ਜਥੇਦਾਰ ਬਣੇ ਦਾਦੂਵਾਲ ਹੁਣ ਪ੍ਰਧਾਨ ਬਣੇ; ਜਥੇਦਾਰੀ ਤੋਂ ਦਿੱਤਾ ਅਸਤੀਫਾ

10

ਪੰਥਕ ਸਫਾਂ ਵਿਚ ਲਗਾਤਾਰ ਸਰਗਰਮ ਰਹਿੰਦੇ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚ ਕੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੂੰ 2015 ਵਿਚ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ‘ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ। ਬੀਤੇ ਦਿਨੀਂ ਉਹਨਾਂ ਨੂੰ ਹਰਿਆਣਾ ਵਿਚ ਬਣੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਜਿਸ ਦੇ ਚਲਦਿਆਂ ਉਹਨਾਂ ਨੇ ਹੁਣ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਹੈ।

Italian Trulli

ਬਲਜੀਤ ਸਿੰਘ ਦਾਦੂਵਾਲ ਨੇ ਆਪਣਾ ਅਸਤੀਫਾ ਤਖ਼ਤ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਰੱਖਦਿਆਂ ਕਿਹਾ ਕਿ ਸਰਬੱਤ ਖਾਲਸਾ ਉਹਨਾਂ ਦੀ ਥਾਂ ਕਿਸੇ ਹੋਰ ਨੂੰ ਇਸ ਸੇਵਾ ਲਈ ਨਿਯੁਕਤ ਕਰ ਲਵੇ। ਜ਼ਿਕਰਯੋਗ ਹੈ ਕਿ ਬਰਗਾੜੀ ਮੋਰਚੇ ਦੌਰਾਨ ਹੀ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਦਰਮਿਆਨ ਆਪਸੀ ਵਿਰੋਧ ਸਾਹਮਣੇ ਆ ਗਏ ਸਨ। ਭਾਈ ਧਿਆਨ ਸਿੰਘ ਮੰਡ ਨੂੰ ਸਰਬੱਤ ਖਾਲਸਾ ਵਿਚ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਸੀ।

ਪੰਥਕ ਸਫਾਂ ਵਿਚ ਪ੍ਰਚਾਰਕ ਬਤੌਰ ਸੇਵਾਵਾਂ ਨਿਭਾਉਂਦੇ ਬਲਜੀਤ ਸਿੰਘ ਦਾਦੂਵਾਲ ਨੂੰ ਪਹਿਲਾਂ ਲੋਕ ਬਤੌਰ ਬਾਬਾ ਜੀ ਜਾਣਦੇ ਸਨ, ਪਰ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਇਕੱਠ ਵਿਚ ਜਥੇਦਾਰ ਵਜੋਂ ਨਿਯੁਕਤ ਹੋਣ ਤੋਂ ਚੰਦ ਮਿੰਟ ਪਹਿਲਾਂ ਬੜੇ ਨਾਟਕੀ ਅੰਦਾਜ਼ ਵਿਚ ਦਾਦੂਵਾਲ ਨੇ ਸਟੇਜ ਤੋਂ ਐਲਾਨ ਕੀਤਾ ਸੀ ਕਿ ਉਹਨਾਂ ਦੇ ਨਾਂ ਨਾਲ ਅੱਜ ਤੋਂ ਬਾਅਦ ਬਾਬਾ ਸ਼ਬਦ ਨਾ ਲਾਇਆ ਜਾਵੇ। ਉਸ ਤੋਂ ਬਾਅਦ ਜਥੇਦਾਰ ਬਣੇ ਬਲਜੀਤ ਸਿੰਘ ਦਾਦੂਵਾਲ ਹੁਣ ਪ੍ਰਧਾਨ ਵਜੋਂ ਜਾਣੇ ਜਾਣਗੇ।
ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ