ਚੰਡੀਗੜ੍ਹ : ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਸਟੇਟ ਉਮੀਦਵਾਰ ਚੋਣ ਕਮੇਟੀ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤਾਇਨਾਤ ਪਾਰਟੀ ਆਬਜ਼ਰਵਰਾਂ ਨਾਲ ਇਕ ਬੈਠਕ ਕਰਕੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਕਾਂਗਰਸ ਦੇ ਸੂਬਾ ਇੰਜਾਰਜ ਹਰੀਸ਼ ਰਾਵਤ ਵੀ ਵਿਸੇਸ਼ ਤੌਰ ‘ਤੇ ਹਾਜ਼ਰ ਹੋਏ, ਜਿਨ੍ਹਾਂ ਨੇ ਇਸ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਪਾਰਟੀ ਵਰਕਰਾਂ ਨੂੰ ਹੋਰ ਮਿਹਨਤ ਨਾਲ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਆਰੰਭਣ ਲਈ ਕਿਹਾ।
ਇਸ ਮੌਕੇ ਜਾਖੜ ਨੇ ਕਿਹਾ ਕਿ ਲਾਲ ਸਿੰਘ ਦੀ ਅਗਵਾਈ ਵਾਲੀ ਸਟੇਟ ਸਿਲੈਕਸ਼ਨ ਕਮੇਟੀ ਵੱਲੋਂ ਚੰਗੇ ਉਮੀਦਵਾਰਾਂ ਦੀ ਚੋਣ ਅਤੇ ਆਬਜ਼ਰਵਰਾਂ ਵੱਲੋਂ ਬਰੀਕੀ ਨਾਲ ਚੋਣ ਮੁਹਿੰਮ ਨੂੰ ਚਲਾਉਣ ਦਾ ਹੀ ਨਤੀਜਾ ਹੈ ਕਿ ਪੰਜਾਬ ਦੇ ਲੋਕਾਂ ਨੇ ਪਾਰਟੀ ਵਿਚ ਵਿਸ਼ਵਾਸ ਜਤਾਇਆ ਹੈ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਪਾਰਟੀ ਨੂੰ ਵੱਡਾ ਮਾਣ ਬਖ਼ਸ਼ਿਆ ਹੈ।ਉਨ੍ਹਾਂ ਕਿਹਾ ਕਿ ਹੁਣ ਪਾਰਟੀ ‘2022 ਲਈ ਕੈਪਟਨ’ ਦੇ ਨਾਅਰੇ ਨੂੰ ਸੱਚ ਕਰਨ ਲਈ ਪੰਜਾਬ ਸਰਕਾਰ ਦੀਆਂ ਸਕੀਮਾਂ, ਨੀਤੀਆਂ ਅਤੇ ਪ੍ਰਰੋਗਰਾਮਾਂ ਨੂੰ ਘਰ-ਘਰ ਤਕ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਪਾਰਟੀ ਦੇ ਉਲਟ ਜਾ ਕੇ ਕੰਮ ਕਰਨ ਵਾਲੇ ਵਰਕਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਸੂਬਾ ਕਾਂਗਰਸ ਪ੍ਰਧਾਨ ਨੇ ਇਸ ਮੌਕੇ ਵਿਰੋਧੀ ਪਾਰਟੀਆਂ ਦੀ ਗੱਲ ਕਰਦਿਆਂ ਕਿਹਾ ਕਿ ਅਤੀਤ ਵਿਚ ਨਿਭਾਈ ਪੰਜਾਬ ਵਿਰੋਧੀ ਭੂਮਿਕਾ ਕਾਰਨ ਹੀ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਹੈ। ਭਾਜਪਾ ਨੇ ਮਹਿੰਗਾਈ ਤੇ ਕਿਸਾਨੀ ਦੇ ਮੁੱਦੇ ‘ਤੇ ਆਮ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਵਿਸਾਰ ਦਿੱਤਾ ਹੈ ਅਤੇ ਸਿਰਫ ਕਾਰਪੋਰੇਟਾਂ ਲਈ ਕੰਮ ਕਰ ਰਹੀ ਹੈ। ‘ਆਪ’ ਕੋਲ ਨਾ ਤਾਂ ਕੋਈ ਆਗੂ ਹੈ ਅਤੇ ਨਾ ਹੀ ਪੰਜਾਬ ਲਈ ਕੋਈ ਨੀਤੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਦਸ ਸਾਲ ਭਾਜਪਾ ਦੀ ਭਾਈਵਾਲੀ ਨਾਲ ਰਾਜ ਵਿਚ ਸਰਕਾਰ ਰਹੀ ਪਰ ਇਹ ਸਰਕਾਰ ਲੋਕਾਂ ਨਾਲੋਂ ਟੁੱਟੀ ਰਹੀ। ਇਸੇ ਕਾਰਨ ਅੱਜ ਇਸ ਪਾਰਟੀ ਨਾਲੋਂ ਲੋਕ ਟੁੱਟ ਗਏ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ, ਆਰਥਿਕ ਮੰਦੀ ਅਤੇ ਕੇਂਦਰ ਦੇ ਪੰਜਾਬ ਪ੍ਰਤੀ ਮਤਰੇਈ ਮਾਂ ਵਾਲੇ ਸਲੂਕ ਦੌਰਾਨ ਵੀ ਸੂਬੇ ਦੇ ਵਿਕਾਸ ਦੀ ਰਫ਼ਤਾਰ ਘੱਟਣ ਨਹੀਂ ਦਿੱਤੀ ਹੈ।
ਜਾਖੜ ਨੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਗੱਲ ਕਰਦਿਆਂ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਕੇਂਦਰ ਸਰਕਾਰ ਨੇ ਨਨਕਾਣਾ ਸਾਹਿਬ ਜਾਣ ਲਈ ਤਿਆਰ ਸਿੱਖ ਜਥੇ ਨੂੰ ਮਨਜ਼ੂਰੀ ਨਾ ਦੇ ਕੇ ਆਪਣੀ ਫਿਰਕੂ ਸੋਚ ਦਾ ਹੀ ਪ੍ਰਗਟਾਵਾ ਕੀਤਾ ਹੈ।
ਇਸ ਮੌਕੇ ਲਾਲ ਸਿੰਘ ਚੇਅਰਮੈਨ ਪੰਜਾਬ ਮੰਡੀ ਬੋਰਡ, ਕੈਪਟਨ ਸੰਦੀਪ ਸੰਧੂ, ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ।