ਚੌਥਾ ‘ਡੀ’ ਜ਼ੋਨ’ ਜ਼ੋਨਲ ਯੁਵਕ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ਼ੁਰੂ

ਚੌਥਾ ‘ਡੀ’ ਜ਼ੋਨ’ ਜ਼ੋਨਲ ਯੁਵਕ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ਼ੁਰੂ

ਅੰਮ੍ਰਿਤਸਰ, 8 ਨਵੰਬਰ (ਗਗਨ) – ਅੱਜ ਕਪੂਰਥਲਾ ਅਤੇ ਨਵਾਂ ਸ਼ਹਿਰ ਜ਼ਿਲਿਆਂ ਦੇ ਸਬੰਧਤ ਕਾਲਜਾਂ ਦਾ ‘ਡੀ’ ਜ਼ੋਨ ਚੌਥਾ ਜ਼ੋਨਲ ਯੁਵਕ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸ਼ੁਰੂ ਹੋ ਗਿਆ।ਤਿੰਨ ਦਿਨ ਚੱਲਣ ਵਾਲੇ ਇਸ ਯੁਵਕ ਮੇਲੇ ਵਿਚ ਕਲਾਕਾਰ ਵਿਦਿਆਰਥੀ ਹਿੱਸਾ ਲੈ ਰਹੇ ਹਨ ਜੋ ਚਾਰ ਵੱਖ ਵੱਖ ਸਟੇਜਾਂ `ਤੇ 35 ਦੇ ਕਰੀਬ ਮੁਕਾਬਲਿਆਂ ਵਿਚ ਆਪੋ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਅੱਜ ਦੇ ਯੁਵਕ ਮੇਲੇ ਦੀ ਸ਼ੁਰੂਆਤ ਭੰਗੜਿਆਂ ਦੀ ਧਮਾਲ ਨਾਲ ਹੋਈ ਜਿਸ ਵਿਚ ਵੱਖ ਵੱਖ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਯੁਵਕ ਮੇਲੇ ਦਾ ਉਦਘਾਟਨ ਯੂਨੀਵਰਸਿਟੀ ਦੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਟੀ.ਐਸ. ਬੈਨੀਪਾਲ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ, ਸਲਾਹਕਾਰ ਯੁਵਕ ਭਲਾਈ ਵਿਭਾਗ, ਸ਼੍ਰੀ ਬਲਜੀਤ ਸਿੰਘ ਸੇਖੋਂ ਤੋਂ ਇਲਾਵਾ ਯੂਨੀਵਰਸਿਟੀ ਅਧਿਆਪਨ ਅਤੇ ਗੈਰ ਅਧਿਆਪਨ ਅਮਲਾ ਸ਼ਾਮਿਲ ਸੀ।

ਅੱਜ ਦੇ ਦਿਨ ਦਸਮੇਸ਼ ਆਡੀਟੋਰੀਅਮ ਦੀ ਸਟੇਜ `ਤੇ ਹੋਏ ਮੁਕਾਬਲਿਆਂ ਵਿਚ ਸਮੂਹ ਸ਼ਬਦ/ਭਜਨ, ਸਮੂਹ ਗਾਇਨ ਭਾਰਤੀ, ਲੋਕ ਸਾਜ਼ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ। ਗੁਰੂ ਨਾਨਕ ਭਵਨ ਆਡੀਟੋਰੀਅਮ ਦੀ ਦੂਜੀ ਸਟੇਜ `ਤੇ ਕਲਾਸੀਕਲ ਇੰਸਟਰੂਮੈਂਟਲ ਪਰਕਸ਼ਨ, ਕਲਾਸੀਕਲ ਇੰਸਟਰੂਮੈਂਟਲ ਨਾਨ-ਪਰਕਸ਼ਨ, ਕਲਾਸੀਕਲ ਵੋਕਲ ਦੀਆਂ ਆਈਟਮਾਂ ਵਿਚ ਵੱਖ ਵੱਖ ਕਾਲਜਾਂ ਦੀਆਂ ਟੀਮਾਂ ਹਿੱਸਾ ਲਿਆ। ਆਰਕੀਟੈਕਚਰ ਵਿਭਾਗ ਦੀ ਸਟੇਜ `ਤੇ ਪੇਂਟਿੰਗ ਆਨ ਦ ਸਪੋਟ, ਕਾਰਟੂਨਿੰਗ, ਪੋਸਟਰ ਮੇਕਿੰਗ, ਕੋਲਾਜ਼, ਕਲੇਅ ਮਾਡਲਿੰਗ, ਆਨ ਦ ਸਪੌਟ ਫੋਟੋਗਰਾਫੀ ਦੇ ਮੁਕਾਬਲੇ ਹੋਏ। ਨਵੰਬਰ 8 ਨੂੰ ਦਸਮੇਸ਼ ਆਡੀਟੋਰੀਅਮ ਵਿਚ ਹੋਣ ਵਾਲੇ ਮੁਕਾਬਲਿਆਂ ਦੇ ਵਿਚ ਪਹਿਰਾਵਾ ਪਰੇਡ, ਮਾਈਮ, ਮਮਿਕਰੀ, ਸਕਿੱਟ ਤੇ ਇਕਾਂਗੀ ਅਤੇ ਗੁਰੂ ਨਾਨਕ ਭਵਨ ਆਡੀਟਰੀਅਮ ਦੇ ਵਿਚ ਵਾਰ ਗਾਇਨ, ਕਵੀਸ਼ਰੀ ਗੀਤ/ਗਜ਼ਲ, ਲੋਕ ਗੀਤ ਦੇ ਮੁਕਾਬਲਿਆਂ ਤੋਂ ਇਲਾਵਾ ਕਾਨਫਰੰਸ ਹਾਲ ਦੇ ਵਿਚ ਪੋਈਟੀਕਲ ਸਿੰਪੋਜ਼ੀਅਮ, ਐਲੋਕਿਊਸ਼ਨ, ਡੀਬੇਟ ਅਤੇ ਕੁਇਜ਼ ਦੇ ਮੁਕਾਬਲੇ ਹੋਣਗੇ। ਚੌਥੀ ਸਟੇਜ ਆਰਕੀਟੈਕਚਰ ਵਿਭਾਗ ਵਿਚ ਰੰਗੋਲੀ, ਫੁਲਕਾਰੀ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਜਾਣਗੇ। ਅੰਤਿਮ ਦਿਨ 9 ਨਵੰਬਰ ਨੂੰ ਲੋਕ ਨਾਚ ਗਿੱਧੇ ਨਾਲ ਇਹ ਯੁਵਕ ਮੇਲਾ ਆਪਣੀ ਸਮਾਪਤੀ ਵੱਲ ਵਧੇਗਾ। ਇਸ ਦਿਨ ਆਮ ਸਮੂਹ ਨਾਚ ਤੋਂ ਇਲਾਵਾ ਪੱਛਮੀ ਵੋਕਲ ਸੋਲੋ, ਪੱਛਮੀ ਸਮੂਹ ਗੀਤ, ਪੱਛਮੀ ਇੰਸਟਰੂਮੈਂਟਲ, ਮੁਕਾਬਲਿਆਂ ਤੋਂ ਬਾਅਦ ਦਸਮੇਸ਼ ਆਡੀਟੋਰੀਅਮ ਵਿਚ ਇਨਾਮ ਵੰਡ ਸਮਾਰੋਹ ਦੌਰਾਨ ਜੇਤੂ ਟੀਮਾਂ ਨੂੰ ਟਰਾਫੀਆਂ ਤਕਸੀਮ ਕੀਤੀਆ ਜਾਣਗੀਆਂ।

Bulandh-Awaaz

Website: