਣ ਲਈ ਪੇਸ਼ ਕਰ ਦਿੱਤਾ ਗਿਆ,ਜਿਸ ਵਿੱਚ ਫੇਸਬੁੱਕ,ਗੂਗਲ ਵਰਗੀਆਂ ਸੰਸਥਾਵਾਂ ਉੱਪਰ, ਖਬਰ ਸਮੱਗਰੀ ਪਬਲਿਸ਼ ਕਰਨ ਬਦਲੇ, ਖੇਤਰੀ ਅਦਾਰਿਆਂ ਨੂੰ ਭੁਗਤਾਨ ਕਰਨਾ ਲਾਜ਼ਮੀ ਕੀਤਾ ਜਾਣਾ ਸੀ।

    ਗੂਗਲ ਨੇ ਗਾਹਕਾਂ ਦੀ ਨਿੱਜਤਾ ਅਤੇ ਆਪਣੀਆਂ ਮੁਫਤ ਸੇਵਾਵਾਂ ਦਾ ਹਵਾਲਾ ਦਿੰਦਿਆਂ ਅਸਟ੍ਰੇਲੀਆ ਵਿੱਚ ਸਰਚ ਇੰਜਨ ਬੰਦ ਕਰਨ ਦੀ ਧਮਕੀ ਦਿੱਤੀ,ਪਰ ਫਰਵਰੀ 2021 ਵਿੱਚ ਪਿੱਛੇ ਹਟਦਿਆਂ News corp ਅਤੇ ਹੋਰ ਮੀਡੀਆ ਅਦਾਰਿਆਂ ਨਾਲ ਸਮੱਗਰੀ ਬਦਲੇ ਭੁਗਤਾਨ ਕਰਨ ਦਾ ਸਮਝੌਤਾ ਕਰ ਲਿਆ। ਮਾਈਕਰੋਸਾਫਟ ਨੇ ਵੀ ਇਹਨਾਂ ਕਾਨੂੰਨਾਂ ਦਾ ਸਮਰੱਥਨ ਕਰ ਦਿੱਤਾ।

    ਕਾਨੂੰਨਾਂ ਦੇ ਖਰੜੇ ਨੂੰ House of representatives ਨੇ ਪਾਸ ਕਰ ਦਿੱਤਾ ਹੈ,ਬਸ Senate ਦੀ ਮਨਜ਼ੂਰੀ ਬਾਕੀ ਹੈ,ਪਰ ਫੇਸਬੁੱਕ ਆਪਣੇ ਰੁਖ਼ ਤੇ ਅੜੀ ਹੋਈ ਹੈ। ਨਤੀਜਨ, ਬੀਤੇ ਬੁੱਧਵਾਰ ਫੇਸਬੁੱਕ ਨੇ ਅਸਟ੍ਰੇਲੀਆਈ ਆਨਲਾਈਨ ਮੀਡੀਆ ਅਦਾਰਿਆਂ ਤੇ ਸਮੱਗਰੀ ਅਪਲੋਡ ਕਰਨ ਤੇ ਪੂਰਨ ਪਾਬੰਦੀ ਲਾ ਦਿੱਤੀ ਹੈ।

    ਕੀ ਰਹੀ ਆਗੂਆਂ ਦੀ ਪ੍ਰਤੀਕਿਰਿਆ?

    ਅਸਟ੍ਰੇਲੀਆਈ ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨਾਲ ਗੱਲਬਾਤ ਦੇ ਰਾਹ ਖੁੱਲੇ ਹਨ,ਪਰ ਹਫਤੇ ਦੇ ਅਖੀਰ ਤੱਕ ਕਾਨੂੰਨਾਂ ਦਾ ਪਾਸ ਹੋਣਾ ਤੈਅ ਹੈ।

    ਆਸਟ੍ਰੇਲੀਅਨ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਕਿਹਾ ਕਿ ਜਸਟਿਨ ਟਰੂਡੋ ਤੇ ਨਰਿੰਦਰ ਮੋਦੀ ਵਰਗੇ ਨੇਤਾਵਾਂ ਨਾਲ ਉਹਨਾਂ ਦੀ ਗੱਲ ਹੋਈ ਹੈ, ਫੇਸਬੁੱਕ ਦੇ ਰਵੱਈਏ ਤੇ ਸੰਸਾਰ ਦੇ ਨੇਤਾ, ਅਸਟ੍ਰੇਲੀਆਈ ਸਰਕਾਰ ਦੇ ਹੱਕ ਵਿੱਚ ਹਨ।

    ਕੈਨੇਡਾਈ ਮੰਤਰੀ ਸਟੀਵਨ ਗਿਲਬੀਲਟ ਨੇ ਵੀ ਆਉਣ ਵਾਲੇ ਮਹੀਨਿਆਂ ‘ਚ ਓਟਾਵਾ ਅੰਦਰ ਅਜਿਹੇ ਕਾਨੂੰਨ ਬਣਾਉਣ ਦੀ ਗੱਲ ਕਹੀ ਅਤੇ ਇਸਨੂੰ ਤਕਨੀਕੀ ਅਦਾਰਿਆਂ ਦੁਆਰਾ ਬਜ਼ਾਰਾਂ ਤੇ ਹੋ ਰਹੇ ਕਬਜ਼ਿਆਂ ਖਿਲਾਫ ਜੰਗ ਕਰਾਰ ਦਿੱਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img