ਕੈਂਸਰ ਇੰਸਟੀਚਿਊਟ ਨੂੰ ਦੋ ਮਹੀਨਿਆਂ ਵਿੱਚ ਕੀਤਾ ਜਾਵੇਗਾ ਮੁਕੰਮਲ – ਸੋਨੀ
ਅੰਮ੍ਰਿਤਸਰ 12 ਜੁਲਾਈ (ਗਗਨ) – ਸਰਕਾਰੀ ਮੈਡੀਕਲ ਕਾਲਜ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਵਲੋਂ ਆਪਣੇ ਨਿਵਾਸ ਸਥਾਨ ਵਿਖੇ ਰੀਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਪ੍ਰਿੰਸੀਪਲ ਮੈਡੀਕਲ ਕਾਲਜ ਡਾ: ਰਜੀਵ ਦੇਵਗਨ, ਸੁਪਰਡੈਂਟ ਡਾ. ਕੇ.ਡੀ. ਸਿੰਘ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਕਸੀਐਨ ਸੁਖਚੈਨ ਸਿੰਘ, ਐਸ.ਡੀ.ਓ. ਗੁਰਬਚਨ ਸਿੰਘ ਸਿੱਧੂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਠੇਕੇਦਾਰ ਹਾਜ਼ਰ ਸਨ।
ਸ੍ਰੀ ਸੋਨੀ ਨੇ ਮੈਡੀਕਲ ਕਾਲਜ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਦਿਆਂ ਦੱਸਿਆ ਕਿ ਅੰਮ੍ਰਿਤਸਰ ਵਿਖੇ 120 ਕਰੋੜ ਰੁਪਏ ਦੀ ਲਾਗਤ ਨਾਲ ਸਟੈਟ ਕੈਂਸਰ ਇੰਸਟੀਚਿਊਟ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਦਾ 85 ਫੀਸਦੀ ਤੋਂ ਜਿਆਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਉਨਾਂ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ਵਿੱਚ ਹਦਾਇਤ ਕੀਤੀ ਕਿ ਆਉਂਦੇ 2 ਮਹੀਨੇ ਦੇ ਅੰਦਰ ਅੰਦਰ ਕੈਂਸਰ ਇੰਸਟੀਚਿਊਟ ਦਾ ਕੰਮ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਪੀ:ਜੀ:ਆਈ ਜਾਂ ਦਿੱਲੀ ਜਾਣ ਦੀ ਕੋਈ ਜਰੂਰਤ ਨਹੀਂ ਪਵੇਗੀ। ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਆਧੁਨਿਕ ਮਸ਼ੀਨਾਂ ਸਥਾਪਤ ਕੀਤੀਆਂ ਜਾਣਗੀਆਂ ਅਤੇ ਹਰ ਕਿਸਮ ਦੇ ਟੈਸਟ ਕਰਨ ਦੀ ਵਿਵਸਥਾ ਵੀ ਹੋਵੇਗੀ। ਸ਼੍ਰੀ ਸੋਨੀ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੈਡੀਕਲ ਕਾਲਜ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇ ਅੰਦਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਵਿਚ ਕਿਸੇ ਕਿਸਮ ਦੀ ਢਿੱਲ ਮਿੱਠ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੋਨੀ ਨੇ ਕਿਹਾ ਕਿ ਮੈਡੀਕਲ ਕਾਲਜ ਵਿਖੇ ਐਮ:ਬੀ:ਬੀ:ਐਸ ਦੀਆਂ 150 ਤੋਂ ਵਧਾ ਕੇ 200 ਸੀਟਾਂ ਹੋਣ ਤੇ ਨਵਾਂ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਬੁਨਿਆਦੀ ਢਾਂਚੇ ਵਿੱਚ 4 ਲੈਕਚਰ ਹਾਲ, 3 ਅਕਜਾਮੀਨੇਸ਼ਨ ਹਾਲ ਅਤੇ ਇਕ ਮੈਡੀਕਲ ਸਿਖਿਆ ਯੂਨਿਟ ਵੀ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਤੇ 25.19 ਕਰੋੜ ਰੁਪਏ ਖਰਚ ਆਉਣਗੇ। ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ ਵਿਖੇ 50 ਬੈਡਾਂ ਵਾਲਾ ਇਕ ਨਵਾਂ ਹੋਸਟਲ ਜਿਸ 10.31 ਕਰੋੜ ਰੁਪਏ, 8 ਨਵੇਂ ਮੈਡੀਕਲ ਯੂਨਿਟ ਜਿਸ ਤੇ 17.48 ਕਰੋੜ ਰੁਪਏ ਅਤੇ ਆਪਰੇਸ਼ਨ ਥੀਏਟਰ ਲਈ ਨਵਾਂ ਏ:ਸੀ ਪਲਾਂਟ ਜਿਸ ਤੇ 5.50 ਕਰੋੜ ਰੁਪਏ ਖਰਚ ਆਉੋਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੈਡੀਕਲ ਕਾਲਜ ਵਿਖੇ ਹੋਰ ਵੀ ਕਈ ਨਵੇਂ ਪ੍ਰਾਜੈਕਟ ਚੱਲ ਰਹੇ ਹਨ।
ਸ੍ਰੀ ਸੋਨੀ ਨੇ ਦੱਸਿਆ ਕਿ ਮੈਡੀਕਲ ਕਾਲਜ ਨੂੰ ਅਪਗਰੇਡੇਸ਼ਨ ਕਰਨ ਲਈ 60.35 ਕਰੋੜ ਰੁਪਏ ਵੱਖ ਵੱਖ ਵਿਕਾਸ ਕਾਰਜਾਂ ਲਈ ਖਰਚੇ ਜਾ ਰਹੇ ਹਨ ਜਿੰਨਾਂ ਵਿੱਚ ਲੜਕੇ ਤੇ ਲੜਕੀਆਂ ਲਈ ਹੋਸਟਲ, ਮਲਟੀਲੈਵਲ ਪਾਰਕਿੰਗ, ਟਰੋਮਾ ਸੈਂਟਰ ਅਤੇ ਬੇਬੇ ਨਾਨਕੀ ਬਲਾਕ ਦੀ ਰਿਪੇਅਰ ਤੇ ਇਸ ਤੋਂ ਇਲਾਵਾ ਪੈਥੋਲੋਜੀ, ਮਾਈਕਰੋਲੋਜੀ, ਫਾਰਮੇਸੀ ਅਤੇ ਅੱਖਾਂ ਤੇ ਕੰਨਾਂ ਦੇ ਹਸਪਤਾਲ ਦੀ ਰਿਪੇਅਰ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ ਦੇ ਗਰੁੱਪ ਸੀ ਅਤੇ ਗਰੁੱਪ ਡੀ ਮੁਲਾਜਮਾਂ ਲਈ 50 ਨਵੇਂ ਕੁਵਾਟਰ ਵੀ ਉਸਾਰੇ ਜਾ ਰਹੇ ਹਨ ਜਿਸ ਤੇ 8.50 ਕਰੋੜ ਰੁਪਏ ਖਰਚ ਆਉਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 215 ਲੜਕਿਆਂ ਲਈ ਇਕ ਨਵਾਂ ਹੋਸਟਲ ਵੀ ਉਸਾਰਿਆ ਜਾ ਰਿਹਾ ਹੈ ਜਿਸ ਤੇ 16.50 ਕਰੋੜ ਰੁਪਏ, ਖੇਡਾਂ ਦੇ ਵਿਕਾਸ ਲਈ 2.29 ਕਰੋੜ ਰੁਪਏ ਅਤੇ ਵਾਰਡਨ ਹਾਊਸ ਅਤੇ ਹੋਸਟਲ ਲਈ 70 ਲੱਖ ਰੁਪਏ ਖਰਚ ਆਉਣਗੇ।