28 C
Amritsar
Monday, May 29, 2023

ਛੇ ਮਹੀਨੇ, ਛੇ ਸੌ ਪੰਜਾਬੀਆਂ ਦੀ ਭੰਗ ਦੇ ਭਾੜੇ ਮੌਤ ਤੇ ਲੀਡਰਸ਼ਿਪ ਦੀਆਂ ਮਸ਼ਕਰੀਆਂ

Must read

ਪੰਜਾਬ ,26 ਮਈ (ਬੁਲੰਦ ਆਵਾਜ ਬਿਊਰੋ)  -ਅਸੀਂ ਛੇ ਨਹੀਂ ਸਗੋਂ ਅੱਠ ਮਹੀਨੇ ਪਹਿਲਾਂ ਹੀ ਪੋਸਟਾਂ ਪਾ ਕੇ ਰਵਾਇਤੀ ਕਾਮਰੇਡ ਭਾਰਤੀ ਕਿਸਾਨ ਯੂਨੀਅਨਾਂ ਤੇ ਇਨ੍ਹਾਂ ਦੀ ਨਕਾਰਾ ਲੀਡਰਸ਼ਿਪ ਤੇ ਉਦੋਂ ਈ ਸਵਾਲ ਕਰਨੇ ਸ਼ੁਰੂ ਕੀਤੇ ਸੀ ਜਿੱਦਣ ਮੋਦੀ ਕਿਆਂ ਵੱਲੋਂ ਰੇਲਾਂ ਰੋਕਣ ਪਿਛੋਂ ਇਨ੍ਹਾਂ ਨੇ ਰੇਲਵੇ ਲਾਇਨਾਂ ਤੋਂ ਧਰਨੇ ਚੁੱਕੇ ਤੇ ਸਰਕਾਰ ਦੇ ਤਰਲੇ ਮਾਰੇ ਕਿ “ਰੇਲਾਂ ਚਲਾਉ”। ਇਹ ਮੁੱਢੋਂ ਈ ਕਮਜੋਰ ਤੇ ਸਰਕਾਰ ਨਾਲ ਰਲ ਕੇ ਖੇਡਣ ਵਾਲੇ ਬਸ਼ਰ ਨੇ।
32 ਕਿਸਾਨ ਯੂਨੀਅਨਾਂ ਤੇ ਇਨ੍ਹਾਂ ਦੇ ਆਗੂਆਂ ਦਾ ਆਪੋ ਆਪਣਾ ਇਤਿਹਾਸ ਹੈ। ਇਨ੍ਹਾਂ ਚੋਂ ਕੁਝ ਇਕ ਖੱਬੇ ਪੱਖੀ ਅੱਤਵਾਦੀ ਵਿਚਾਰਧਾਰਾ ਨਾਲ ਸਬੰਧਤ ਨਕਸਲੀ ਪਾਰਟੀਆਂ ਹਨ ਜੋ ਕਿਸਾਨੀ ਦੇ ਭੇਸ ‘ਚ ਵਿਚਰਦੀਆਂ ਹਨ। ਇਨ੍ਹਾਂ ਦਾ ਅਧਾਰ ਖਿੰਡਿਆ ਪੁੰਡਿਆ ਹੋਣ ਕਰਕੇ ਕਦੇ ਵੀ ਵੋਟ ਦੀ ਰਾਜਨੀਤੀ ਜਾਂ ਸਮਾਜ ਤੇ ਕੋਈ ਹੋਰ ਪ੍ਰਭਾਵ ਨਹੀਂ ਬਣਾ ਸਕੀਆਂ। ਇਹਨਾਂ ਪਾਰਟੀਆਂ ਦੀ ਕਿਸਾਨੀ ਨਾਲ ਵਚਨਬੱਧਤਾ ਵੀ ਵਾਢੀ ਪਿਛੋਂ ਉਗਰਾਹੀ ਵੇਲੇ ਪ੍ਰਗਟ ਹੁੰਦੀ ਹੈ। ਇਨ੍ਹਾਂ ਨੇ ਮਾਲਵੇ ‘ਚ ਪਿੰਡ ਪੱਧਰ ਤੇ ਨਿਕੇ ਨਿਕੇ ਘੜੰਮ ਚੌਧਰੀ ਪੈਦਾ ਕੀਤੇ ਨੇ, ਜੋ ਕਾਰ ਸੇਵਾ ਵਾਲੇ ਬਾਬਿਆਂ ਦੇ ਬਰਾਬਰ ਆਪਣੀ ਉਗਰਾਹੀ ਦਾ ਧੰਦਾ ਖੜਾ ਕਰਨ ਲਈ ਸਿੱਖ ਸੰਸਥਾਵਾਂ ਦੀ ਮੁਖਾਲਫਤ ਕਰਦੇ ਰਹਿੰਦੇ ਹਨ।
ਨਕਸਲੀਆਂ ਤੋਂ ਇਲਾਵਾ ਕਾਮਰੇਡਾਂ ਦੀਆਂ ਹੋਰ ਪਾਰਟੀਆਂ ਦੀਆਂ ਯੂਨੀਅਨਾਂ ਹਨ ਜਿਨ੍ਹਾਂ ਦੇ ਬਹੁਤੇ ਲੀਡਰ ਖਾੜਕੂਵਾਦ ਦੇ ਸਮੇਂ ਦੌਰਾਨ ਸਰਕਾਰ ਲਈ ਮੁਖਬਰੀਆਂ ਤੇ ਪੁਲਿਸ ਨਾਲ ਰਲ ਕੇ ਝੂਠੇ ਮੁਕਾਬਲਿਆਂ ਨੂੰ ਅੰਯਾਮ ਦਿੰਦੇ ਰਹੇ ਨੇ। ਇਨ੍ਹਾਂ ਦਾ ਸਰਕਾਰੇ ਦਰਬਾਰੇ ਹੁਣ ਵੀ ਬਹੁਤ ਮਾਣ ਤਾਣ ਹੈ ਤਾਂ ਹੀ ਬਿਨਾਂ ਲੋਕ ਅਧਾਰ ਦੇ ਸਰਕਾਰ ਨੇ ਇਨ੍ਹਾਂ ਨੂੰ 32 ਜਥੇਬੰਦੀਆਂ ‘ਚ ਸ਼ਾਮਲ ਕਰਕੇ ਬਿਨਾਂ ਲੋਕ ਅਧਾਰ ਦੇ ਗੱਲਬਾਤ ਲਈ ਨਾਲ ਬਿਠਾਇਆ।
ਇਸ ਤੋਂ ਇਲਾਵਾ ਅਕਾਲੀ ਦਲ ਤੇ ਕਾਂਗਰਸ ਦੀਆਂ ਲੱਖੋਵਾਲ ਤੇ ਰਾਜੇਵਾਲ/ਡੱਲੇਵਾਲ ਕ੍ਰਮਵਾਰ ਯੂਨੀਅਨਾਂ ਹਨ। 32ਆਂ ਵਿਚ ਪੰਜ ਛੇ ਯੂਨੀਅਨਾਂ ਉਹ ਨੇ ਜਿਨ੍ਹਾਂ ਦਾ ਕੱਲਾ ਪ੍ਰਧਾਨ ਈ ਏ, ਪਰ ਸਰਕਾਰ ਨੇ ਕਿਸੇ ਅਗਾਊ ਪ੍ਰਬੰਧ ਤਹਿਤ ਕਿਸਾਨਾਂ ਦੇ ਸਿਰ ‘ਤੇ ਬਿਠਾ ਦਿੱਤੇ।
ਖੈਰ! ਇਹ ਪੰਜਾਬ ਦੀ ਨੌਜਵਾਨੀ ਦਾ ਭਾਰਤੀ ਪ੍ਰਬੰਧ ਖਿਲਾਫ ਪਲ ਰਹੇ ਗੁੱਸੇ ਦੇ ਰਿਸਾਅ ਦਾ ਮੌਕਾ ਸੀ। ਇਹ ਮੌਕਾ ਪਹਿਲੀ ਵਾਰ ਨਹੀਂ ਬਣਿਆ ਸਗੋ 2008 ‘ਚ ਡੇਰਾ ਸਿਰਸਾ ਦੇ ਖਿਲਾਫ, ਭਾਈ ਰਾਜੋਆਣੇ ਦੇ ਹੱਕ ‘ਚ, ਬਰਗਾੜੀ ਤੇ ਸਰਬੱਤ ਖਾਲਸਾ ਮੌਕੇ ਵੀ ਪ੍ਰਗਟ ਹੁੰਦਾ ਰਿਹਾ ਹੈ।
ਇਹ ਕੋਰਾ ਝੂਠ ਹੈ ਕਿ ਇਸ ਉਭਾਰ ਲਈ ਕਿਸਾਨ ਯੂਨੀਅਨਾਂ ਦੀ ਕੋਈ 40 ਸਾਲ ਦੀ ਮਿਹਨਤ ਸੀ ਜਾਂ ਤਜਰਬਾ ਸਗੋਂ ਇਹ ਪੰਜਾਬ ਦੇ ਸਿੱਖ ਨੌਜਵਾਨ ਦੇ ਅੰਦਰ ਦੀ ਬੇਚੈਨੀ ਹੈ ਜੋ ਸਮੇਂ ਸਮੇਂ ਤੇ ਜਾਹਰ ਹੋਣ ਲਈ ਮੌਕਾ ਭਾਲਦੀ ਹੈ। ਸਰਕਾਰੀ ਤੰਤਰ ਤੇ ਉਸ ਦੇ ਸਾਜੇ ਵਿਆਖਿਆਕਾਰ ਜਾਣ ਬੁੱਝ ਕੇ ਕੁਫਰ ਫੈਲਾ ਰਹੇ ਨੇ ਕਿ ਇਹ ਉਭਾਰ ਕਿਸਾਨ ਯੂਨੀਅਨਾਂ ਦੀ ਚਾਲੀ ਸਾਲ ਦੀ ਮਿਹਨਤ ਦਾ ਨਤੀਜਾ ਹੈ।
ਅਸੀਂ ਸਮੇਂ ਸਮੇਂ ਤੇ ਹਰ ਪ੍ਰੋਗਰਾਮ ਬਾਰੇ ਆਪਣੀ ਰਾਇ ਰੱਖੀ ਤੇ ਪੰਜਾਬੀਆਂ ਨੂੰ ਵਾਰ ਵਾਰ ਅਪੀਲ ਕੀਤੀ ਕਿ ਕਿਸਾਨ ਯੂਨੀਅਨਾਂ ਦੀ ਲੀਡਰਸ਼ਿਪ ਜਿਸ ਵਿਚ ਬਹੁਗਿਣਤੀ ਆਗੂ ਆਪੋ ਆਪਣੀ ਸਿਆਸਤ ਕੱਢਣ ਲਈ ਸ਼ੁਮਾਰ ਨੇ, ਜੋ ਸਿੱਖ ਨੌਜਵਾਨੀ ਦੇ ਮੋਢੇ ਚੜ੍ਹ ਕੇ ਦਿੱਲੀ ਪੁੱਜੇ ਹਨ।
ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਿੱਖ ਸਿਆਸਤ ਵਿਚ ਨਕਾਰਾ ਹੋ ਚੁੱਕੀਆਂ ਤੇ ਨੁਕਰੇ ਲੱਗੀਆਂ ਸਾਰੀਆਂ ਧਿਰਾਂ ਵੀ ਨੌਜਵਾਨੀ ਦੇ ਇਸ ਤਾਜੇ ਉਭਾਰ ਨੂੰ ਆਪਣੇ ਹਿੱਤ ਵਰਤਣ ਲਈ ਹੁੰਮ ਹੁਮਾ ਕੇ ਦਿੱਲੀ ਪਹੁੰਚੀਆਂ ਤੇ ਕਾਮਰੇਡ ਤੇ ਕਾਂਗਰਸੀ ਸੁਭਾਅ ਵਾਲੇ ਯੂਨੀਅਨ ਆਗੂਆਂ ਦੀ ਜੀ ਹਜੂਰੀ ਤੋਂ ਵੱਧ ਕੇ ਉਨ੍ਹਾਂ ਦੇ ਕੋਹਜ ਤੇ ਪੜ੍ਹਦੇ ਪਾਉਣ ਲੱਗੀਆਂ।
ਧਰਮ ਦੀ ਮੁਖਾਲਫਤ ‘ਚ ਕਾਣੇ ਹੋਏ ਕਾਮਰੇਡ/ਕਾਂਗਰਸੀ ਯੂਨੀਅਨਾਂ ਵਾਲੇ ਸੰਗਤ ਦਾ ਇਕੱਠ ਵੇਖ ਕੇ ਬਿਲਕੁਲ ਅੰਨੇ ਹੋ ਗਏ ਤੇ ਨਫਰਤੀ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ। ਸੰਗਤਾਂ ਸਟੇਜ ਤੋਂ ਹੁੰਦੇ ਨਫਰਤੀ ਪ੍ਰਵਚਨ ਨੂੰ ਅਣਸੁਣਿਆ ਕਰਕੇ ਦਿੱਲੀ ਨੂੰ ਆਪਣੀ ਹੋਂਦ ਹਸਤੀ ਬਾਰੇ ਦੱਸਣ ਲਈ ਚੁੱਪ ਰਹੀਆਂ ਤੇ 26 ਤਰੀਕ ਨੂੰ ਯੂਨੀਅਨਾਂ ਦੇ ਦਿੱਤੇ ਦਿੱਲੀ ਤੋਂ ਬਾਹਰ ਵੱਲ ਦੇ ਟਰੈਕਟਰ ਮਾਰਚ ਦੇ ਪ੍ਰੋਗਰਾਮ ਨੂੰ ਦਰਕਿਨਾਰ ਕਰਕੇ ਆਪ ਮੁਹਾਰੇ ਲਾਲ ਕਿਲੇ ਵੱਲ ਹੋ ਤੁਰੀਆਂ।
ਪੁਲਸ ਦੀਆਂ ਰੋਕਾਂ ਤੋੜਦੇ ਲਾਲ ਕਿਲੇ ਤੇ ਪੁੱਜ ਕੇ ਉਥੇ ਟਿਕਾਣਾ ਕੀਤਾ। ਆਪਣੀ ਆਮਦ ਦੱਸਣ ਲਈ ਨਿਸ਼ਾਨ ਸਾਹਿਬ ਝੁਲਾ ਦਿੱਤੇ। ਦਰੀਆਂ ਵਿਛਾ ਕੇ ਬੈਠ ਗਏ ਅਤੇ ਲੀਡਰਸ਼ਿਪ ਨੂੰ ਮਿੰਨਤਾਂ ਕਰਨ ਲੱਗੇ ਕਿ ਹੁਣ ਅਗਲਾ ਮੋਰਚਾ ਲਾਲ ਕਿਲੇ ਤੋਂ ਚਾਲੂ ਕਰੋ।
ਨੌਜਵਾਨੀ ਦੇ ਪਿਛੇ ਪਿਛੇ ਮੌਕਾਪ੍ਰਸਤ ਲੀਡਰਸ਼ਿਪ ਲਾਲ ਕਿਲੇ ਪਹੁੰਚ ਕੇ ਵੀ ਆਪਣੀ ਕਮਜੋਰੀ ਕਾਰਨ ਉਥੇ ਖਲੋ ਨਾ ਸਕੀ ਤੇ ਗੋਦੀ ਮੀਡੀਆ ਦੇ ਪ੍ਰਵਚਨ ਨਾਲ ਹੋ ਤੁਰੇ। ਨੌਜਵਾਨਾਂ ਦੀ ਪਿੱਠ ਤੇ ਵਾਰ ਕਰਕੇ “ਸਰਦਾਰ ਨਹੀਂ ਗਦਾਰ” ਦੇ ਨਾਹਰੇ ਦਿੱਤੇ। ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੀਆਂ ਤਸਵੀਰਾਂ ਮੀਡੀਆ ਤੇ ਪੁਲਿਸ ਨੂੰ ਦਿੱਤੀਆਂ। ਯੋਗਿੰਦਰ ਯਾਦਵ ਨੇ ਭਾਜਪਾ ਦੀ ਕਾਤਲ ਭੀੜਾਂ ਦੀ ਤਰਫਦਾਰੀ ਕੀਤੀ ਤੇ ਭਾਈ ਰਣਜੀਤ ਸਿੰਘ ਨਾ ਦੇ ਨੌਜਵਾਨ ਤੇ ਪੁਲਿਸ ਤਸ਼ੱਦਦ ਦਾ ਭਾਗੀਦਾਰ ਬਣਿਆ।
ਯੂਨੀਅਨਾਂ ਦੀ ਲੀਡਰਸ਼ਿਪ ਨੇ ਧਰਨੇ ਦਾ ਲੱਕ ਤੋੜ ਦਿੱਤਾ। ਪਿਛਲੇ ਛੇ ਮਹੀਨਿਆਂ ਵਿਚ ਇਕ ਨਿਗੂਣੀ ਪ੍ਰਾਪਤੀ ਨਾ ਕੀਤੀ ਸਗੋਂ ਆਪਣੇ ਲੋਕਾਂ ਨੂੰ ਜਲੀਲ ਕੀਤਾ ਤੇ ਮਾਰ ਪਵਾਈ। ਛੇ ਸੌ ਦੇ ਕਰੀਬ ਗਰੀਬ ਕਿਸਾਨ ਜਿਨ੍ਹਾਂ ਵਿਚੋ ਕਈ ਕੱਚੀ ਉਮਰ ਦੇ ਮੁੰਡੇ ਸੀ। ਜਿਹੜੇ ਘਰ ਬਰਬਾਦ ਹੋਏ ਉਨ੍ਹਾਂ ਲਈ ਕੌਣ ਜੁੰਮੇਵਾਰ ਹੈ ?
26 ਜਨਵਰੀ ਤੋਂ ਪਹਿਲਾਂ ਤੇ ਮਗਰੋਂ ਕਰੋੜਾਂ ਰੁਪਈਆ ਹਜਮ ਕਰਕੇ ਵੀ ਸਿਰਫ ਉਗਰਾਹੀਆਂ ਤੇ ਜੋਰ ਰੱਖਿਆ ਹੋਇਆ। ਸਭ ਕੁਝ ਉਜੜ ਜਾਣ ਪਿਛੋ ਵੀ ਧਰਨੇ ਦੀ ਬੇਸ਼ਰਮ ਲੀਡਰਸ਼ਿਪ 2022 ਦੀਆਂ ਚੋਣਾਂ ਦੀ ਤਿਆਰੀ ਕਰਨ ਦੇ ਨਾਹਰੇ ਦੇ ਰਹੀ ਹੈ। ਅੱਜ ਦੇ ਦਿਨ ਨੂੰ ਕਾਲਾ ਬਣਾਉਣ ਲਈ ਇਨ੍ਹਾਂ ਯੂਨੀਅਨਾਂ ਦੇ ਆਪਹੁਦਰੇ ਆਗੂਆਂ ਦਾ ਵੱਡਾ ਯੋਗਦਾਨ ਹੈ।

- Advertisement -spot_img

More articles

- Advertisement -spot_img

Latest article