ਚੰਡੀਗੜ੍ਹ, 27 ਜੂਨ (ਬੁਲੰਦ ਆਵਾਜ ਬਿਊਰੋ) – ਬੀਤੇ ਦਿਨ ‘ਖੇਤੀ ਬਚਾਓ, ਲੋਕਤੰਤਰ ਬਚਾਓ’ ਦੇ ਨਾਂ ’ਤੇ ਕੱਢੀ ਗਈ ਰੈਲੀ ਦੌਰਾਨ ਕਿਸਾਨਾਂ ਨੂੰ ਭੜਕਾਉਣ ਦੇ ਦੋਸ਼ ਹੇਠ ਚੰਡੀਗੜ੍ਹ ਪੁਲਿਸ ਨੇ ਲੱਖਾ ਸਿਧਾਣਾ, ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪਸਿੰਘ ਵਾਲਾ, ਪੰਜਾਬੀ ਗਾਇਕ ਜੱਸ ਬਾਜਵਾ ਤੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਲੱਖਾ ਸਿਧਾਣਾ ਤੇ ਕਿਸਾਨ ਆਗੂ ਰਜਿੰਦਰ ਸਿੰਘ ਦੀਪਸਿੰਘ ਵਾਲਾ ਵਿਰੁੱਧ ਆਈਪੀਸੀ ਧਾਰਾ 186, 188, 332, 353, 147, 148 ਅਤੇ 149 ਤਹਿਤ ਚੰਡੀਗੜ੍ਹ ਦੇ ਸੈਕਟਰ-17 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਪੰਜਾਬੀ ਗਾਇਕ ਜੱਸ ਬਾਜਵਾ ਅਤੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਵਿਰੁੱਧ ਵੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਦੱਸ ਦੇਈਏ ਕਿ ਦਿੱਲੀ ਮੋਰਚੇ ਦੇ 7 ਮਹੀਨੇ ਪੂਰੇ ਹੋਣ ਮੌਕੇ ਕਿਸਾਨਾਂ ਵੱਲੋਂ 26 ਜੂਨ ਤੋਂ ਦੇਸ਼ ਭਰ ਵਿੱਚ ‘ਖੇਤੀ ਬਚਾਉ, ਲੋਕਤੰਤਰ ਬਚਾਉ’ ਸੰਘਰਸ਼ ਵਿੱਢਿਆ ਗਿਆ ਹੈ, ਜਿਸ ਤਹਿਤ ਪੰਜਾਬ ਅਤੇ ਹਰਿਆਣਾ ਸਣੇ ਵੱਖ-ਵੱਖ ਸੂਬਿਆਂ ਦੇ ਰਾਜਪਾਲਾਂ ਨੂੰ ਰਾਸ਼ਟਰਪਤੀ ਦੇ ਨਾਮ ’ਤੇ ਮੰਗ ਪੱਤਰ ਸੌਂਪੇ ਗਏ।
ਬੀਤੇ ਦਿਨ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਜਦੋਂ ਚੰਡੀਗੜ੍ਹ ਵੱਲ ਵਧੇ ਤਾਂ ਉਨ੍ਹਾਂ ’ਤੇ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੌਛਾੜਾਂ ਮਾਰੀਆਂ ਤੇ ਲਾਠੀਚਾਰਜ ਕੀਤਾ, ਪਰ ਇਸ ਦੇ ਬਾਵਜੂਦ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵੱਧ ਗਏ। ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਕੁਲਦੀਪ ਸਿੰਘ ਦੀ ਅਗਵਾਈ ਹੇਠ ਵੱਧ ਰਹੇ ਜੱਥੇ ’ਤੇ ਪੁਲਿਸ ਨੇ ਜ਼ੋਰਦਾਰ ਲਾਠੀਚਾਰਜ ਕੀਤਾ ਅਤੇ ਜਲ ਤੋਪਾਂ ਨਾਲ ਪਾਣੀ ਦੀਆਂ ਬੁਛਾੜਾਂ ਮਾਰੀਆਂ। ਰੋਹ ਵਿੱਚ ਆਏ ਕਿਸਾਨ ਜਲ ਤੋਪਾਂ ਵਾਲੀਆਂ ਗੱਡੀਆਂ ’ਤੇ ਚੜ੍ਹ ਗਏ ਅਤੇ ਕਿਸਾਨਾਂ ਨੂੰ ਖਿੰਡਾਉਣ ਲਈ ਦਾਗਿਆ ਜਾ ਰਿਹਾ ਪਾਣੀ ਬੰਦ ਕਰ ਦਿੱਤਾ। ਕਿਸਾਨਾਂ ਨੇ ਚੰਡੀਗੜ੍ਹ ਪੁਲਿਸ ਦੇ ਬੈਰੀਕੇਡ ਤੋੜਦੇ ਹੋਏ ਅੱਗੇ ਵੱਧ ਕੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ। ਲੱਖਾ ਸਿਧਾਣਾ, ਪੰਜਾਬੀ ਗਾਇਕ ਜੱਸ ਬਾਜਵਾ, ਅਦਾਕਾਰਾ ਸੋਨੀਆ ਮਾਨ ਵੀ ਕਿਸਾਨ ਰੈਲੀ ਵਿੱਚ ਸ਼ਾਮਲ ਸਨ। ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਭੜਕਾਉਣ ਅਤੇ ਪੁਲਿਸ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ ਇਨ੍ਹਾਂ ਸਾਰਿਆਂ ਵਿਰੁੱਧ ਕਾਰਵਾਈ ਕੀਤੀ। ਦੱਸ ਦੇਈਏ ਕਿ ਲੱਖਾ ਸਿਧਾਣਾ ’ਤੇ 26 ਜਨਵਰੀ ਦੀ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਵੀ ਮਾਮਲੇ ਦਰਜ ਕੀਤੇ ਗਏ ਸਨ ਅਤੇ ਇੱਕ ਦਿਨ ਪਹਿਲਾਂ ਹੀ ਪੁਲਿਸ ਨੇ ਉਸ ਦੀ ਗ੍ਰਿਫਤਾਰੀ ’ਤੇ ਰੋਕ ਲਾਈ ਸੀ।