ਸ੍ਰੀ ਮੁਕਤਸਰ ਸਾਹਿਬ, 7 ਮਾਰਚ (ਅਵਤਾਰ ਮਰਾੜ੍ਰ) – ਖੇਤ ਮਜ਼ਦੂਰ ਖੇਤੀ ਖੇਤਰ ਦੀ ਰੀੜ੍ਹ ਹੱਡੀ ਬਣਦੇ ਹਨ ਪਰ ਆਪ ਸਰਕਾਰ ਵੱਲੋਂ ਬਣਾਈ ਜਾ ਰਹੀ ਖੇਤੀ ਨੀਤੀ ਬਾਰੇ ਸੁਝਾਅ ਲੈਣ ਲਈ ਖੇਤ ਮਜ਼ਦੂਰ ਵਰਗ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਨਾ ਸਰਕਾਰ ਦੀ ਮਜ਼ਦੂਰ ਵਿਰੋਧੀ ਖੋਟੀ ਨੀਅਤ ਦਾ ਸੰਕੇਤ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਜ਼ਿਲੇ ਦੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਕੀਤਾ ਗਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 9 ਮਾਰਚ ਨੂੰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਖੇਤੀ ਨੀਤੀ ਸਬੰਧੀ ਸੁਝਾਵਾਂ ਦਾ ਖਰੜਾ ਸੌਂਪਣ ਲਈ ਰੱਖੇ ਇਕੱਠ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅੱਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ ਦੀ ਪ੍ਰਧਾਨਗੀ ਹੇਠ ਜ਼ਿਲੇ ਇੱਕ ਅਹਿਮ ਮੀਟਿੰਗ ਕੀਤੀ ਗਈ।
ਇਸ ਮੌਕੇ ਖੇਤ ਮਜ਼ਦੂਰਾਂ ਦੇ ਹਿੱਤਾਂ ਨੂੰ ਮੁੱਖ ਤਿਆਰ ਕੀਤੇ ਨਵੀਂ ਖੇਤੀ ਦੇ ਖਰੜੇ ਬਾਰੇ ਚਰਚਾ ਕਰਦਿਆਂ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਖੇਤੀ ਖੇਤਰ ਦੀ ਬਿਹਤਰੀ ਤੇ ਵਿਕਾਸ ਲਈ ਬਣਨ ਵਾਲੀ ਕੋਈ ਵੀ ਨੀਤੀ ਖੇਤ ਮਜ਼ਦੂਰਾਂ ਦੇ ਸਰੋਕਾਰਾਂ ਨੂੰ ਸੰਬੰਧਿਤ ਹੋਏ ਬਿਨਾਂ ਸਾਰਥਿਕ ਨਹੀਂ ਹੋ ਸਕਦੀ ਸਗੋਂ ਖੇਤ ਮਜ਼ਦੂਰਾਂ ਦੀ ਜ਼ਿੰਦਗੀ ਤੇ ਰੋਜਗਾਰ ਦੇ ਸਰੋਕਾਰ ਇਸ ਦੇ ਕੇਂਦਰੀ ਸਰੋਕਾਰਾਂ `ਚ ਹੋਣੇ ਚਾਹੀਦੇ ਹਨ। ਅਜਿਹਾ ਨਾ ਸਿਰਫ਼ ਖੇਤ ਮਜ਼ਦੂਰਾਂ ਦੀ ਜ਼ਿੰਦਗੀ ਦੀ ਖੁਸ਼ਹਾਲੀ ਲਈ ਹੀ ਜ਼ਰੂਰੀ ਹੈ ਸਗੋਂ ਖੇਤੀ ਖੇਤਰ ਦੇ ਵਿਕਾਸ ਲਈ ਵੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਖੇਤੀ ਨੀਤੀ ’ਚ ਖੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਦੇ ਸਰੋਕਾਰਾਂ ਨੂੰ ਕੇਂਦਰੀ ਸਥਾਨ ਦਿੰਦਿਆਂ ਮੁਲਕ ਦੀ ਆਨਾਜ `ਚ ਸਵੈ ਨਿਰਭਰਤਾ, ਪੈਦਾਵਾਰ ਦਾ ਵਿਕਾਸ , ਰੁਜ਼ਗਾਰ ਦਾ ਵਧਾਰਾ, ਮਿੱਟੀ ਤੇ ਪਾਣੀ ਸੋਮਿਆਂ ਦੀ ਸੰਭਾਲ , ਵਾਤਾਵਰਨ ਸਰੁੱਖਿਆ , ਰਸਾਇਣਾਂ ਮੁਕਤ ਫਸਲ ਪੈਦਾਵਾਰ ਤੱਕ ਦੇ ਸਰੋਕਾਰਾਂ ਨੂੰ ਸੰਬੰਧਿਤ ਹੋਣਾ ਚਾਹੀਦਾ ਹੈ।