27.9 C
Amritsar
Monday, June 5, 2023

“ਚੰਗੀ ਚੀਜ” ਅਸਲ ਵਾਪਰਿਆ ਬਿਰਤਾਂਤ

Must read

ਹਰਪ੍ਰੀਤ ਸਿੰਘ ਜਵੰਦਾ

ਹਨੀਮੂਨ ਤੋਂ ਮੁੜਦਿਆਂ ਮਸਾਂ ਮਹੀਨਾ ਵੀ ਨਹੀਂ ਸੀ ਹੋਇਆ ਕੇ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ..

ਮੈਨੂੰ ਸਿੱਧਾ ਤੇ ਕੋਈ ਸੁਆਲ ਨਹੀਂ ਸੀ ਪੁੱਛਿਆ ਜਾਂਦਾ ਪਰ ਹੋਰ ਸਰੋਤਾਂ ਤੋਂ ਇਹ ਖਬਰ ਦੀ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਕੇ “ਕੋਈ ਖੁਸ਼ੀ ਦੀ ਖਬਰ ਹੈ ਕੇ ਨਹੀ”?

ਬੀਜੀ ਮੇਰੇ ਵਲ ਵੇਖਣਾ ਸ਼ੁਰੂ ਕਰ ਦੀਆ ਕਰਦੀ..

ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ..ਇੰਝ ਲੱਗਦਾ ਜਿੱਦਾਂ ਕੋਈ ਨਿੱਜੀ ਡਾਇਰੀ ਸਾਂਝੀ ਕਰਨ ਲਈ ਜ਼ੋਰ ਪਾ ਰਿਹਾ ਹੋਵੇ!

ਫੇਰ ਦੋ ਮਹੀਨਿਆਂ ਮਗਰੋਂ ਇਹ ਸਿਲਸਿਲਾ ਹੋਰ ਵੀ ਤਿੱਖਾ ਹੋਣਾ ਸ਼ੁਰੂ ਹੋ ਗਿਆ..ਨਾਲ ਨਾਲ ਕਿਸੇ “ਚੰਗੀ ਚੀਜ” ਬਾਰੇ ਵੀ ਸਨੌਤਾ ਵੀ ਸ਼ੁਰੂ ਹੋ ਗਈਆਂ!

“ਚੰਗੀ ਚੀਜ” ਤੋਂ ਭਾਵ “ਮੁੰਡੇ” ਤੋਂ ਸੀ..ਇਹ ਵੀ ਮੈਨੂੰ ਇਥੇ ਆ ਕੇ ਹੀ ਪਤਾ ਲੱਗਾ..

ਕਦੀ ਕਿਹਾ ਜਾਂਦਾ ਕੇ ਸਾਡੇ ਵੱਲ ਤਾਂ ਸਾਰੀਆਂ ਨੂਹਾਂ ਨੇ ਪਹਿਲਾਂ ਚੰਗੀ ਚੀਜ ਹੀ ਘਰੇ ਲਿਆਂਧੀ ਏ..!

ਕਦੀ ਸੁਣਾਇਆ ਜਾਂਦਾ ਕੇ ਪਹਿਲਾ ਮੁੰਡਾ ਹੋ ਜਾਣ ਨਾਲ ਸੰਸਾਰ ਨਾਲ ਗੰਢ ਹੋਰ ਪੀਡੀ ਹੋ ਜਾਂਦੀ ਏ..!

ਮੈਂ ਪਹਿਲੋਂ ਪਹਿਲ ਚੁੱਪ ਰਹਿੰਦੀ ਪਰ ਫੇਰ ਜਦੋਂ ਪਾਣੀ ਸਿਰੋਂ ਹੀ ਲੰਘ ਗਿਆ ਤਾਂ ਸਾਡੀ ਆਪੋ ਵਿਚ ਖਿੱਚੋਤਾਣ ਰਹਿਣੀ ਸ਼ੁਰੂ ਹੋ ਗਈ..!

ਮੈਂ ਐਸੇ ਮਾਹੌਲ ਵਿਚੋਂ ਨਹੀਂ ਸੀ ਆਈ ਤੇ ਨਾ ਹੀ ਸਾਡੇ ਪੇਕੇ ਘਰ ਕੁੜੀਆਂ ਨੂੰ ਮੁੰਡਿਆਂ ਤੋਂ ਕਿਸੇ ਗੱਲੋਂ ਘੱਟ ਸਮਝਿਆ ਜਾਂਦਾ ਸੀ..!

ਮੈਂ ਨਾਲਦੇ ਨਾਲ ਕੋਈ ਗੱਲ ਕਰਦੀ ਤਾਂ ਉਹ ਅੱਗੋਂ ਆਪ ਚੁੱਪ ਰਹਿੰਦਾ ਤੇ ਮੈਨੂੰ ਵੀ ਚੁੱਪ ਰਹਿਣ ਲਈ ਪ੍ਰੇਰਿਤ ਕਰਦਾ!

ਫੇਰ ਜਦੋਂ ਮੈਨੂੰ ਤੀਜਾ ਮਹੀਨਾ ਸੀ ਤਾਂ ਮੇਰੇ ਤੇ ਜ਼ੋਰ ਪੈਣਾ ਸ਼ੁਰੂ ਹੋ ਗਿਆ ਕੇ “ਟੈਸਟ” ਕਰਵਾ ਲਿਆ ਜਾਵੇ..ਪਰ ਮੈਂ “ਚੰਗੀ ਚੀਜ” ਬਾਰੇ ਸੋਚ ਸਹਿਮ ਜਾਂਦੀ..ਜੇ ਨਾ ਆਈ ਤਾਂ ਫੇਰ ਕੀ ਹੋਊ..?..ਮਰਵਾ ਦੇਣਗੇ ਸ਼ਾਇਦ!

ਮੈਂ ਨਾਂਹ ਕਰ ਦਿੱਤੀ..ਬੜਾ ਕਲੇਸ਼ ਪਿਆ..ਹੈਰਾਨ ਸਾਂ ਕੇ ਪਰਿਵਾਰ ਦੀਆਂ ਕੁਝ ਕੂ ਪੜੀਆਂ ਲਿਖੀਆਂ ਦੀ ਸੋਚ ਵੀ ਇਸੇ ਤਰਾਂ ਦੀ ਹੀ ਸੀ..!

ਅਖੀਰ ਜਦੋਂ ਧੀ ਨੇ ਜਨਮ ਲਿਆ ਤਾਂ ਜਵਾਲਾਮੁਖੀ ਫਟ ਪਿਆ..!

ਸਾਰੇ ਚੁੱਪ ਜਿਹੇ ਹੋ ਗਏ..ਪਰ ਨਾਲਦੇ ਦੀ ਚੁੱਪ ਮੈਨੂੰ ਸਭ ਤੋਂ ਵੱਧ ਵੱਢ ਵੱਢ ਖਾਂਦੀ..

ਇੱਕ ਅਜੀਬ ਜਿਹੀ ਸੋਚ ਸੀ..ਜਿਸਦੇ ਸਾਹਵੇਂ ਸਾਰੀ ਪੜਾਈ..ਸਾਰੀਆਂ ਡਿਗਰੀਆਂ ਅਤੇ ਔਰਤ ਜਾਤ ਦੀ ਸਿਫਤ ਕਰਦੀ ਸਾਰੀ ਗੁਰੂਬਾਣੀ ਹੌਲੀ ਜਿਹੀ ਪੈ ਜਾਇਆ ਕਰਦੀ..ਮੈਨੂੰ ਘਰ ਵਿਚ ਜਗਾ ਜਗਾ ਰੱਖੇ ਗੁਟਕੇ ਅਤੇ ਮੜਾ ਕੇ ਤੰਗੀਆਂ ਗੁਰਬਾਣੀ ਦੀਆਂ ਤੁੱਕਾਂ ਦਿਖਾਵੇ ਲਈ ਕੀਤਾ ਜਾਂਦਾ ਇੱਕ ਵੱਡਾ ਢੋਂਗ ਜਿਹਾ ਲੱਗਦਾ..!

ਅਖੀਰ ਅੰਦਰੂਨੀ ਤੇ ਬਾਹਰੀ ਘੁਟਣ ਵਧਦੀ ਗਈ..!

ਸਾਲ ਮਗਰੋਂ ਹੀ ਮੁੜ ਪ੍ਰੇਗਨੈਂਟ ਕਰ ਦਿੱਤੀ ਗਈ..”ਹੋ ਗਈ” ਇਸ ਲਈ ਨਹੀਂ ਆਖਾਂਗੀ ਕਿਓੰਕੇ ਕੁਝ ਬਲਾਤਕਾਰ ਵਿਆਹ ਅਤੇ ਖਾਨਦਾਨੀ ਰਵਾਇਤਾਂ ਦੀ ਆੜ ਵਿਚ ਵੀ ਹੋਇਆ ਕਰਦੇ ਨੇ!

ਇਸ ਵਾਰ ਮੇਰੇ ਤੇ ਅੱਗੇ ਨਾਲੋਂ ਵੀ ਜਿਆਦਾ ਪ੍ਰੈਸ਼ਰ ਸੀ..

ਕਈ ਹਕੀਮਾਂ ਦੀ ਦਵਾਈ ਖਾਣ ਲਈ ਦਿੱਤੀ ਜਾਂਦੀ..ਫਾਂਡੇ ਕਰਵਾਏ ਗਏ..ਸਿਆਣਿਆਂ ਕੋਲ ਲਿਜਾਣ ਦੀ ਸਲਾਹ ਬਣਦੀ..ਮੈਂ ਨਾਂਹ ਕਰ ਦਿੰਦੀ..!

ਟੈਸਟ ਕਰਵਾਉਣ ਲਈ ਵੀ ਅੱਗੇ ਨਾਲੋਂ ਜਿਆਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ..

ਵਿਆਹ ਮੰਗਣਿਆਂ ਅਤੇ ਭਰੀ ਸਭਾ ਵਿਚ ਜਾਣ ਬੁੱਝ ਕੇ ਇਸ ਚੀਜ ਦਾ ਜਿਕਰ ਛੇੜ ਲਿਆ ਜਾਂਦਾ..ਫੇਰ ਮੈਨੂੰ ਚਾਰੇ ਪਾਸਿਆਂ ਤੋਂ ਸਵਾਲ ਪੁੱਛੇ ਜਾਂਦੇ..ਇਹ ਮਹਿਸੂਸ ਕਰਵਾਇਆ ਜਾਂਦਾ ਕੇ ਤੇਰੀ ਜਿੰਦਗੀ ਵਿਚ ਕੋਈ ਘਾਟ ਏ..ਅਤੇ ਇਸ ਘਾਟ ਦੀ ਪੂਰਤੀ ਲਈ ਮੈਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਤਾਂ ਕਰਨੀ ਪੈਣੀ ਏ!

ਇਹ ਵੀ ਆਖਿਆ ਜਾਂਦਾ ਕੇ ਕੱਲੇ ਕੱਲੇ ਪੁੱਤ ਦੇ ਘਰੇ ਦੋ ਕੁੜੀਆਂ ਆ ਜਾਣ..ਇਹ ਤਾਂ ਹਰਗਿਜ ਵੀ ਨਹੀਂ ਹੋ ਸਕਦਾ..

ਕਦੇ ਆਖਿਆ ਜਾਂਦਾ ਜਵਾਈ ਕਦੇ ਪੁੱਤ ਨਹੀਂ ਬਣਦੇ..ਕਦੀ ਲੰਮੀ ਚੌੜੀ ਹਰ ਪਾਸੇ ਖਿੱਲਰੀ ਹੋਈ ਜਾਇਦਾਤ ਦਾ ਹਵਾਲਾ ਵੀ ਦਿੱਤਾ ਜਾਂਦਾ..!

ਅਖੀਰ ਦੂਜੀ ਧੀ ਦੇ ਜਨਮ ਮਗਰੋਂ ਇੱਕ ਦਿਨ ਸਾਡਾ ਤਲਾਕ ਹੋ ਗਿਆ..!

ਮੁੜ ਕੱਲੀ ਨੇ ਦੋਵੇਂ ਪੜਾ ਲਿਖਾ ਕੇ ਕਿੱਦਾਂ ਜੁਆਨ ਕੀਤੀਆਂ ਅਤੇ ਕਿੰਨੇ ਸਾਲ “ਛੁੱਟੜ” ਦਾ ਖਿਤਾਬ ਸਿਰ ਤੇ ਚੁੱਕੀ ਹੋਈ ਨੂੰ ਸੂਈ ਦੇ ਕਿਹੜੇ ਕਿਹੜੇ ਨੱਕਿਆਂ ਵਿਚੋਂ ਨਿੱਕਲਣਾ ਪਿਆ ਫੇਰ ਕਦੀ ਵੱਖਰੇ ਲੇਖ ਵਿਚ ਬਿਆਨ ਕਰਾਂਗੀ..

ਪਰ ਏਨੇ ਵਰ੍ਹਿਆਂ ਮਗਰੋਂ ਗੋਰਿਆਂ ਦੇ ਇਸ ਦੇਸ਼ ਵਿਚ ਡਾਕਟਰ ਬਣੀ ਨਿੱਕੀ ਧੀ ਨੇ ਅੱਜ ਜਦੋਂ ਘਰੇ ਆ ਕੇ ਦਸਿਆ ਕੇ ਆਪਣੀ ਪ੍ਰੇਗਨੈਂਟ ਨੂੰਹ ਨੂੰ ਕਲੀਨਿਕ ਲੈ ਕੇ ਆਈ ਇੱਕ “ਮਦਰ-ਇਨ-ਲਾਅ” ਨੇ ਕੁੱਖ ਵਿਚ ਪਲ ਰਹੀ ਕਿਸੇ “ਚੰਗੀ ਚੀਜ” ਬਾਰੇ ਗੱਲ ਕੀਤੀ ਤਾਂ ਇਹ ਸੁਣ ਮੇਰੇ ਕਾਲਜੇ ਨੂੰ ਧੂ ਜਿਹੀ ਪੈ ਗਈ ਕੇ ਹਜਾਰਾਂ ਕਿਲੋਮੀਟਰ ਦੂਰ ਸੱਭਿਅਕ ਸਮਾਜ ਵਿਚ ਪਰਵਾਸ ਕਰ ਜਾਣਾ ਇਸ ਚੀਜ ਦੀ ਗਰੰਟੀ ਨਹੀਂ ਦਿੰਦਾ ਕੇ ਇਥੇ ਆਏ ਇਨਸਾਨ ਦੀ ਸੋਚ ਵੀ ਬਦਲ ਜਾਵੇ!

()

- Advertisement -spot_img

More articles

- Advertisement -spot_img

Latest article