-ਰਾਜਿੰਦਰ ਜਿੰਦਾ
ਕੁੱਤੀ ਚੋਰਾਂ ਨਾਲ ਰਲਣ ਬਾਰੇ ਸਾਡੇ ਆਮ ਈ ਕਹਾਉਤਾਂ ਸੁਣਨ ਨੂੰ ਮਿਲ ਜਾਂਦੀਆਂ ਹਨ। ਪਿਛਲੇ ਦਿਨੀਂ ਭਾਰਤੀ ਫੇਸਬੁੱਕ ਨੀਤੀ ਮੁਖੀ ‘ਅੰਖੀ ਦਾਸ’ ਦੀ ਭਾਜਪਾ ਨਾਲ ਦਾਲ-ਰੋਟੀ ਸਾਂਝੀ ਹੋਣ ਬਾਰੇ ਤਾਂ ਪੜ੍ਹ ਹੀ ਲਿਆ ਹੋਣਾ ।ਖੈਰ, ਉੰਝ ਤਾਂ ਇੱਕ ਜਾਗਰੂਕ ਮਨੁੱਖ ਲਈ ਇਹ ਕੋਈ ਅਣਹੋਣੀ ਨੀ ਕਿ ਮੀਡੀਆ ਤੇ ਹਕੂਮਤ ਦੇ ਰਿਸ਼ਤੇ ਨਸ਼ਰ ਹੋਏ ਹੋਣ, ਕਿਉਂਕਿ ਲੋਟੂ ਸਰਮਾਏਦਾਰ ਘਰਾਣੇ ਆਪਣੇ ਹਿੱਤਾਂ ਲਈ ਸ਼ੁਰੂ ਤੋਂ ਹੀ ਜਨ-ਸੰਚਾਰ ਦੇ ਮਾਧਿਅਮਾਂ ‘ਤੇ ਸਿੱਧੇ ਜਾਂ ਅਸਿੱਧੇ ਕਾਬਜ ਹੋਕੇ ਲੋਕਾਂ ਦੀ ਰਾਏ ਓਸ ਰਾਜਨੀਤਕ ਪਾਰਟੀ ਬਾਰੇ ਬਣਾਉਂਦੇ ਹੀ ਨੇ ਜਿਨ੍ਹਾਂ ਤੋਂ ਆਉਣ ਵਾਲੇ ਪੰਜ ਸਾਲਾਂ ‘ਚ ਸਰਮਾਏਦਾਰਾਂ ਨੇ ਆਪਣੇ ਹਿੱਤ ਪੂਰਨੇ ਹੁੰਦੇ ਨੇ। ਅਜਿਹੇ ‘ਚ ਏਸ ਹਮਾਮ ‘ਚ ਸਭ ਨੰਗੇ ਅਨੁਸਾਰ ਮੁਨਾਫ਼ੇ ਲਈ ਹਵਸੇ ਮੀਡੀਆ ਦੇ ਦਲਾਲ ਸਭ ਕੁਝ ਕਰ ਗੁਜ਼ਰਨ ਲਈ ਤਿਆਰ ਹੋ ਜਾਂਦੇ ਨੇ। ਪਰ ਕਈ ਭੋਲੇ ਪੰਛੀਆਂ ਨੂੰ ਲੱਗਦਾ ਰਹਿੰਦਾ ਕਿ ਸ਼ੋਸ਼ਲ ਮੀਡੀਆ ਕਰਕੇ ਹੁਣ ਲੋਕ ਅਜ਼ਾਦ ਨੇ ਆਪਣੀ ਗੱਲ ਕਹਿਣ ਲਈ ਜਾਂ ਰਾਜਨੀਤਕ ਪਾਰਟੀਆਂ ਦੁਆਰਾ ਲੋਕਾਂ ਨੂੰ ਹੁਣ ਵਰਗਲਾਉਣਾ ਅਸਾਨ ਨੀ, ਭਾਵੇਂ ਇਹਦੇ ‘ਚ ਇੱਕ ਹੱਦ ਤੱਕ ਸੱਚਾਈ ਹੈ ਪਰ ਹਕੂਮਤ ਵੀ ਕੱਚੀਆਂ ਗੋਲੀਆਂ ਨੀ ਖੇਡਦੀ, ਸਮੇਂ-ਸਮੇਂ ‘ਤੇ ਲੋਕਾਂ ‘ਤੇ ਨਜ਼ਰਸਾਨੀ ਕਰਦੀ ਰਹਿੰਦੀ ਹਰ ਹਕੂਮਤ ਲੋਕ ਰਾਏ ਬਣਾਉਣ ਲਈ ਵੀ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ਨੂੰ ਵਰਤਦੀ ਹੈ ਤੇ ਇਹਦੇ ‘ਚ ਨਵਾਂ ਇਜ਼ਾਫ਼ਾ ਹੁੰਦਿਆਂ ਹੁਣ ਫੇਸਬੁੱਕ ਦੀ ਇੱਕ ਹੋਰ ਕਰਤੂਤ ਤੋਂ ਪਰਦਾ ਚੱਕਿਆ ਗਿਆ।
ਇੱਕ ਨਿੱਜੀ ਖ਼ਬਰੀਆ ਚੈੱਨਲ ਦੀ ਰਿਪੋਰਟ ਅਨੁਸਾਰ 2019 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਭਾਜਪਾ ਹਕੂਮਤ ਦੇ ਕਹੇ ‘ਤੇ ਫੇਸਬੁੱਕ ਨੇ ਭਾਜਪਾ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ 14 ਪੰਨਿਆਂ ਨੂੰ ਬੰਦ ਕੀਤਾ!
ਚੋਣਾਂ ਤੋਂ ਪਹਿਲਾਂ ਭਾਜਪਾ ਨੇ ਫੇਸਬੁੱਕ ਨੂੰ 44 ਅਜਿਹੇ ਫੇਸਬੁੱਕ ਪੰਨਿਆਂ ਦੀ ਸ਼ਿਕਾਇਤ ਸੂਚੀ ਭੇਜੀ ਸੀ ਜੋ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਅਵਾਜ ਉਠਾਉੰਦੇ ਸਨ। ਉਂਝ ਤਾਂ ਰ.ਸ.ਸ. ਦਾ ਤੇ ਤਰਕ ਦਾ ਇੱਟ-ਕੁੱਤੇ ਵਾਲਾ ਵੈਰ ਆ ਪਰ ਏਸ ਮਾਮਲੇ ‘ਚ ਭਾਜਪਾ ਦਾ “ਤਰਕ” ਸੀ ਕਿ ਇਹ ਸਾਰੇ ਫੇਸਬੁੱਕ ਪੰਨੇ ਤੱਥਹੀਣ ਗੱਲਾਂ ਲੋਕਾਂ ਤੱਕ ਪਹੁੰਚਾਉਂਦੇ ਨੇ ਹੁਣ ਇਹ ਗੱਲ ਵੀ ਆਪਣੇ ਕਿਸੇ ਚੁਟਕਲੇ ਤੋਂ ਘੱਟ ਨਹੀਂ। ਇਹੀ ਭਾਜਪਾ ਦੇ ਮੰਤਰੀ-ਸੰਤਰੀ ਕਰੋਨਾ ਨੂੰ ਦੀਵੇ ਤੇ ਤਾੜੀਆਂ ਨਾਲ ਭਜਾਉਣ ਦੀਆਂ ਸਲਾਹਾਂ ਦੇ ਰਹੇ ਸਨ ਜਾਂ ਗਾਂ ਦਾ ਮੂਤ ਪੀਣ ਦੀਆਂ ਸਲਾਹਾਂ ਦੇ ਰਹੇ ਸਨ ਹੁਣ ਇਹੀ ਤੱਥਾਂ ਦੀਆਂ ਗੱਲਾਂ ਕਰਦੇ ਨੇ ਇਹ ਵੀ ਇੱਕ ਅਨੋਖਾ ਮਸਲਾ।
ਗੌਰ ਕਰਨ ਵਾਲੀ ਗੱਲ ਇਹ ਐ ਕਿ ‘ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਅਨੁਸਾਰ ਲੰਘੀ 31 ਅਗਸਤ ਤੱਕ ਇਹਨਾਂ ‘ਚੋਂ 14 ਸਫ਼ੇ ਫੇਸਬੁੱਕ ਵੱਲੋਂ ਹਟਾਏ ਜਾ ਚੁੱਕੇ ਨੇ। ਇਹਨਾਂ ‘ਚ ‘ਰਵੀਸ਼ ਕੁਮਾਰ’ ਤੇ ‘ਵਿਨੋਦ ਦੁਆ’ ਵਰਗੇ ਨਾਮੀਂ ਪੱਤਰਕਾਰਾਂ ਦਾ ਸਮਰਥਨ ਕਰਨ ਵਾਲੇ ਸਫ਼ੇ ਵੀ ਸ਼ਾਮਲ ਨੇ।
ਹੋਰ ਤਾਂ ਹੋਰ ਪਿਛਲੇ ਸਾਲ ਨਵੰਬਰ ‘ਚ ਭਾਜਪਾ ਨੇ ਫੇਸਬੁੱਕ ਭਾਰਤ ਨੂੰ ਆਪਣੇ ਪੱਖ ‘ਚ ਭੁਗਤਦੇ 17 ਫੇਸਬੁੱਕ ਪੰਨੇ ਜੋ ਬੰਦ ਸਨ ਉਹਨਾਂ ਨੂੰ ਦੁਬਾਰਾ ਚਲਾਉਣ ਲਈ ਕਿਹਾ ਤੇ ਫੇਸਬੁੱਕ ਨੇ ਵੀ ਹਕੂਮਤ ਨੂੰ ਨਰਾਜ਼ ਨਾ ਕਰਦਿਆਂ ਸਾਰੇ ਸਫ਼ੇ ਚਾਲੂ ਕਰ ਦਿੱਤੇ। ਇਹਨਾਂ ‘ਚ ‘ਦ ਚੌਪਾਲ’ ਤੇ ‘ਓਪ ਇੰਡੀਆ’ ਵਰਗੇ ਹੱਦ ਦਰਜੇ ਦੇ ਭਾਜਪਾ ਪੱਖੀ ਸਫ਼ੇ ਵੀ ਸ਼ਾਮਲ ਨੇ ਜੋ ਆਪਣੀਆਂ “ਖ਼ਬਰਾਂ” ਰਾਹੀਂ ਭਾਜਪਾ ਹਕੂਮਤ ਦੀਆਂ ਫਿਰਕੂ ਕਾਰਵਾਈਆਂ ਨੂੰ ਜਾਇਜ਼ ਠਹਿਰਾਉਂਦੇ ਰਹਿੰਦੇ ਨੇ। ਇੱਥੇ ਹੀ ਬੱਸ ਨਹੀਂ ਇਹ ਪੰਨੇ ਦੁਬਾਰਾ ਸ਼ੁਰੂ ਕਰਨ ਵੇਲੇ ਫੇਸਬੁੱਕ ਨੇ ਭਾਜਪਾ ਆਈਟੀ ਸੈੱਲ ਦੇ ਪ੍ਰਮੁੱਖ ‘ਅਮਿਤ ਮਾਲਵੀਆ’ ਨੂੰ ਕਿਹਾ ਵੀ ਕਿ ਇਹ ਗਲਤੀ ਨਾਲ ਬੰਦ ਹੋਏ ਸਨ।
ਇਹ ਫੇਸਬੁੱਕ ਸਫ਼ਿਆਂ ‘ਚ ਇੱਕ ‘ਪੋਸਟਕਾਰਡ ਨਿਊਜ’ ਦੇ ਸੰਸਥਾਪਕ ‘ਮਹੇਸ਼ ਬੀ਼ ਹੇਗੜੇ’ ਦਾ ਵੀ ਸਫ਼ਾ ਹੈ। ਜ਼ਿਕਰਯੋਗ ਹੈ ਕਿ ਇਸ ਅਖੌਤੀ ਪੱਤਰਕਾਰ ਨੂੰ ਜਾਅਲੀ ਖ਼ਬਰਾਂ, ਫਿਰਕਾਪ੍ਰਸਤੀ ਨੂੰ ਵਧਾਉਣ ਵਾਲੀਆਂ ਖ਼ਬਰਾਂ ਦੇਣ ਕਰਕੇ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ‘ਚ ਮਾਰਚ 2008 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਜਦ ਸੰਘ ਦਾ ਥਾਪੜਾ ਹੋਵੇ ਫੇਰ ਕਿਹੜਾ ਮਾਈ ਦਾ ਲਾਲ ਰੋਕੂ ਅਜਿਹੀਆਂ ਕਰਤੂਤਾਂ ਕਰਨ ਤੋਂ?
ਖੈਰ, ਉਪਰੋਕਤ ਗੱਲਾਂ ਤੋਂ ਇਹ ਤਾਂ ਸਾਫ ਹੋ ਜਾਂਦਾ ਕਿ ਮੌਜੂਦਾ ਰਾਜਸੱਤਾ ਤੇ ਮੀਡੀਆ ਦਾ ਗੱਠਜੋੜ ਲੋਕਾਂ ਸਾਹਮਣੇ ਕੀ ਤੇ ਕਿਉਂ ਪਰੋਸ ਰਿਹਾ ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਸੀਂ ਏਸ ‘ਤੇ ਕਿੰਨਾ ਕੁ ਅਮਲ ਕਰਦੇ ਹਾਂ ਕਿ ਅਸੀਂ ਆਪਣੇ-ਆਪ ਨੂੰ ਏਸ ਕੂੜਪ੍ਰਚਾਰ ਤੋਂ ਕਿਵੇਂ ਬੇਲਾਗ ਰੱਖਣਾ।
ਏਸ ‘ਚ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਸਮੇਂ ‘ਚ ਰ.ਸ.ਸ. ਦੀਆਂ ਫਾਸੀਵਾਦੀ ਨੀਤੀਆਂ ਨੂੰ ਲਾਗੂ ਕਰਦੀ ਹੋਈ ਭਾਜਪਾ ਹਕੂਮਤ ਆਮ ਲੋਕਾਈ ‘ਤੇ ਜ਼ਬਰ ਨੂੰ ਹੋਰ ਤਿੱਖਾ ਕਰੇਗੀ ਤੇ ਹਰ ਵਿਰੋਧੀ ਅਵਾਜ ਨੂੰ ਕੁਚਲਣ ਦੀ ਕੋਸ਼ਿਸ਼ ਕਰੇਗੀ। ਇਹ ਹਕੂਮਤ ਹਾਲ-ਫਿਲਹਾਲ ਤਾਂ ਸੱਤਾ ‘ਚੋਂ ਬਾਹਰ ਨੀ ਹੋਣ ਲੱਗੀ ‘ਤੇ ਜੋ ਭਾਰਤ ਦੀ ਆਰਥਿਕ ਹਾਲਤ ਬਣੀ ਹੋਈ ਆ ਉਹਨੂੰ ਲੈਕੇ ਜੋ ਲੋਕਾਂ ‘ਚ ਆਉਣ ਵਾਲੇ ਸਮੇਂ ‘ਚ ਗੁੱਸਾ ਭੜਕਣਾ ਉਹਨੂੰ ਨੱਪਣ ਲਈ ਹੁਣ ਇਹ ਸੰਘੀ ਲਾਣਾ ਸਾਰੇ ਤਰ੍ਹਾਂ ਦੇ ਜ਼ਬਰ ਲੋਕਾਈ ‘ਤੇ ਜਰੂਰ ਕਰੂ। ਆਹ ਕਾਰਾ ਵੀ ਸਾਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਏਸ ਲਈ ਹੈ ਕਿਉਂਕਿ ਹੁਣ ਜਿਸ ਤਰ੍ਹਾਂ ਦਾ ਮਹੌਲ ਮੁਲਕ ‘ਚ ਬਣਦਾ ਜਾ ਰਿਹਾ ਏਸ ਹਕੂਮਤ ਦੇ ਖ਼ਿਲਾਫ਼ ਅਜਿਹੇ ‘ਚ ਇਹ ਫਿਰਕੂ ਟੋਲਾ ਆਪਣੇ ਵਿਰੁੱਧ ਕਿਸੇ ਵੀ ਅਵਾਜ਼ ਨੂੰ ਨੱਪਣ ਲਈ ਪੱਬਾਂ ਭਾਰ ਰਹੇਗਾ ਤੇ ਰਹਿ ਵੀ ਰਿਹਾ ਜੀਹਦੀ ਇੱਕ ਉਦਾਹਰਣ ਇਹੀ ਰਿਪੋਰਟ ਆ। ਤਾਂ ਹੁਣ ਸਮੇਂ ਦੀ ਅਣਸਰਦੀ ਲੋੜ ਇਹੀ ਬਣਦੀ ਆ ਕਿ ਸਾਰੇ ਸੂਝਵਾਨ ਤੇ ਚੇਤੰਨ ਲੋਕ ਏਸ ਫਿਰਕੂ-ਫਾਸੀਵਾਦੀ ਸੱਪ ਦੀ ਸਿਰੀ ਨੱਪਣ ਲਈ ਕਮਰਕੱਸੇ ਬੰਨ੍ਹ ਲੈਣ ਨਹੀਂ ਫਿਰ ਸਾਡਾ ਸਮਾਂ ਖੁੰਝੇ ਤੋਂ ਸੰਘੀਆਂ ਨੇ ‘ਹਿੰਦੀ-ਹਿੰਦੂ ਤੇ ਹਿੰਦੋਸਤਾਨ’ ਵਾਲੀ ਨੀਤੀ ‘ਤੇ ਚੱਲਦਿਆਂ ਆਉਣ ਵਾਲੇ ਸਮੇਂ ‘ਚ ਕਿਸੇ ਘੱਟਗਿਣਤੀ ਜਾਂ ਖੱਬੇਪੱਖੀ ‘ਤੇ ਕੋਈ ਰਹਿਮ ਨੀ ਕਰਨਾ।
ਲਲਕਾਰ ਤੋਂ ਧੰਨਵਾਦ ਸਹਿਤ,