ਅੰਮ੍ਰਿਤਸਰ, 19 ਜੂਨ (ਗਗਨ ਅਜੀਤ ਸਿੰਘ) – ਸਿੱਖਾਂ ਦੀ ਵਿਰਾਸਤੀ ਸੰਸੰਥਾ ਚੀਫ ਖਾਲਸਾ ਦੀਵਾਨ ਦੇ ਸੀਨੀਅਰ ਮੈਂਬਰ ਪ੍ਰੋ.ਬਲਜਿੰਦਰ ਸਿੰਘ ਨੇ ਪ੍ਰਧਾਨ ਨਿਰਮਲ ਸਿੰਘ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਦੀਵਾਨ ਦੇ ਦੋ ਮੈਂਬਰ ਜੋ ਆਰ ਐਸ ਐਸ ਦੀ ਸਿਅਸੀ ਧਿਰ ਭਾਜਪਾ ਦੇ ਮੈਂਬਰ ਹਨ ਉਨ੍ਹਾਂ ਨੂੰ ਤੁੰਰਤ ਸੰਸੰਥਾ ‘ਚੋ ਬਾਹਰ ਕੱਢਿਆ ਜਾਵੇ।ਜਿਕਰਯੋਗ ਹੈ ਕਿਪਿਛਲੇ ਦਿਨੀਂ ਭਾਜਪਾ ਦੇ ਕੇਂਦਰੀ ਮੰਤਰੀਆਂ ਵੱਲੋਂ ਦਿੱਲੀ ਵਿਖੇ ਛੇ ਸਿੱਖ ਸ਼ਖ਼ਸੀਅਤਾਂ ਨੂੰ ਭਾਜਪਾ ਵਿੱਚ ਸ਼ਾਮਿਲ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਦੀਵਾਨ ਦੇ ਮੈਂਬਰ ਤੇ ਐਜੁਕੇਸ਼ਨ ਕਮੇਟੀ ਦੇ ਆਨਰੇਰੀ ਸਕਤਰ ਡਾ.ਜਸਵਿੰਦਰ ਸਿੰਘ ਢਿੱਲੋ ਵੀ ਸ਼ਾਮਲ ਹਨ ਅਤੇ ਇਸ ਸਮਾਰੋਹ ਦਾ ਸੰਚਾਲਨ ਕਰ ਰਹੇ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਵੀ ਦੀਵਾਨ ਦੇ ਮੈਂਬਰ ਹਨ ।ਇਨ੍ਹਾ ਦੋਨਾ ਨੂੰ ਬਿਨਾ ਕਿਸੇ ਦੇਰੀ ਦੇ ਦੀਵਾਨ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ।
ਪ੍ਰੋ.ਬਲਜਿੰਦਰ ਸਿੰਘ ਨੇ ਪ੍ਰਧਾਨ ਨਿਰਮਲ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੁਲਾਈ 2004 ਵਿੱਚ ਜਾਰੀ ਕੀਤੇ ਹੁਕਮਨਾਮੇ ਦਾ ਹਵਾਲਾ ਦਿੰਦਿਆ ਕਿਹਾ ਕਿ ਇਸ ਹੁਕਮਨਾਮੇ ਵਿੱਚ ਆਰ ਐਸ ਐਸ ਨੂੰ ਪੰਥ ਵਿਰੋਧੀ ਐਲਾਨਿਆ ਗਿਆ ਸੀ ਤੇ ਸਮੂਹ ਸਿੱਖ ਸੰਗਤਾਂ,ਸਿੰਘ ਸਭਾਵਾਂ,ਸਿੱਖ ਜਥੇਬੰਦੀਆਂ ,ਧਾਰਮਿਕ ਸਭਾ ਸੁਸਾਇਟੀਆਂ ਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਆਰ ਐਸ ਐਸ ਤੋਂ ਸੁਚੇਤ ਰਹਿਣ ਤੇ ਸਹਿਯੋਗ ਨਾਂ ਦੇਣ ਦੀ ਹਿਦਾਇਤ ਕੀਤੀ ਗਈ ਸੀ। ਅੱਜ ਤੋਂ 117 ਸਾਲ ਪਹਿਲਾ ਸਥਾਪਿਤ ਕੀਤੀ ਗਈ ਸੰਸੰਥਾ ਚੀਫ ਖਾਲਸਾ ਦੀਵਾਨ ਦੇ ਮਨੋਰਥਾਂ ਵਿੱਚ ਖਾਲਸਾ ਪੰਥ ਨੂੰ ਸਮਰਪਿਤ ਹੁੰਦਿਆਂ ਵਿੱਦਿਅਕ ,ਧਾਰਮਿਕ ,ਸਮਾਜਿਕ ਤੇ ਰਾਜਸੀ ਹਕੂਕ ਦੀ ਰਾਖੀ ਕਰਨ ਦੀ ਗੱਲ ਕੀਤੀ ਗਈ ਹੈ ।ਜਿਸਦੇ ਚੱਲਦਿਆਂ ਅਸੀਂ ਭਾਜਪਈ ਮੈਂਬਰਾਂ ਰਾਹੀਂ ਦੀਵਾਨ ਦੇ ਮਨੋਰਥਾਂ ਦਾ ਭਗਵਾਕਰਣ ਹਰਗਿਜ ਬਰਦਾਸ਼ਤ ਨਹੀਂ ਕਰਾਂਗੇ। ਕੁਝ ਸਿੱਖ ਜੱਥੇਬੰਦੀਆ ਵੱਲੋਂ ਪਿਛਲੇ ਸਮੇਂ ਵਿੱਚ ਇਕਬਾਲ ਸਿੰਘ ਲਾਲਪੁਰਾ ਨੂੰ ਦੀਵਾਨ ਚੋ ਕੱਢਣ ਲਈ ਰੋਸ਼ ਮੁਜ਼ਾਹਰੇ ਕੀਤੇ ਗਏ ਸਨ ਪਰ ਮੰਗ ਪੂਰਨ ਰੂਪ ਵਿੱਚ ਨਹੀਂ ਮੰਨੀ ਗਈ ਸੀ ਅਤੇ ਅੱਜ ਵੀ ਲਾਲਪੁਰਾ ਦੀਵਾਨ ਦਾ ਮੈਂਬਰ ਹੈ।ਪ੍ਰਧਾਨ ਨਿਰਮਲ ਸਿੰਘ ਨੂੰ ਚੇਤਾਵਨੀ ਦਿੰਦਿਆਂ ਪ੍ਰੋ.ਬਲਜਿੰਦਰ ਸਿੰਘ ਨੇ ਕਿਹਾ ਕਿ ਦੀਵਾਨ ਪੰਥਕ ਸੰਸੰਥਾ ਹੈ ਤੇ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਭਾਜਪਾ ਆਰ ਐਸ ਐਸ ਤੋ ਬਚਾਉਣਾ ਸਾਡਾ ਕੌਮੀ ਫਰਜ ਹੈ ਇਸ ਲਈ ਜੇਕਰ ਦੋਨੋ ਭਾਜਪਈ ਮੈਂਬਰਾਂ ਨੂੰ ਦੀਵਾਨ ਦੀ ਮੈਂਬਰਸ਼ਿਪ ਤੋਂ ਖਾਰਿਜ ਨਾਂ ਕੀਤਾ ਗਿਆ ਤਾਂ ਇਸ ਮੁੱਦੇ ਨੂੰ ਪੰਥਕ ਹਲਕਿਆ ਵਿੱਚ ਲਿਜਾਇਆ ਜਾਵੇਗਾ। ਉਨ੍ਹਾ ਆਸ ਪ੍ਰਗਟਾਈ ਕਿ ਸ੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਕੱਤਰੇਤ ਇਸ ਮਸਲੇ ਵਿੱਚ ਦਖ਼ਲ ਦੇਣਗੇ।