-1.2 C
Munich
Tuesday, February 7, 2023

ਜਦੋਂ ਖੁਦ ਨਾਲ ਗੱਲਾਂ ਕਰਨੀਆਂ ਆ ਜਾਣ ਤਾਂ ਓਦੋਂ ਭਾਵੇਂ ਕੋਈ ਨਾ ਵੀ ਬੁਲਾਵੇ ਤਾਂ ਵੀ ਬੰਦਾ ਨੱਕੋ ਨੱਕ ਭਰਿਆ ਰਹਿੰਦਾ

Must read

ਹਰਪ੍ਰੀਤ ਸਿੰਘ ਜਵੰਦਾ

ਪੰਜਾਬ, 23 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਖੇਡ ਦੇ ਸਿਖਰ ਤੇ ਇਮਰਾਨ ਖ਼ਾਨ ਦੀ ਲੱਤ ਟੁੱਟ ਗਈ..ਦੋ ਸਾਲ ਖੇਡ ਨਾ ਸਕਿਆ..ਵਾਪਿਸ ਪਰਤਿਆ ਤਾਂ ਐਕਸ਼ਨ ਲੈਅ ਵਿਚ ਨਾ ਆਵੇ..ਪੂਰਾ ਪੂਰਾ ਦਿਨ ਲੱਗਾ ਰਹਿੰਦਾ..ਫੇਰ ਵੀ ਗੱਲ ਨਾ ਬਣੀ..ਨਿਰਾਸ਼ ਹੋਇਆ..ਖੁਦ ਨੂੰ ਕੋਸਦਾ ਰਹਿੰਦਾ..ਝਿੜਕਾਂ ਵੀ ਮਾਰਦਾ..ਓਏ ਪਠਾਣਾ ਕੀ ਹੋ ਗਿਆ ਤੈਨੂੰ..? ਅਖੀਰ ਆਸਟ੍ਰੇਲੀਆ ਗਏ ਨੂੰ ਰਾਤੀ ਸੁਫਨਾ ਆਇਆ..ਅਗਲੇ ਦਿਨ ਓਸੇ ਦੇ ਹਿਸਾਬ ਨਾਲ ਬਾਲਿੰਗ ਕੀਤੀ..। ਲੈਅ..ਸਪੀਡ..ਐਕਸ਼ਨ ਸਭ ਕੁਝ ਵਾਪਿਸ ਮੁੜ ਆਇਆ..। ਅਜੇ ਮਸੀਂ-ਮਸੀਂ ਗੱਡੀ ਪਟੜੀ ਤੇ ਆਈ ਹੀ ਸੀ ਕੇ ਮਾਂ ਨੂੰ ਕੈਂਸਰ ਹੋ ਗਿਆ..ਬੜੇ ਧੱਕੇ ਖਾਦੇ..ਉਹ ਬਚੀ ਫੇਰ ਵੀ ਨਾ..ਹਸਪਤਾਲਾਂ ਵਿਚ ਗਰੀਬ ਹਮਾਤੜ ਵੇਖੇ..ਹਰ ਅੱਗੇ ਤਰਲੇ ਲੈਂਦੇ..ਮੇਰੀ ਮਾਂ ਨੂੰ ਬਚਾ ਲਵੋ..ਅੱਬੇ ਤੋਂ ਸਿਵਾਏ ਮੇਰਾ ਕੋਈ ਵੀ ਨਹੀਂ..। ਜਦੋਂ ਫੇਰ ਵੀ ਨਾ ਬਚਦੇ ਤਾਂ ਗਰੀਬ ਅੱਖੀਆਂ ਮੀਚ ਉਤਾਂਹ ਵੱਲ ਨੂੰ ਵੇਖਦਾ..ਫੇਰ ਸਬਰ ਕਰ ਲੈਂਦਾ..ਪਰ ਕੁਝ ਹੰਝੂ ਭੋਏਂ ਤੇ ਜਰੂਰ ਡਿੱਗਦੇ..ਮੈਂ ਗਿੱਲੀ ਭੋਏਂ ਵੱਲ ਵੇਖਦਾ ਤਾਂ ਉਹ ਆਖ ਰਹੀ ਹੁੰਦੀ..ਓਏ ਪਠਾਣਾਂ ਹੁਣ ਤੈਨੂੰ ਹੀ ਹਿੰਮਤ ਕਰਨੀ ਪੈਣੀ ਏ..ਇਸ ਮੁਲਖ ਦੇ ਸ਼ਰੀਫ ਅਤੇ ਜਰਦਾਰੀ ਸਭ ਗਰੀਬ ਦੀਆਂ ਹੱਡੀਆਂ ਚੂਸਣ ਆਏ ਨੇ..।

ਫੇਰ ਇੱਕ ਦਿਨ ਠੂਠਾ ਲੈ ਕੇ ਨਿੱਕਲ ਪਿਆ..ਦੁਨੀਆ ਸਾਹਵੇਂ..ਕਿੰਨਿਆਂ ਨੇ ਲੱਤਾਂ ਖਿੱਚੀਆਂ..ਇਹ ਮਾਂ ਦੇ ਨਾਮ ਦੀ ਡੋਨੇਸ਼ਨ ਖਾ ਜਾਊ..ਪਰ ਢੀਠ ਬਣ ਲੱਗਾ ਰਿਹਾ..ਅਖੀਰ ਸ਼ੋਕਤ ਖਾਨਮ ਕੈਂਸਰ ਹਸਪਤਾਲ ਬਣਾ ਕੇ ਹੀ ਛੱਡਿਆ..। ਆਖਦਾ ਏ ਕੇ ਅਲਾਹ ਬੰਦੇ ਦਾ ਇਮਤਿਹਾਨ ਲੈਂਦਾ..ਪੈਰ ਪੈਰ ਤੇ..ਕੁਝ ਥੋੜ ਦਿਲੇ ਮੈਦਾਨ ਛੱਡ ਜਾਂਦੇ ਪਰ ਕੁਝ ਢੀਠ ਡਟੇ ਰਹਿੰਦੇ..! ਜੋ ਡਟੇ ਰਹਿੰਦੇ ਨੇ ਰੱਬ ਓਹਨਾ ਨੂੰ ਮਾਲਾ ਮਾਲ ਕਰ ਦਿੰਦਾ ਏ। ਜਿੰਦਗੀ ਦੀ ਸਾਰੀ ਕਹਾਣੀ ਹੀ ਡਟੇ ਰਹਿਣ ਅਤੇ ਭੱਜ ਜਾਣ ਵਾਲੇ ਚੱਕਰ ਦਵਾਲੇ ਘੁੰਮਦੀ ਰਹਿੰਦੀ..।

ਪੈਂਹਠ ਦੀ ਜੰਗ..ਜਰਨਲ ਸੁਬੇਗ਼ ਸਿੰਘ..ਹਾਜੀ ਪੀਰ ਦੇ ਮੋਰਚੇ ਤੇ ਤਾਰ ਗਈ..ਪਿਤਾ ਸ੍ਰ ਭਗਵਾਨ ਸਿੰਘ ਚੜਾਈ ਕਰ ਗਏ..ਤਾਰ ਪੜੀ..ਫੇਰ ਓਸੇ ਤਰਾਂ ਤਹਿ ਬਣਾ ਬੋਝੇ ਵਿਚ ਪਾ ਲਈ ਤੇ ਡਟ ਗਏ..ਛੁੱਟੀ ਮਿਲ ਸਕਦੀ ਸੀ ਪਰ ਨਹੀਂ ਲਈ ਕਿਓੰਕੇ ਰਣ ਤੱਤੇ ਵਿਚ ਭੱਜਣਾ ਸਿਖਿਆ ਹੀ ਨਹੀਂ ਸੀ..ਕਈ ਫਰਿਸ਼ਤੇ ਬੂਹੇ ਖਲੋਤੀ ਮੌਤ ਨੂੰ ਵੀ ਉਡੀਕ ਕਰਨ ਲਈ ਮਜਬੂਰ ਕਰ ਦਿੰਦੇ ਨੇ..। ਕਨੇਡਾ ਕਿਸੇ ਦੀ ਬੇਸਮੇਂਟ ਵਿਚ ਇੱਕ ਬਜ਼ੁਰਗ..ਵਿਚਾਰੇ ਨੂੰ ਕੋਈ ਨਹੀਂ ਸੀ ਬੁਲਾਉਂਦਾ..ਖੁਦ ਨਾਲ ਹੀ ਗੱਲਾਂ ਕਰੀ ਜਾਣੀਆਂ..ਓਏ ਸੌਦਾਗਰ ਸਿਹਾਂ ਚੱਲ ਆਜਾ ਚਾਹ ਪੀ ਲਈਏ..ਆਜਾ ਰੋਟੀ ਦਾ ਟਾਈਮ ਹੋ ਗਿਆ..ਪਾਰਕ ਵਿਚ ਜਾ ਕੇ ਵੀ ਕੱਲੇ ਬੋਲੀ ਜਾਣਾ..ਕਈਆਂ ਆਖਣਾ ਇਹ ਬਾਬਾ ਰੱਬ ਨਾਲ ਗੱਲਾਂ ਕਰਦਾ..ਜਿੱਦਣ ਮੁੱਕਿਆ ਕਿੰਨੀ ਦੇਰ ਬੋਲਦਾ ਰਿਹਾ..ਦੀਵਾ ਬੁੱਝਣ ਤੋਂ ਪਹਿਲਾਂ ਲਟ-ਲਟ ਬਲਿਆ..ਫੇਰ ਸੰਸਕਾਰ ਵੇਲੇ ਘਰਦੇ ਚੁੱਪ ਸਨ ਪਰ ਸਾਰੀ ਪਾਰਕ ਰੋ ਰਹੀ ਸੀ..। ਦੋਸਤੋ ਜਦੋਂ ਖੁਦ ਨਾਲ ਗੱਲਾਂ ਮਾਰਨੀਆਂ ਆ ਜਾਣ ਤਾਂ ਓਦੋਂ ਭਾਵੇਂ ਕੋਈ ਨਾ ਵੀ ਬੁਲਾਵੇ ਤਾਂ ਵੀ ਬੰਦਾ ਨੱਕੋ ਨੱਕ ਭਰਿਆ ਤੇ ਜਿਹੜਾ ਸਾਰੀ ਉਮਰ ਦੂਜਿਆਂ ਵੱਲ ਵੇਖ ਆਸਰੇ ਹੀ ਤੱਕਦਾ ਰਹੇ..ਉਹ ਆਪਣਿਆਂ ਦੀ ਮਹਿਫ਼ਿਲ ਵਿਚ ਬੈਠਾ ਵੀ ਖਾਲੀ ਦਾ ਖਾਲੀ..ਤਿੜਕੇ ਘੜੇ ਵਾਂ..। ਹੁਣ ਤਿੜਕੇ ਘਰੇ ਦਾ ਪਾਣੀ ਬਣਨਾ ਕੇ ਰੱਬ ਨਾਲ ਗੱਲਾਂ ਕਰਦਾ ਬਾਬਾ ਜੀ..ਇਹ ਸਾਡੇ ਆਪਣੇ ਵੱਸ ਏ।

- Advertisement -spot_img

More articles

- Advertisement -spot_img

Latest article