More

  ਚੀਨ ਤੋਂ ਭੰਗ ਹੋਇਆ ਵਿਸ਼ਵ ਭਾਈਚਾਰੇ ਦਾ ਮੋਹ

  ਭਾਰਤ, 27 ਜੂਨ (ਬੁਲੰਦ ਆਵਾਜ ਬਿਊਰੋ) – ਪਿਛਲੇ ਕੁਝ ਸਮੇਂ ਤੋਂ ਆਲਮੀ ਪੱਧਰ ’ਤੇ ਅਜਿਹੀਆਂ ਸੁਰਾਂ ਉੱਭਰੀਆਂ ਹਨ, ਜਿਨ੍ਹਾਂ ਦਾ ਜ਼ੋਰ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕਰਨ ’ਤੇ ਹੈ ਕਿ ਕੋਰੋਨਾ ਵਾਇਰਸ ਵੁਹਾਨ ਲੈਬ ’ਚੋਂ ਨਿਕਲਿਆ। ਜੇ ਅਜਿਹਾ ਹੋਇਆ ਹੈ ਤਾਂ ਕੋਵਿਡ-19 ਮਹਾਮਾਰੀ ’ਤੇ ਪਰਦਾ ਪਾਉਣ ਦੀ ਚੀਨੀ ਕੋਸ਼ਿਸ਼ ਨੂੰ ਇਸ ਸਦੀ ਦਾ ਸਭ ਤੋਂ ਵੱਡਾ ਅਪਰਾਧ ਮੰਨਿਆ ਜਾਵੇਗਾ। ਆਲਮੀ ਜੰਗ ਦੀ ਤਰ੍ਹਾਂ ਹੀ ਇਹ ਮਹਾਮਾਰੀ ਵੀ ਪੂਰੀ ਦੁਨੀਆ ਲਈ ਨਿਰਣਾਇਕ ਬਣ ਗਈ ਹੈ। ਜਿੱਥੋਂ ਇਹ ਮਹਾਮਾਰੀ ਨਿਕਲੀ, ਉਸ ਦੇਸ਼ ਨੂੰ ਛੱਡ ਕੇ ਉਸ ਦੀ ਤਬਾਹੀ ਦੇ ਖ਼ਤਰਨਾਕ ਨਿਸ਼ਾਨ ਦੁਨੀਆ ਭਰ ’ਚ ਦੇਖੇ ਜਾ ਰਹੇ ਹਨ। ਚੀਨ ਹੀ ਇਸ ਤੋਂ ਸਭ ਤੋਂ ਘੱਟ ਪ੍ਰਭਾਵਿਤ ਹੋਣ ਵਾਲਾ ਦੇਸ਼ ਹੈ।ਇਹ ਤੱਥ ਵੀ ਘੱਟ ਅਜੀਬ ਨਹੀਂ ਕਿ ਮਹਾਮਾਰੀ ਤੋਂ ਉਪਜੀ ਜਿਸ ਆਲਮੀ ਦਸ਼ਾ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਚੀਨ ਲਈ ਵਿਆਪਕ ਆਰਥਿਕ ਲਾਭ ਦਾ ਕਾਰਨ ਬਣੀ। ਮਹਾਮਾਰੀ ਦੌਰਾਨ ਉਸ ਦਾ ਅਰਥਚਾਰਾ ਤੇਜ਼ੀ ਨਾਲ ਵਧਦਾ-ਫੁੱਲਦਾ ਰਿਹਾ ਤੇ ਉਸ ਦਾ ਨਿਰਯਾਤ ਵੀ ਵਧਦਾ ਹੀ ਗਿਆ।

  ਜੇ ਕਿਸੇ ਹੋਰ ਦੇਸ਼ ਤੋਂ ਨਿਕਲਿਆ ਅਜਿਹਾ ਕੋਈ ਖ਼ਤਰਨਾਕ ਵਾਇਰਸ ਦੁਨੀਆ ਭਰ ’ਚ ਮਹਾਮਾਰੀ ਫੈਲਾ ਕੇ ਉੱਥਲ-ਪੁੱਥਲ ਮਚਾਉਂਦਾ ਤਾਂ ਯਕੀਨਨ ਉਹ ਆਲਮੀ ਕਟਹਿਰੇ ’ਚ ਖੜ੍ਹਾ ਹੁੰਦਾ ਪਰ ਚੀਨ ਹੁਣ ਤਕ ਇਸ ਮਹਾਮਾਰੀ ਦੀ ਜ਼ਿੰਮੇਵਾਰੀ ਤੋਂ ਬਚਦਾ ਰਿਹਾ ਹੈ। ਏਨਾ ਹੀ ਨਹੀਂ ਉਹ ਕੋਰੋਨਾ ਵਾਇਰਸ ਦੇ ਪੈਦਾ ਹੋਣ ਨੂੰ ਲੈ ਕੇ ਡੂੰਘਾਈ ਨਾਲ ਜਾਂਚ ਦੀ ਦਿਸ਼ਾ ਨੂੰ ਭਟਕਾਉਣ ’ਚ ਸਫਲ ਹੋਇਆ ਹੈ। ਕੋਰੋਨਾ ਦੀ ਉਤਪਤੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਡੂੰਘਾਈ ਨਾਲ ਜਾਂਚ ਕੀਤੇ ਜਾਣ ’ਚ ਦੇਰੀ ਨਾਲ ਦਿਖਾਈ ਗਈ ਦਿਲਚਸਪੀ ਦੇ ਬਾਵਜੂਦ ਆਲਮੀ ਭਾਈਚਾਰੇ ਦਾ ਧਿਆਨ ਮਹਾਮਾਰੀ ਦੀ ਜੜ੍ਹ ’ਚ ਜਾਣ ਦੀ ਬਜਾਏ ਤਬਾਹੀ ਮਚਾ ਰਹੇ ਉਸ ਦੇ ਵੱਖ-ਵੱਖ ਰੂਪਾਂ ’ਤੇ ਕਿਤੇ ਜ਼ਿਆਦਾ ਹੈ।ਸਾਲ 2002-03 ’ਚ ਦਸਤਕ ਦੇਣ ਵਾਲੀ ਸਾਰਸ ਮਹਾਮਾਰੀ ਤੋਂ ਬਾਅਦ ਆਲਮੀ ਸਿਹਤ ਸੰਗਠਨ (ਡਬਲਿਊਐੱਚਓ) ਨੇ ਮੈਂਬਰ ਦੇਸ਼ਾਂ ਲਈ ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨ ਦੇ ਨਾਂ ਨਾਲ ਇਕ ਨਿਯਮਾਵਲੀ ਜਾਰੀ ਕੀਤੀ ਸੀ। ਇਸ ਦੇ ਅਨੁਛੇਦ-6 ’ਚ ਚੀਨ ਸਮੇਤ ਹਰੇਕ ਮੈਂਬਰ ਦੇਸ਼ ਲਈ ਇਹ ਤਜਵੀਜ਼ ਹੈ ਕਿ ਕਿਸੇ ਦੇਸ਼ ਨੂੰ ਆਪਣੇ ਖੇਤਰ ’ਚ ਆਲਮੀ ਜੋਖਮ ਵਧਾਉਣ ਵਾਲੀ ਸਿਹਤ ਸਮੱਸਿਆ ਨੂੰ ਲੈ ਕੇ ਸੂਚਨਾਵਾਂ ਇਕੱਤਰ ਕਰ ਕੇ ਡਬਲਿਊਐੱਚਓ ਨੂੰ 24 ਘੰਟਿਆਂ ਦੇ ਅੰਦਰ ਸੂਚਿਤ ਕਰਨਾ ਹੋਵੇਗਾ। ਫਿਰ ਵੀ ਚੀਨ ਨੇ ਇਸ ਨਿਯਮ ਦੀ ਉਲੰਘਣਾ ਕੀਤੀ।ਡਬਲਿਊਐੱਚਓ ਦੇ ਇਕ ਆਲਮੀ ਪੈਨਲ ਨੇ ਇਕ ਹਾਲੀਆ ਰਿਪੋਰਟ ’ਚ ਇਹ ਸਵੀਕਾਰ ਕੀਤਾ ਕਿ ਉਸ ਨੂੰ ਵੁਹਾਨ ’ਚ ਕੋਵਿਡ-19 ਬਾਰੇ ਪਹਿਲੀ ਵਾਰ ਸੂਚਨਾ ਤਾਈਵਾਨ ’ਚ ਛਪੀ ਖ਼ਬਰ ਤੇ ਇਕ ਆਟੋਮੇਟਿਡ ਅਲਰਟ ਸਿਸਟਮ ਤੋਂ ਮਿਲੀ, ਜਿਸ ਨੇ ਇਕ ਅਜੀਬੋ-ਗ਼ਰੀਬ ਨਿਊਮੋਨੀਆ ਬਾਰੇ ਦੱਸਿਆ ਸੀ। ਇਕ ਹੋਰ ਪਹਿਲੂ ਨੇ ਕੋਰੋਨਾ ਦੀ ਉਤਪਤੀ ’ਤੇ ਪਰਦਾ ਪਾਉਣ ਦੀਆਂ ਚੀਨੀ ਕੋਸ਼ਿਸ਼ਾਂ ’ਚ ਮਦਦ ਕੀਤੀ। ਦਰਅਸਲ ਅਮਰੀਕੀ ਸਰਕਾਰ ਦੀਆਂ ਏਜੰਸੀਆਂ ਨੇ 2014 ਤੋਂ ਹੀ ਵੁਹਾਨ ਦੀਖ਼ਤਰਨਾਕ ਲੈਬ ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ ਨੂੰ ਵਿੱਤੀ ਮਦਦ ਮੁਹੱਈਆ ਕਰਵਾਈ।

  ਬਾਈਡਨ ਨੇ ਆਪਣਾ ਕਾਰਜਭਾਰ ਸੰਭਾਲਦਿਆਂ ਹੀ ਡਬਲਿਊਐੱਚਓ ਨਾਲ ਅਮਰੀਕਾ ਦੀ ਟੁੱਟੀ ਕੜੀ ਜੋੜ ਕੇ ਡੋਨਾਲਡ ਟਰੰਪ ਵੱਲੋਂ ਇਸ ਸੰਸਥਾ ’ਚ ਸੁਧਾਰ ਲਈ ਬਣਾਏ ਗਏ ਦਬਾਅ ਨੂੰ ਵਿਅਰਥ ਕਰ ਦਿੱਤਾ। ਬਾਈਡਨ ਨੇ 26 ਜਨਵਰੀ ਨੂੰ ਇਕ ਨੋਟਿਸ ’ਤੇ ਦਸਤਖ਼ਤ ਕੀਤੇ, ਜਿਸ ’ਚ ਮਹਾਮਾਰੀ ਦੇ ਪੈਦਾ ਹੋਣ ਨੂੰ ਲੈ ਕੇ ਕਿਸੇ ਭੂਗੋਲਿਕ ਪਛਾਣ ਨੂੰ ਨਸਲੀ ਦੱਸਣ ਦੀ ਤਜਵੀਜ਼ ਸੀ। ਇਸ ਦਾ ਮਤਲਬ ਇਹ ਸੀ ਕਿ ਬਾਈਡਨ ਨੇ ਚੀਨ ਨੂੰ ਵਾਇਰਸ ਦਾ ਸ੍ਰੋਤ ਨਾ ਮੰਨਣ ਨੂੰ ਅਮਰੀਕਾ ਦੀ ਅਧਿਕਾਰਕ ਨੀਤੀ ਬਣਾ ਦਿੱਤਾ। ਹਾਲਾਂਕਿ ਵਾਇਰਸ ਦੇ ਵੱਖ-ਵੱਖ ਰੂਪਾਂ ਦੀ ਭੂਗੋਲਿਕ ਉਤਪਤੀ ਦੇ ਜ਼ਿਕਰ ਤੋਂ ਪਰਹੇਜ਼ ਨਹੀਂ ਕੀਤਾ ਜਾ ਰਿਹਾ।ਸਵਾਲ ਇਹ ਹੈ ਕਿ ਆਖ਼ਰ ਅਮਰੀਕੀ ਏਜੰਸੀਆਂ ਨੇ ਚੀਨੀ ਫ਼ੌਜ ਨਾਲ ਜੁੜੀ ਵੁਹਾਨ ਦੀ ਲੈਬ ਨੂੰ ਰਕਮ ਕਿਉਂ ਦਿੱਤੀ? ਇਸ ’ਤੇ 15 ਜਨਵਰੀ ਨੂੰ ਅਮਰੀਕੀ ਵਿਦੇਸ਼ ਵਿਭਾਗ ਦੀ ਫੈਕਟਸ਼ੀਟ ’ਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਯਕੀਨ ਹੈ ਕਿ ਵੁਹਾਨ ਲੈਬ ਨੇ ਗੁਪਤ ਪ੍ਰਾਜੈਕਟਾਂ ’ਤੇ ਚੀਨੀ ਫ਼ੌਜ ਨਾਲ ਮਿਲ ਕੇ ਕੰਮ ਕੀਤਾ ਹੈ। ਇਸ ਸੂਰਤ ’ਚ ਖੋਜ ਤੇ ਅਧਿਐਨ ’ਚ ਸਹਿਯੋਗ ਅਤੇ ਵਿੱਤੀ ਮਦਦ ਦੇਣ ਵਾਲੇ ਦੇਸ਼ਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਹ ਤੈਅ ਕਰਨ ਕਿ ਕੀ ਉਨ੍ਹਾਂ ਦੀ ਖੋਜ ਦੇ ਨਤੀਜੇ ਨੂੰ ਗੁਪਤ ਚੀਨੀ ਫ਼ੌਜੀ ਪ੍ਰਾਜੈਕਟਾਂ ਲਈ ਵੀ ਭੇਜਿਆ ਗਿਆ।ਫੈਕਟਸ਼ੀਟ ’ਚ ਜੈਵਿਕ ਹਥਿਆਰਾਂ ਨੂੰ ਲੈ ਕੇ ਚੀਨ ਦੀ ਮਨਸ਼ਾ ’ਤੇ ਵੀ ਸਵਾਲ ਉਠਾਏ ਗਏ ਹਨ ਕਿ 46 ਸਾਲ ਪਹਿਲਾਂ ਜੈਵਿਕ ਹਥਿਆਰ ਕਨਵੈਨਸ਼ਨ ਤਹਿਤ ਤੈਅ ਅੜਿੱਕਿਆਂ ਦੇ ਬਾਵਜੂਦ ਚੀਨ ਨੇ ਆਪਣੇ ਜੈਵਿਕ ਹਥਿਆਰ ਖੋਜ ਪ੍ਰੋਗਰਾਮ ਨੂੰ ਖ਼ਤਮ ਨਹੀਂ ਕੀਤਾ।

  ਮਹਾਮਾਰੀ ਦੀ ਜੜ੍ਹ ਦੀ ਪੜਤਾਲ ਹੋਰ ਵੀ ਕਈ ਕਾਰਨਾਂ ਤੋਂ ਮਹੱਤਵਪੂਰਨ ਹੈ। ਦਰਅਸਲ ਇਹ ਚੀਨ ’ਚੋਂ ਨਿਕਲੀ ਪਹਿਲੀ ਜਾਨਲੇਵਾ ਬਿਮਾਰੀ ਨਹੀਂ, ਜਿਸ ਨੇ ਦੁਨੀਆ ਨੂੰ ਆਪਣੀ ਲਪੇਟ ’ਚ ਲਿਆ। ਇਸ ਤੋਂ ਪਹਿਲਾਂ ਵੀ 1957 ਦੇ ਏਸ਼ੀਅਨ ਫਲੂ, 1968 ਦੇ ਹਾਂਗਕਾਂਗ ਫਲੂ ਤੇ 1977 ਦੇ ਰਸ਼ੀਅਨ ਫਲੂ ਜਿਹੀਆਂ ਇਨਫਲੂਐਂਜਾ ਮਹਾਮਾਰੀਆਂ ਦੀ ਸ਼ੁਰੂਆਤ ਚੀਨ ਤੋਂ ਹੀ ਹੋਈ ਸੀ। ਨਵੀਂ ਖੋਜ ਅਨੁਸਾਰ ਕਰੀਬ ਪੰਜ ਕਰੋੜ ਲੋਕਾਂ ਦੀ ਜਾਨ ਲੈਣ ਵਾਲਾ 1918 ਦਾ ਸਪੈਨਿਸ਼ ਫਲੂ ਵੀ ਚੀਨ ’ਚ ਹੀ ਪੈਦਾ ਹੋਇਆ ਸੀ ਤੇ ਇੱਥੋਂ ਹੀ ਦੁਨੀਆ ਭਰ ’ਚ ਫੈਲਿਆ।ਕੋਵਿਡ ਵੀ ਚੀਨ ਤੋਂ ਨਿਕਲੀ ਪਹਿਲੀ ਕੋਰੋਨਾ ਵਾਇਰਸ ਤੋਂ ਪੈਦਾ ਹੋਈ ਆਫ਼ਤ ਨਹੀਂ ਹੈ ਤੇ ਨਾ ਹੀ ਚੀਨ ਪਹਿਲੀ ਵਾਰ ਤੱਥਾਂ ’ਤੇ ਪਰਦਾ ਪਾਉਣ ਦਾ ਕੰਮ ਕਰ ਰਿਹਾ ਹੈ। 2002-03 ’ਚ 21ਵੀਂ ਸਦੀ ਦੀ ਪਹਿਲੀ ਮਹਾਮਾਰੀ ਸਾਰਸ ਦੇ ਮਾਮਲੇ ’ਚ ਵੀ ਉਹ ਅਜਿਹਾ ਕਰ ਚੁੱਕਿਆ ਹੈ। ਕੋਰੋਨਾ ਵਾਇਰਸ ਦੀ ਪੂਰੀ ਕੁੰਡਲੀ ਸਮਝਣਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਭਵਿੱਖ ’ਚ ਅਜਿਹੀ ਕਿਸੇ ਆਫ਼ਤ ਨਾਲ ਨਜਿੱਠਣ ਦੀ ਲੋੜੀਂਦੀ ਤਿਆਰੀ ਕੀਤੀ ਜਾ ਸਕੇ। ਚੀਨ ਆਪਣਾ ਦਾਮਨ ਬਚਾਉਣ ਦੀ ਕੋਸ਼ਿਸ਼ ’ਚ ਜੁਟਿਆ ਹੋਇਆ ਹੈ ਪਰ ਉਸ ’ਤੇ ਆਲਮੀ ਭਾਈਚਾਰੇ ਦੀ ਬੇਭਰੋਸਗੀ ਵੀ ਵਧੀ ਹੈ। ਇਸ ਨੇ ਵੀ ਮਹਾਮਾਰੀ ਦੀ ਪੂਰੀ ਅਸਲੀਅਤ ਜਾਣਨ ’ਚ ਦਿਲਚਸਪੀ ਵਧਾਈ ਹੈ। ਵੁਹਾਨ ਲੈਬ ਤੋਂ ਵਾਇਰਸ ਲੀਕ ਹੋਣ ਦੀ ਘਟਨਾ ’ਚ ਯਕੀਨ ਕਰਨ ਵਾਲੇ ਆਲਮੀ ਵਿਗਿਆਨੀਆਂ ਦੀ ਗਿਣਤੀ ’ਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ।

  ਮਹਾਮਾਰੀ ਤੋਂ ਹੋਏ ਨੁਕਸਾਨ ਦਾ ਚੀਨ ਤੋਂ ਮੁਆਵਜ਼ਾ ਮੰਗਣ ਦੇ ਪੱਖ ’ਚ ਪਿਛਲੇ ਸਾਲ ਉੱਠ ਰਹੀਆਂ ਆਲਮੀ ਆਵਾਜ਼ਾਂ ਨੂੰ ਚੀਨ ਨੇ ਹਮਲਾਵਰ ਰੁਖ਼ ਨਾਲ ਦਬਾ ਦਿੱਤਾ। ਇਸ ਸਾਲ ਟਰੰਪ ਤੋਂ ਇਲਾਵਾ ਕੋਈ ਵੀ ਅਜਿਹੀ ਮੰਗ ਨਹੀਂ ਕਰ ਰਿਹਾ ਕਿਉਂਕਿ ਅਜਿਹਾ ਕੋਈ ਵੀ ਕਦਮ ਗ਼ੈਰ-ਵਿਵਹਾਰਕ ਜ਼ਿਆਦਾ ਹੈ। ਉੱਥੇ ਹੀ ਬੀਜਿੰਗ ਦੀ ਆਲਮੀ ਤਾਕਤ ਤੇ ਰੁਤਬਾ ਵੀ ਅਸਰ ਦਿਖਾ ਰਿਹਾ ਹੈ। ਇਸ ਨੂੰ ਕੋਵਿਡ-19 ਦੀ ਮਿਹਰਬਾਨੀ ਹੀ ਕਿਹਾ ਜਾਵੇਗਾ ਕਿ ਤਮਾਮ ਦੇਸ਼ਾਂ ਨੇ ਚੀਨ ’ਤੇ ਨਿਰਭਰ ਸਪਲਾਈ ਲੜੀ ਨੂੰ ਲੈ ਕੇ ਸਖ਼ਤ ਸਬਕ ਸਿੱਖੇ ਹਨ।ਚੀਨ ਤੋਂ ਆਲਮੀ ਭਾਈਚਾਰੇ ਦਾ ਮੋਹ ਭੰਗ ਹੋਇਆ ਹੈ। ਬਦਲਦੇ ਹਾਲਾਤ ’ਚ ਲੈਬ-ਲੀਕ ਥਿਓਰੀ ਮੁੱਖਧਾਰਾ ’ਚ ਜਗ੍ਹਾ ਬਣਾਉਂਦੀ ਜਾ ਰਹੀ ਹੈ। ਇਸ ਸੂਰਤ ’ਚ ਵੁਹਾਨ ਲੈਬ ਨੂੰ ਲੈ ਕੇ ਅਮਰੀਕਾ ਦੀ ਅਧਿਕਾਰਕ ਜਾਂਚ ਕੋਵਿਡ ਦੇ ਮੂਲ ਨੂੰ ਲੈ ਕੇ ਸਥਿਤੀ ਸਪੱਸ਼ਟ ਕਰਨ ’ਚ ਚੀਨ ’ਤੇ ਦਬਾਅ ਵਧਾਵੇਗੀ। ਕੁੱਲ ਮਿਲਾ ਕੇ ਚੀਨ ਨੂੰ ਆਪਣੇ ਕਰਮਾਂ ਦਾ ਅੰਜਾਮ ਭੁਗਤਣਾ ਹੀ ਪਵੇਗਾ। ਉਸ ਦੇ ਮਾਣ-ਸਨਮਾਨ ਤੇ ਅਕਸ ’ਤੇ ਜੋ ਗ੍ਰਹਿਣ ਲੱਗੇਗਾ, ਉਹ ਕਿਸੇ ਵੀ ਹਰਜਾਨੇ ਨਾਲੋਂ ਕਿਤੇ ਜ਼ਿਆਦਾ ਵੱਡਾ ਹੋਵੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img