‘ਚੰਡੀਗੜ੍ਹੀਏ’ ਕ੍ਰਿਕੇਟਰ ਜਸਕਰਨ ਨੇ 6 ਗੇਂਦਾਂ ’ਚ ਲਾਏ 6 ਛੱਕੇ, ਵਨਡੇ ’ਚ ਗਿਬਜ਼ ਤੋਂ ਬਾਅਦ ਦੂਜਾ ਖਿਡਾਰੀ

155

ਚੰਡੀਗੜ੍ਹ, 10 ਸਤੰਬਰ (ਬੁਲੰਦ ਆਵਾਜ ਬਿਊਰੋ) – ਭਾਰਤੀ ਮੂਲ ਦੇ ਅਮਰੀਕੀ ਕ੍ਰਿਕੇਟਰ ਜਸਕਰਨ ਮਲਹੋਤਰਾ ਨੇ ਇਤਿਹਾਸ ਰਚ ਦਿੱਤਾ ਹੈ। ਚੰਡੀਗੜ੍ਹ ਦੇ ਜੰਮਪਲ ਜਸਕਰਨ ਨੇ ਵੀਰਵਾਰ ਨੂੰ ਪਾਪੁਆ ਨਿਊ ਗਿਨੀ ਖਿਲਾਫ ਸੀਰੀਜ਼ ਦੇ ਦੂਜੇ ਵਨਡੇ ਮੈਚ ਵਿੱਚ ਇੱਕ ਓਵਰ ਵਿੱਚ ਛੇ ਛੱਕੇ ਲਾਏ। ਜਸਕਰਨ ਨੇ ਦਰਮਿਆਨੇ ਤੇਜ਼ ਗੇਂਦਬਾਜ਼ ਗੌਡੀ ਟੋਕਾ ਦੀਆਂ ਸਾਰੀਆਂ ਛੇ ਗੇਂਦਾਂ ਨੂੰ ਮੈਚ ਦੇ 50ਵੇਂ ਓਵਰ ਵਿੱਚ ਬਾਊਂਡਰੀ ਤੋਂ ਪਾਰ ਭੇਜਿਆ। 31 ਸਾਲਾ ਜਸਕਰਨ ਨੇ 124 ਗੇਂਦਾਂ ਵਿੱਚ 16 ਛੱਕਿਆਂ ਅਤੇ 4 ਚੌਕਿਆਂ ਦੀ ਮਦਦ ਨਾਲ 173 ਦੌੜਾਂ ਦੀ ਨੌਟ ਆਊਟ ਪਾਰੀ ਖੇਡੀ। ਇਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿਚ ਕਿਸੇ ਅਮਰੀਕੀ ਬੱਲੇਬਾਜ਼ ਦਾ ਇਹ ਪਹਿਲਾ ਸੈਂਕੜਾ ਸੀ। ਇਸ ਤੋਂ ਪਹਿਲਾਂ ਸਾਲ 2019 ਵਿੱਚ, ਲੌਰੇਨ ਜੋਨਸ ਯੂਏਈ ਦੇ ਵਿਰੁੱਧ 95 ਦੌੜਾਂ ਬਣਾਉਣ ਵਿੱਚ ਸਫਲ ਰਹੇ ਸਨ। ਜਸਕਰਨ ਇੱਕ ਪਾਰੀ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ ਵਿੱਚ ਸੰਯੁਕਤ ਰੂਪ ਵਿੱਚ ਨੰਬਰ ਦੋ ਉੱਤੇ ਪਹੁੰਚ ਗਏ ਹਨ। ਈਓਨ ਮੌਰਗਨ ਦੇ ਨਾਂਅ ਇੱਕ ਮੈਚ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਹੈ। ਮੋਰਗਨ ਨੇ ਅਫਗਾਨਿਸਤਾਨ ਖਿਲਾਫ 2019 ਦੇ ਵਿਸ਼ਵ ਕੱਪ ਵਿੱਚ 17 ਛੱਕੇ ਲਗਾਏ।

Italian Trulli

ਜਸਕਰਨ ਇਸ ਪ੍ਰਾਪਤੀ ਨੂੰ ਹਾਸਲ ਕਰਨ ਵਾਲੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਦੇ ਇਤਿਹਾਸ ਵਿੱਚ ਸਿਰਫ ਦੂਜੇ ਬੱਲੇਬਾਜ਼ ਹਨ। ਦੱਖਣੀ ਅਫਰੀਕਾ ਦੇ ਹਰਸ਼ੇਲ ਗਿਬਜ਼ ਨੇ 2007 ਦੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਇੱਕ ਓਵਰ ਵਿੱਚ 36 ਦੌੜਾਂ ਬਣਾ ਕੇ ਇਹ ਉਪਲਬਧੀ ਹਾਸਲ ਕੀਤੀ ਸੀ। ਗਿਬਜ਼ ਨੇ ਨੀਦਰਲੈਂਡ ਦੇ ਗੇਂਦਬਾਜ਼ ਡੈਨ ਵੈਨ ਬੰਜ ਦੇ ਓਵਰ ਦੀਆਂ ਸਾਰੀਆਂ 6 ਗੇਂਦਾਂ ਵਿੱਚ ਛੱਕੇ ਲਗਾਏ। ਜਸਕਾਨ ਮਲਹੋਤਰਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਓਵਰ ਵਿੱਚ ਛੇ ਛੱਕੇ ਲਗਾਉਣ ਵਾਲੇ ਚੌਥੇ ਬੱਲੇਬਾਜ਼ ਹਨ। ਯੁਵਰਾਜ ਸਿੰਘ ਨੇ 2007 ਦੇ ਟੀ-20 ਵਿਸ਼ਵ ਕੱਪ ਦੌਰਾਨ ਇੰਗਲੈਂਡ ਖਿਲਾਫ ਇੱਕ ਓਵਰ ਵਿੱਚ ਛੇ ਛੱਕੇ ਮਾਰੇ ਸਨ। ਫਿਰ ਇਸ ਭਾਰਤੀ ਆਲਰਾਊਂਡਰ ਨੇ ਗਰੁੱਪ ਮੈਚ ਦੌਰਾਨ ਸਟੂਅਰਟ ਬਰਾਡ ਦੇ ਇੱਕ ਓਵਰ ਵਿੱਚ 36 ਦੌੜਾਂ ਬਣਾਈਆਂ ਸਨ। ਵੈਸਟਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਨੇ ਵੀ ਇਸ ਸਾਲ ਸ਼੍ਰੀਲੰਕਾ ਖਿਲਾਫ ਟੀ-20 ਅੰਤਰਰਾਸ਼ਟਰੀ ਵਿੱਚ ਇਹ ਕਾਰਨਾਮਾ ਕੀਤਾ ਸੀ। ਫਿਰ ਪੋਲਾਰਡ ਨੇ ਸਪਿੰਨਰ ਅੰਕਿਲਾ ਧਨੰਜਯ ਦੇ ਓਵਰ ਵਿੱਚ ਛੇ ਵਾਰ ਗੇਂਦ ਨੂੰ ਸਟੈਂਡ ਵਿੱਚ ਭੇਜਿਆ।

ਮੈਚ ਦੀ ਗੱਲ ਕਰੀਏ ਤਾਂ ਮਸਕਟ ਵਿੱਚ ਹੋਏ ਇਸ ਮੈਚ ਵਿੱਚ ਅਮਰੀਕ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 9 ਵਿਕਟਾਂ ‘ਤੇ 271 ਦੌੜਾਂ ਬਣਾਈਆਂ। ਜਸਕਰਨ ਨੂੰ ਛੱਡ ਕੇ ਅਮਰੀਕੀ ਟੀਮ ਦੇ 8 ਖਿਡਾਰੀ ਦੋਹਰਾ ਅੰਕੜੇ ਵੀ ਨਹੀਂ ਛੋਹ ਸਕੇ। ਜਵਾਬ ਵਿੱਚ ਪਾਪੁਆ ਨਿਊ ਗਿਨੀ ਦੀ ਪੂਰੀ ਟੀਮ 137 ਦੌੜਾਂ ‘ਤੇ ਆਊਟ ਹੋ ਗਈ। ਇਸ ਤਰ੍ਹਾਂ ਅਮਰੀਕਾ ਨੇ ਮੈਚ 134 ਦੌੜਾਂ ਨਾਲ ਜਿੱਤ ਲਿਆ।