More

  ਚੀਨੀ ਕੰਪਨੀ ‘ਐਵਰਗਰਾਂਡੇ’ ਦਾ ਸੰਕਟ ਤੇ ਸੰਸਾਰ ਅਰਥਚਾਰਾ

  ਸੰਸਾਰ ਅਰਥਚਾਰੇ ਦੇ ਡਿੱਕਡੋਲੇ ਖਾਣ ਦੇ ਬਾਵਜੂਦ ਭਾਰਤ ਸਮੇਤ ਪੂਰੀ ਦੁਨੀਆ ਦੇ ਹੀ ਸ਼ੇਅਰ ਬਜਾਰ ਪਿਛਲੇ ਸਮੇਂ ਵਿੱਚ ਰਿਕਾਰਡ ਤੋੜ ਵਾਧੇ ਦਰਜ ਕਰਦੇ ਰਹੇ ਸਨ। ਸ਼ੇਅਰ ਬਜਾਰ ਜਦੋਂ ਇੰਝ ਸਿਖਰਾਂ ਛੂਹ ਰਿਹਾ ਹੁੰਦਾ ਹੈ ਤਾਂ ਆਏ ਦਿਨ ਵਿਲੱਖਣ ਤੋਂ ਵਿਲੱਖਣ ਨਿਵੇਸ਼ ਦੇ ਤਰੀਕੇ ਸਾਹਮਣੇ ਆਉਂਦੇ ਰਹਿੰਦੇ ਹਨ ਤੇ ਨਾਲ਼ ਹੀ ਸਰਮਾਏਦਾਰੀ ਦਾ ਪੂਰਾ ਪ੍ਰਚਾਰ ਤੰਤਰ ਆਮ ਲੋਕਾਈ ਨੂੰ ਇਹਦੇ ਵਿੱਚ ਪੈਸੇ ਲਗਾਉਣ ਲਈ ਹੁੱਜਾਂ ਮਾਰਦਾ ਰਹਿੰਦਾ ਹੈ। ਇਹਨੀਂ ਦਿਨੀਂ ਯੂਟਿਊਬ, ਫੇਸਬੁੱਕ, ਟੀਵੀ ਚੈਨਲਾਂ, ਅਖ਼ਬਾਰਾਂ ਆਦਿ ਉੱਤੇ ‘ਨਿਵੇਸ਼ ਕਰਨ ਲਈ ਪੈਸੇ ਦੀ ਨਹੀਂ ਹਿੰਮਤ ਤੇ ਦਿਮਾਗ ਦੀ ਜਰੂਰਤ ਹੈ’, ‘ਨਿਵੇਸ਼ ਦਾ ਨਿਵੇਕਲਾ ਮੌਕਾ’, ‘ਭਵਿੱਖ ਲਈ ਸੋਚੋ, ਕਿ੍ਰਪਟੋਕਰੰਸੀ ਖਰੀਦੋ’ ਨਾਲ਼ ਮਿਲ਼ਦੀਆਂ ਜੁਲਦੀਆਂ ਮਸ਼ਹੂਰੀਆਂ ਆਮ ਵੇਖਣ ਨੂੰ ਮਿਲ਼ ਜਾਂਦੀਆਂ ਸਨ। ਹਾਕਮਾਂ ਨੂੰ, ਖਾਸ ਕਰਕੇ ਚੜਤ ਵੇਲੇ, ਇਹੋ ਅਹਿਸਾਸ ਹੁੰਦਾ ਹੈ ਕਿ ਉਹਨਾਂ ਦੀ ਚੜੀ ਗੁੱਡੀ ਕਦੇ ਨਹੀਂ ਲੱਥਣ ਲੱਗੀ, ਕੁੱਝ ਇਹੋ ਜਿਹਾ ਹੀ ਅਹਿਸਾਸ ਸੱਟਾ ਬਜ਼ਾਰ ਦੇ ਪੈਰੋਕਾਰਾਂ ਉੱਤੇ ਪਿਛਲੇ ਸਮਿਆਂ ਵਿੱਚ ਭਾਰੂ ਹੋ ਰਿਹਾ ਸੀ। ਭਾਵੇਂ ਮੁੱਖਧਾਰਾ ਦੇ ਹੀ ਹੋਰ ਕੋਨਿਆਂ ਤੋਂ ਅਜਿਹੀਆਂ ਅਵਾਜਾਂ ਵੀ ਲਗਾਤਾਰ ਆ ਰਹੀਆਂ ਸਨ ਜੋ ਕਿ ਸੱਟਾ ਬਜ਼ਾਰ ਨੂੰ ਅਸਲ ਪੈਦਾਵਾਰ ਨਾਲ਼ੋਂ ਟੁੱਟਿਆ ਬੁਲਬਲਾ ਦੱਸ ਰਹੀਆਂ ਸਨ ਪਰ ਨਿਫਟੀ, ਸੈਂਸੈਕਸ, ਨਾਸਡਾਕ ਆਦਿ ਜਹੇ ਨਿੱਤ ਚੜ੍ਹਦੇ ਸੂਚਕਾਂ ਦੀ ਚਕਾਚੌਂਧ ਸਰਮਾਏਦਾਰਾਂ ਦੀਆਂ ਯਾਦਾਂ ਵਿੱਚੋਂ 2008 ਦੀ ਮਹਾਂਮੰਦੀ ਨੂੰ ਧੁੰਦਲਿਆਂ ਕਰ ਰਹੀਆਂ ਸਨ। ਮੁੱਖਧਾਰਾ ਮੀਡੀਆ ਦਾ ਵੱਡਾ ਹਿੱਸਾ ਵੀ ਜਦ ਅਰਥਚਾਰੇ ਦੇ ਮੁੜ ਪੈਰਾਂ ਸਿਰ ਹੋਣ ਦੇ ਵਹਿਣ ਵਿੱਚ ਆਕੇ ਸੱਟਾ ਬਜ਼ਾਰ ਵਿਚਲੇ ਬੁਲਬੁਲੇ ਨੂੰ ਨਜ਼ਰਅੰਦਾਜ ਕਰਨ ਲੱਗ ਪਿਆ ਸੀ ਤਾਂ ਅਜਿਹੇ ਸਮੇਂ ਅਸੀਂ ‘ਲਲਕਾਰ’ ਦੇ ਪਿਛਲੇ ਅੰਕ ਵਿੱਚ ਲਿਖਿਆ ਸੀ ਕਿ “… ਇਹ ਸਾਫ ਹੈ ਕਿ ਆਉਣ ਵਾਲ਼ੇ ਸਮੇਂ ਵਿੱਚ ਸ਼ੇਅਰ ਬਜਾਰ ਦੇ ਇਸ ਗੁਬਾਰੇ ਦਾ ਫੁੱਟਣਾ ਤੈਅ ਹੈ।” ਦੇਖੋ – ‘ਆਰਥਿਕ ਮੰਦੀ ਦੇ ਬਾਵਜੂਦ ਕਿਉਂ ਵਧ ਰਿਹੈ ਸ਼ੇਅਰ ਬਜਾਰ?’ ਲਲਕਾਰ ਅੰਕ-15 (16-30 ਸਤੰਬਰ 2021) ਸ਼ੇਅਰ ਬਜਾਰ ਦੇ ਪੱਖ ਵਿੱਚ ਸਰਮਾਏਦਾਰਾ ਖੋਖਲੇ ਪ੍ਰਚਾਰ ਦੇ ਉਲਟ ਹਕੀਕਤ ਨੇ ਸਾਡੇ ਦਾਅਵੇ ਨੂੰ ਵਧੇਰੇ ਸਹੀ ਠਹਿਰਾਇਆ ਹੈ ਭਾਵੇਂ ਹਾਲੇ ਕੋਈ ਵੱਡਾ ਸੰਕਟ ਸੰਸਾਰ ਅਰਥਚਾਰੇ ਵਿੱਚ ਨਹੀਂ ਆਇਆ ਹੈ। ਇਸ ਲੇਖ ਦੇ ਛਪਣ ਤੋਂ ਕੁੱਝ ਸਮਾਂ ਮਗਰੋਂ ਹੀ ਚੀਨ ਦੀ ਦੂਜੀ ਸਭ ਤੋਂ ਵੱਡੀ ਰੀਅਲ ਇਸਟੇਟ ਦੀ ਕੰਪਨੀ ‘ਐਵਰਗਰਾਂਡੇ’ ਦੇ ਕਰਜਾ ਮੋੜਨ ਤੋਂ ਅਸਮਰੱਥ ਹੋਣ ਦੀ ਖ਼ਬਰ ਸਾਹਮਣੇ ਆਈ ਜਿਸ ਨਾਲ਼ ਨਾ ਸਿਰਫ ਚੀਨ ਸਗੋਂ ਦੁਨੀਆਂ ਭਰ ਦੇ ਸ਼ੇਅਰ ਬਜ਼ਾਰਾਂ ਵਿੱਚ ਵੱਡੀ ਗਿਰਾਵਟ ਦਰਜ ਹੋਈ। ਭਾਵੇਂ ਇਕੱਲੀ ਇਹੀ ਘਟਨਾ 2008 ਜਿਹੇ ਵਿੱਤੀ ਸੰਕਟ ਨੂੰ ਜਨਮ ਦੇਣ ਲਈ ਕਾਫੀ ਨਹੀਂ ਹੈ ਪਰ ਇਸ ਵਿੱਚ ਲਾਜਮੀ ਹੀ ਭਵਿੱਖ ਵਿੱਚ ਆਉਣ ਵਾਲ਼ੇ ਸੰਕਟ ਦਾ ਜਰਮ ਮੌਜੂਦ ਹੈ ਤੇ ਜਰੂਰੀ ਹੀ ਇਸਦੇ ਕਈ ਦੂਰਰਸ ਸਿੱਟੇ ਵੀ ਸੰਸਾਰ ਅਰਥਚਾਰੇ ਉੱਤੇ ਪੈਣਗੇ। ਇਸ ਘਟਨਾ ਨੂੰ ਸੰਸਾਰ ਅਰਥਚਾਰੇ ਦੀ ਮੌਜੂਦਾ ਸਥਿਤੀ ਜਾਣਨ ਲਈ ਜਰੂਰੀ ਹੀ ਵਧੇਰੇ ਘੋਖਣਾ ਚਾਹੀਦਾ ਹੈ।
  ਕੀ ਹੈ ਚੀਨੀ ਕੰਪਨੀ ‘ਐਵਰਗਰਾਂਡੇ’ ਦਾ ਮਸਲਾ?
  ‘ਐਵਰਗਰਾਂਡੇ‘ ਚੀਨ ਦੀ ਦੂਜੀ ਸਭ ਤੋਂ ਵੱਡੀ ਰੀਅਲ ਇਸਟੇਟ (ਰਿਹਾਇਸ਼ੀ ਮਕਾਨ) ਦੀ ਕੰਪਨੀ ਹੈ ਜਿਸਦਾ ਇਸ ਖੇਤਰ ਤੋਂ ਇਲਾਵਾ ਸੈਰ-ਸਪਾਟਾ, ਖੇਡਾਂ, ਆਟੋਮੋਬਾਈਲ, ਸਿਹਤ, ਵਿੱਤ, ਮਨੋਰੰਜਨ ਆਦਿ ਦੇ ਖੇਤਰਾਂ ਵਿੱਚ ਵੀ ਵੱਡਾ ਨਿਵੇਸ਼ ਹੈ ਪਰ ਇਸ ਦਾ ਮੁੱਖ ਨਿਵੇਸ਼ ਰੀਅਲ ਇਸਟੇਟ ਖੇਤਰ ਵਿੱਚ ਹੀ ਹੈ। ਰੀਅਲ ਇਸਟੇਟ ਦੇ ਖੇਤਰ ਵਿੱਚ ‘ਐਵਰਗਰਾਂਡੇ’ ਦਾ ਕੰਮ 280 ਤੋਂ ਵੀ ਵੱਧ ਸ਼ਹਿਰਾਂ ਵਿੱਚ ਫੈਲਿਆ ਹੋਇਆ ਹੈ ਤੇ ਇਹ ਫੈਲਾਅ ਮੁੱਖ ਤੌਰ ’ਤੇ ਪਿਛਲੇ 20 ਸਾਲਾਂ ਦੌਰਾਨ ਚੀਨ ਵਿੱਚ ਸ਼ਹਿਰੀਕਰਨ ਦੇ ਤੇਜ ਵਾਧੇ ਸਦਕਾ ਹੋਇਆ ਹੈ। ਮੁਨਾਫਿਆਂ ਵਿੱਚ ਆਈ ਗਿਰਾਵਟ ਸਦਕਾ ਇਸ ਸਮੇਂ ‘ਐਵਰਗਰਾਂਡੇ’ ਸਿਰ ਕਰਜੇ ਦਾ ਪਹਾੜ ਲੱਦਿਆ ਹੋਇਆ ਹੈ, ਅੰਕੜਿਆਂ ਵਿੱਚ ਜਾਣਾ ਹੋਵੇ ਤਾਂ ਇਸ ਕੰਪਨੀ ਸਿਰ ਕੁੱਲ ਦੇਣਦਾਰੀ 305 ਅਰਬ ਅਮਰੀਕੀ ਡਾਲਰ ਬਣਦੀ ਹੈ ਜੀਹਦੇ ਵਿੱਚੋਂ ਕੁੱਲ 7.4 ਅਰਬ ਅਮਰੀਕੀ ਡਾਲਰਾਂ ਦੇ ਬੌਂਡਾਂ ਦਾ ਭੁਗਤਾਨ 2022 ਵਿੱਚ ਕਰਨਾ ਹੈ। ਬੀਤੇ ਦਿਨੀ ਇਸਨੇ ਆਪਣੇ ਸਿਰ ਪਏ ਵਿਆਜ ਤੱਕ ਦਾ ਭੁਗਤਾਨ ਕਰਨ ਵਿੱਚ ਆਪਣੇ ਆਪ ਨੂੰ ਅਸਮਰੱਥ ਦੱਸਿਆ ਹੈ ਜਿਸ ਸਦਕਾ ਇਸਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਦਰਜ ਹੋਈ ਹੈ। ਇਸਦੇ ਕਰਜੇ ਦੀਆਂ ਸਮੱਸਿਆਵਾਂ ਅਗਸਤ ਵਿੱਚ ਹੀ ਸਾਹਮਣੇ ਆ ਗਈਆਂ ਸਨ ਜਦ ਚੀਨ ਦੀ ਸਰਕਾਰ ਨੇ ਇਸਨੂੰ ਆਪਣੇ ਵਧ ਰਹੇ ਕਰਜਿਆਂ ਸਬੰਧੀ ਪੁਖਤਾ ਹੱਲ ਲੱਭਣ ਦਾ ਹੁਕਮ ਜਾਰੀ ਕੀਤਾ ਸੀ। ਅਸਲ ਵਿੱਚ ‘ਐਵਰਗਰਾਂਡੇ’ ਸਮੇਤ ਚੀਨ ਦੀਆਂ ਹੋਰ ਰੀਅਲ ਇਸਟੇਟ ਦੀਆਂ ਕੰਪਨੀਆਂ ਦੇ ਮੁਨਾਫਿਆਂ ਵਿੱਚ ਤਾਂ ਪਹਿਲਾਂ ਹੀ ਗਿਰਾਵਟ ਆਉਣ ਲੱਗ ਪਈ ਸੀ ਪਰ ਗਾਹਕਾਂ ਵੱਲੋਂ ਘਰਾਂ ਲਈ ਕੀਤੇ ਅਗੇਤੇ ਭੁਗਤਾਨ, ਬੈਂਕਾਂ ਆਦਿ ਤੋਂ ਹਾਸਲ ਕਰਜੇ ਤੇ ਸ਼ੇਅਰ ਬਜ਼ਾਰ ਉੱਤੇ ਵਿੱਤੀ, ਗੈਰ ਵਿੱਤੀ ਅਦਾਰਿਆਂ ਸਮੇਤ ਹੋਰਾਂ ਵੱਲੋਂ ਕੀਤੀ ਜਾ ਰਹੀ ਸੱਟੇਬਾਜੀ ਕਰਕੇ ਇਸਦੀ ਕੁੱਲ ਦੌਲਤ ਵਿੱਚ ਵਾਧਾ ਦਰਜ ਹੋ ਰਿਹਾ ਸੀ ਜਿਸ ਨਾਲ਼ ਸ਼ੇਅਰ ਬਜਾਰ ਵਿੱਚ ਇਸਦੇ ਸ਼ੇਅਰ ਹੋਰ ਮਹਿੰਗੇ ਵਿਕ ਰਹੇ ਸਨ ਤੇ ਸੱਟੇਬਾਜੀ ਸਦਕਾ ਰੀਅਲ ਇਸਟੇਟ ਖੇਤਰ ਦੇ ਸ਼ੇਅਰਾਂ ਦੀ ਕੁੱਲ ਕੀਮਤ ਤੇ ਇਹਨਾਂ ਕੰਪਨੀਆਂ ਦੀ ਪੈਦਾਵਾਰੀ ਸਰਗਰਮੀਆਂ ਵਿੱਚੋਂ ਹੋ ਰਹੀ ਅਸਲ ਕਮਾਈ ਵਿਚਲਾ ਫਰਕ ਲਗਾਤਾਰ ਵਧਦਾ ਜਾ ਰਿਹਾ ਸੀ। ਇਹੀ ਬੁਲਬੁਲੇ ਸਦਕਾ ਹੋਰ ਖੇਤਰਾਂ ਵਿੱਚੋਂ ਵੀ ਨਿਵੇਸ਼ ਕੱਢਕੇ ਤੇ ਇਸ ਖੇਤਰ ਵਿੱਚ ਕੀਤਾ ਜਾ ਰਿਹਾ ਸੀ ਜੋ ਇਸ ਬੁਲਬੁਲੇ ਨੂੰ ਹੋਰ ਵਧੇਰੇ ਵੱਡਾ ਕਰ ਰਿਹਾ ਸੀ ਤੇ ਇਹ ਪ੍ਰਕਿਰਿਆ ਕਰੋਨਾ ਕਾਲ ਮਗਰੋਂ ਚੀਨੀ ਅਰਥਚਾਰੇ ਦੇ ਤੇਜ ਰਫਤਾਰ ਵਾਧੇ ਦਾ ਅਹਿਮ ਕਾਰਨ ਵੀ ਸੀ।
  ਇਸ ਸੰਦਰਭ ਵਿੱਚ ਇਹ ਜਾਨਣਾ ਜਰੂਰੀ ਹੈ ਕਿ ਚੀਨ ਦੀ ਸਰਕਾਰ 2008 ਵਿੱਚ ਸੰਯੁਕਤ ਰਾਜ ਅਮਰੀਕਾ ਤੋਂ ਸ਼ੁਰੂ ਹੋਏ ਵਿੱਤੀ ਸੰਕਟ ਤੇ 2015-16 ਵਿੱਚ ਸ਼ੰਘਾਈ ਸੱਟਾ ਬਜਾਰ ਵਿੱਚ ਹੋਈ ਹਲਚਲ ਜਹੀ ਘਟਨਾ ਤੋਂ ਹਰ ਹਾਲ ਬਚਣਾ ਚਾਹੁੰਦੀ ਹੈ ਕਿਉਂ ਜੋ ਅਜਿਹੇ ਵਿੱਤੀ ਸੰਕਟ ਸਮਾਜਿਕ ਉੱਥਲ-ਪੁਥਲ ਲਈ ਜਰਖੇਜ ਜੰਮਣ-ਭੋਇੰ ਮੁਹੱਈਆ ਕਰਵਾਉਂਦੇ ਹਨ। ਇਸ ਕਰਕੇ ਵਿੱਤੀ ਬਜਾਰ ਵਿੱਚ ਰੀਅਲ ਇਸਟੇਟ ਦੇ ਬੁਲਬੁਲੇ ਨੂੰ ਬਣਦੇ ਦੇਖਕੇ ਹੀ ਚੀਨੀ ਸਰਕਾਰ ਨੇ ਕਿਸੇ ਵੀ ਕੰਪਨੀ ਨੂੰ ਕਰਜਾ ਦੇਣ ਸਬੰਧੀ ਤਿੰਨ ਜਰੂਰੀ ਸ਼ਰਤਾਂ ਜਾਰੀ ਕਰ ਦਿੱਤੀਆਂ ਜਿਨਾਂ ਤਿੰਨਾਂ ਨੂੰ ਹੀ ‘ਐਵਰਗਰਾਂਡੇ’ ਪੂਰਾ ਨਹੀਂ ਸੀ ਕਰਦੀ। ਇਸ ਨਾਲ਼ ਬੈਂਕਾਂ ਆਦਿ ਰਾਹੀਂ ਮਿਲ਼ਣ ਵਾਲ਼ੇ ਕਰਜੇ ਸੁੱਕਣ ਕਾਰਨ ਪਲਕ ਝਪਕਦਿਆਂ ਹੀ ‘ਐਵਰਗਰਾਂਡੇ’ ਸਮੇਤ ਕਈ ਰੀਅਲ ਇਸਟੇਟ ਦੀਆਂ ਕੰਪਨੀਆਂ ਆਪਣੀਆਂ ਦੇਣਦਾਰੀਆਂ ਜਿਵੇਂ ਕਿ ਵਿਆਜ ਦਾ ਭੁਗਤਾਨ, ਨਵੇਂ ਘਰਾਂ ਦੀ ਉਸਾਰੀ ਉੱਤੇ ਖਰਚ ਆਦਿ ਕਰਨ ਤੋਂ ਅਸਮਰੱਥ ਹੋ ਗਈਆਂ ਕਿਉਂ ਕਿ ਉਹਨਾਂ ਦੀ ਅਸਲ ਆਮਦਨ ਤੇ ਮੁਨਾਫੇ ਤਾਂ ਪਹਿਲਾਂ ਹੀ ਸੁੰਘੜ ਰਹੇ ਸਨ। ਅਸਲ ਆਮਦਨ ਦੀ ਇਹ ਸਥਿਤੀ ਦੇ ਸਾਹਮਣੇ ਆਉਣ ਨਾਲ਼ ਜਲਦ ਹੀ ਸ਼ੇਅਰ ਬਜਾਰ ਵਿੱਚ ਵੀ ‘ਐਵਰਗਰਾਂਡੇ’ ਦੇ ਸ਼ੇਅਰਾਂ ਦੀ ਕੀਮਤ ਮੂਧੇ ਮੂੰਹ ਡਿੱਗ ਪਈ। ਇਸਦੇ ਸਿੱਟੇ ਵਜੋਂ ਨਾ ਸਿਰਫ ਚੀਨ ਦੇ ਸ਼ੇਅਰ ਬਜਾਰ ਵਿੱਚ ਹੀ ਗਿਰਾਵਟ ਦਰਜ ਹੋਈ ਹੈ ਸਗੋਂ ਚੀਨ ਦੇ ਅਰਥਚਾਰੇ ਦੀ ਵਿਕਾਸ ਦਰ ਵੀ ਹੇਠਾਂ ਡਿੱਗਣ ਦੀਆਂ ਕਿਆਸਰਾਈਆਂ ਹਨ।
  ਅਰਥਚਾਰੇ ਉੱਪਰ ਸੰਭਾਵੀ ਅਸਰ
  ‘ਐਵਰਗਰਾਂਡੇ’ ਸਮੇਤ ਰੀਅਲ ਇਸਟੇਟ ਦਾ ਖੇਤਰ ਨਾ ਸਿਰਫ ਕਰੋਨਾ ਕਾਲ ਮਗਰੋਂ ਚੀਨ ਦੇ ਅਰਥਚਾਰੇ ਵਿੱਚ ਆਏ ਉਛਾਲ ਦਾ ਮੁੱਖ ਕਾਰਨ ਸੀ ਸਗੋਂ ਨਿਰਪੇਖ ਤੌਰ ਉੱਤੇ ਵੀ ਚੀਨ ਦੇ ਅਰਥਚਾਰੇ ਵਿੱਚ ਇਸਦਾ ਵੱਡਾ ਹਿੱਸਾ ਹੈ। ਰੀਅਲ ਇਸਟੇਟ ਖੇਤਰ ਕੁੱਲ ਮਿਲ਼ਾਕੇ ਚੀਨ ਦੇ ਅਰਥਚਾਰੇ ਦੀ ਪੈਦਾਵਾਰ ਦਾ 29% ਹਿੱਸਾ ਬਣਦਾ ਹੈ ਤੇ ਇਸ ਵਿੱਚ ਆਇਆ ਸੰਕਟ ਕੁੱਲ ਚੀਨ ਦੇ ਅਰਥਚਾਰੇ ਨੂੰ ਹੀ ਡੂੰਘੀ ਤਰ੍ਹਾਂ ਪ੍ਰਭਾਵਿਤ ਕਰੇਗਾ। ਨਾ ਸਿਰਫ ‘ਐਵਰਗਰਾਂਡੇ’ ਸਗੋਂ ਚੀਨ ਦੀਆਂ ਹੋਰ ਰੀਅਲ ਇਸਟੇਟ ਦੀਆਂ ਕੰਪਨੀਆਂ ਵੀ ਇਸ ਸਮੇਂ ਦਿਵਾਲੀਆ ਹੋਣ ਵੱਲ ਵਧ ਰਹੀਆਂ ਹਨ। ਉਦਹਾਰਨ ਵਜੋਂ ‘ਗੁਆਂਗਜੋਊ’ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਵਿੱਚ 20% ਗਿਰਾਵਟ ਆਈ ਹੈ, ‘ਫੰਤਾਸੀਆ’ ਕੰਪਨੀ ਵਿੱਤੀ ਦਿੱਕਤਾਂ ਵਿੱਚ ਫਸ ਗਈ ਹੈ ਤੇ ਵੱਖੋ-ਵੱਖ ਰੀਅਲ ਇਸਟੇਟ ਦੀਆਂ ਕੰਪਨੀਆਂ ਪਿਛਲੇ ਮਹੀਨੇ 6.2 ਅਰਬ ਅਮਰੀਕੀ ਡਾਲਰਾਂ ਦੀਆਂ ਦੇਣਦਾਰੀਆਂ ਪੂਰੀਆਂ ਕਰਨ ਤੋਂ ਅਸਮਰੱਥ ਸਾਬਤ ਹੋਈਆਂ ਹਨ। ਮਤਲਬ ਕੁੱਲ ਮਿਲ਼ਾਕੇ ਰੀਅਲ ਇਸਟੇਟ ਖੇਤਰ ਦਾ ਵੱਡਾ ਹਿੱਸਾ ਡੂੰਘੇ ਸੰਕਟ ਵਿੱਚੋਂ ਗੁਜਰ ਰਿਹਾ ਹੈ। ਇਸੇ ਸਦਕਾ ਵੱਖੋ-ਵੱਖ ਅਦਾਰਿਆਂ ਵੱਲੋਂ ਜੋ ਚੀਨੀ ਅਰਥਚਾਰੇ ਦੇ ਵਿਕਾਸ ਦਰ ਦੀਆਂ ਭਵਿੱਖਵਾਣੀਆਂ ਕੀਤੀਆਂ ਗਈਆਂ ਸਨ, ਉਹਨਾਂ ਦਰਾਂ ਨੂੰ ਹੁਣ ਪੂਰਾ ਕਰਨਾ ਚੀਨੀ ਅਰਥਚਾਰੇ ਲਈ ਅਸੰਭਵ ਨਹੀਂ ਤਾਂ ਬੇਹੱਦ ਮੁਸ਼ਕਲ ਹੋਵੇਗਾ।
  ਭਾਰਤ ਵਿੱਚ ਤੇ ਕੌਮਾਂਤਰੀ ਪੱਧਰ ਉੱਤੇ ਵੀ ਮੁੱਖਧਾਰਾ ਮੀਡੀਆ ਲਗਭਗ ਇਸ ਗੱਲ ਉੱਤੇ ਇਕਮੱਤ ਹੈ ਕਿ ‘ਐਵਰਗਰਾਂਡੇ’ ਦੀ ਘਟਨਾ ਸਰਮਾਏਦਾਰਾ ਅਰਥਚਾਰੇ ਲਈ ਕੋਈ 2008 ਦੇ ਵਿੱਤੀ ਸੰਕਟ ਜਹੀ ਖਤਰਨਾਕ ਘਟਨਾ ਨਹੀਂ ਹੈ ਪਰ ਇਸ ਗੱਲ ਵਿੱਚ ਅੰਸ਼ਕ ਸੱਚਾਈ ਦੇ ਬਾਵਜੂਦ ਇਹ ਇਸ ਪੂਰੇ ਵਰਤਾਰੇ ਦੇ ਗੰਭੀਰ ਅਸਰਾਂ ਨੂੰ ਨਜ਼ਰਅੰਦਾਜ ਕਰਨ ਵਾਲ਼ੀ ਗੱਲ ਹੈ। ਪਹਿਲੀ ਗੱਲ ਤਾਂ ਇਹ ਕਿ ਸੰਸਾਰ ਅਰਥਚਾਰੇ ਵਿੱਚ ਇਸ ਸਾਲ ਜੋ ਥੋੜੇ ਮੋਟੇ ਉਭਾਰ ਦੇ ਅਸਾਰ ਸਨ ਉਹ ਚੀਨ ਦੇ ਅਰਥਚਾਰੇ ਵਿਚਲੇ ਤੇਜ ਉਭਾਰ ਉੱਪਰ ਕਾਫੀ ਹੱਦ ਤੱਕ ਨਿਰਭਰ ਸਨ ਤੇ ਹੁਣ ਚੀਨ ਦੇ ਵਿਕਾਸ ਦਰ ਸਬੰਧੀ ਸਾਲ ਦੇ ਸ਼ੁਰੂ ਤੇ ਅੱਧ ਵਿੱਚ ਕੀਤੀਆਂ ਭਵਿੱਖਵਾਣੀਆਂ ਗਲਤ ਹੀ ਸਾਬਤ ਹੁੰਦੀਆਂ ਲੱਗਦੀਆਂ ਹਨ ਜਿਸ ਨਾਲ਼ ਸੰਸਾਰ ਅਰਥਚਾਰਾ ਸਥਾਈ ਮੰਦਵਾੜੇ ਦੀ ਹਾਲਤ ਵਿੱਚ ਹੋਰ ਗਹਿਰਾ ਫਸਦਾ ਜਾਪਦਾ ਹੈ। ਦੂਜੀ ਗੱਲ, ‘ਐਵਰਗਰਾਂਡੇ’ ਸਮੇਤ ਚੀਨ ਦੇ ਰੀਅਲ ਇਸਟੇਟ ਖੇਤਰ ਦੇ ਇਸ ਸੰਕਟ ਨਾਲ਼ ਕੁੱਲ ਦੁਨੀਆਂ ਵਿੱਚ ਹੀ ਕਈ ਕਿਸਮ ਦੀਆਂ ਪੈਦਾਵਾਰੀ ਸਰਗਰਮੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂ ਕਿ ਚੀਨ ਦੇ ਇਸ ਖੇਤਰ ਵਿੱਚ ਸੰਸਾਰ ਭਰ ਦਾ 20% ਸਟੀਲ ਤੇ ਤਾਂਬਾ ਤੇ 9% ਐਲਮੀਨੀਅਮ ਖਪਦਾ ਹੈ। ‘ਐਵਰਗਰਾਂਡੇ’ ਦੇ ਕਰਜਈ ਹੋਣ ਦੀ ਖ਼ਬਰ ਨਾਲ਼ ਹੀ ਦੁਨੀਆ ਭਰ ਵਿੱਚ ਲੋਹੇ ਦੀਆਂ ਧਾਤਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਤੇ ਨਾਲ਼ ਹੀ ਇਹਨਾਂ ਦੀ ਪੈਦਾਵਾਰ ਨਾਲ਼ ਸਬੰਧਤ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ਵੀ ਹੇਠਾਂ ਡਿੱਗੀਆਂ। ਤੀਜਾ, ਅੱਜ ਵਿਸ਼ਵ ਪੱਧਰ ਉੱਤੇ ਵਿੱਤੀ ਖੇਤਰ ਜਿੰਨਾਂ ਇੱਕ ਦੂਜੇ ਨਾਲ਼ ਜੁੜ ਚੁੱਕਿਆ ਹੈ ਉਸ ਨਾਲ਼ ਨਾ ਸਿਰਫ ਇਸ ਘਟਨਾ ਦਾ ਅਸਰ ਚੀਨ ਦੇ ਬੈਂਕਾਂ, ਸ਼ੇਅਰ ਬਜਾਰਾਂ ਤੇ ਵਿੱਤੀ ਖੇਤਰ ਉੱਤੇ ਪਵੇਗਾ ਸਗੋਂ ਵੱਧ ਜਾਂ ਘੱਟ ਹੱਦ ਤੱਕ ਇਹ ਪੂਰੇ ਸੰਸਾਰ ਦੇ ਵਿੱਤੀ ਖੇਤਰ ਵਿੱਚ ਹੀ ਹਲਚਲ ਪੈਦਾ ਕਰੇਗਾ ਤੇ ਕਰ ਰਿਹਾ ਹੈ।
  ਨਿਚੋੜ
  ਸੰਸਾਰ ਅਰਥਚਾਰੇ ਵਿੱਚ ਵਧ ਰਹੀਆਂ ਤਰੇੜਾਂ ਤੇ ਵਿੱਤੀ ਪਰਜੀਵੀਪੁਣੇ ਦੇ ਬੇਹਿਸਾਬ ਫੈਲਾਅ ਦੇ ਕਾਰਨਾਂ ਉੱਤੇ ‘ਲਲਕਾਰ’ ਵਿੱਚ ਲਗਾਤਾਰ ਲੇਖ ਛਪਦੇ ਰਹੇ ਹਨ, ਇਹਨਾਂ ਸਬੰਧੀ ਜਾਣਨ ਲਈ ਪਾਠਕ ਸਬੰਧਤ ਲੇਖ ਪੜ੍ਹ ਸਕਦੇ ਹਨ। ਸੰਸਾਰ ਅਰਥਚਾਰਾ ਜਿਸ ਦੌਰ ਵਿੱਚ ਸ਼ਾਮਲ ਹੋ ਰਿਹਾ ਹੈ ਇਹ ਵੱਡੀ ਉੱਥਲ ਪੁੱਥਲ ਦੀਆਂ ਕਨਸੋਆਂ ਦੇ ਰਿਹਾ ਹੈ ਤੇ ‘ਐਵਰਗਰਾਂਡੇ’ ਦੀ ਘਟਨਾ ਇੱਕ ਅਜਿਹੇ ਦੌਰ ਦੇ ਲੱਛਣਾਂ ਵਿੱਚੋਂ ਹੈ ਜਿੱਥੇ ਸੰਸਾਰ ਅਰਥਚਾਰੇ ਦਾ ਸੰਕਟ ਪਿਛਲੇ ਕਿਸੇ ਵੀ ਸੰਕਟ ਨਾਲ਼ੋਂ ਵਧੇਰੇ ਡੂੰਘਾ ਤੇ ਵਧੇਰੇ ਵਿਆਪਕ ਹੋਵੇਗਾ। ਦੁਨੀਆਂ ਭਰ ਦੀ ਕਿਰਤੀ ਲੋਕਾਈ ਪਹਿਲਾਂ ਹੀ ਭਿਅੰਕਰ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਮਹਿੰਗਾਈ ਤੇ ਹੋਰ ਕਈ ਕਿਸਮ ਦੀਆਂ ਥੁੜਾਂ, ਤੰਗੀਆਂ-ਤਰੁਸ਼ੀਆਂ ਦੀ ਮਾਰ ਝੱਲ ਰਹੀ ਹੈ। ਜੋ ਹਾਲਤਾਂ ਸੰਸਾਰ ਪੱਧਰ ਉੱਤੇ ਕਰੋਨਾ ਕਾਲ ਤੋਂ ਬਾਅਦ ਬਣੀਆਂ ਹਨ ਉਸਨੇ ਮੱਧ ਵਰਗ ਦੇ ਵੱਡੇ ਹਿੱਸੇ ਨੂੰ, ਅਜਿਹੇ ਹਿੱਸੇ ਨੂੰ ਜੋ ਸੰਸਾਰ ਅਰਥਚਾਰੇ ਦੀ ਸਾਪੇਖਕ ਸਥਿਰਤਾ ਦੇ ਦੌਰ ਵਿੱਚ ਕਿਰਤੀ ਅਬਾਦੀ ਦੇ ਵੱਡੇ ਹਿੱਸੇ ਨੂੰ ਆਪਣੇ ਤੋਂ ਹੀਣਾ ਸਮਝਦਾ ਸੀ ਤੇ ਖੁਦ ਨੂੰ ਉੱਚ ਜਮਾਤ ਦੇ ਲੋਕਾਂ ਦਾ ਹਾਣੀ ਮੰਨਦਾ ਸੀ, ਵੀ ਬੇਕਾਰੀ, ਗਰੀਬੀ ਦੀਆਂ ਹਾਲਤਾਂ ਵਿੱਚ ਧੱਕ ਕੇ ਉਸ ਵਿੱਚ ਇੱਕ ਪ੍ਰਬੰਧ (ਜਾਂ ਘੱਟੋ-ਘੱਟ ਸਰਕਾਰ) ਵਿਰੋਧੀ ਚੇਤਨਾ ਨੂੰ ਜਨਮ ਦਿੱਤਾ ਹੈ। ਸਰਮਾਏਦਾਰਾਂ ਦੇ ਵਫਾਦਾਰ ਸਰਕਾਰਾਂ ਨੂੰ ਤਰਕੀਬਾਂ ਸੁਝਾਅ ਰਹੇ ਹਨ ਕਿ ਕਿਵੇਂ ਕਿਰਤੀ ਲੋਕਾਂ ਦਾ ਹੋਰ ਵਧੇਰੇ ਖੂਨ ਪੀਕੇ ਧਨਾਢਾਂ ਦੀਆਂ ਥੈਲੀਆਂ ਭਰੀਆਂ ਜਾਣ। ਦੂਜੇ ਪਾਸੇ ਮੁੱਖਧਾਰਾ ਦੇ ਅਖੌਤੀ ਲੋਕ-ਪੱਖੀ ਅਰਥਸ਼ਾਸਤਰੀ, ਰਾਜਨੀਤੀਵਾਨ, ਪੱਤਰਕਾਰ ਆਉਣ ਵਾਲ਼ੀ ਹਲਚਲ ਤੋਂ ਸਹਿਮੇ ਬੈਠੇ ਹਨ ਤੇ ਆਪਣੀਆਂ ਆਪਣੀਆਂ ਸਰਕਾਰਾਂ ਨੂੰ ਸਲਾਹਾਂ ਦੇ ਰਹੇ ਹਨ ਕਿ ਥੋੜੀ ਉਦਾਰਤਾ ਨਾਲ਼ ਚੱਲੋ ਨਹੀਂ ਤਾਂ ਅਸ਼ਾਂਤੀ ਦੀਆਂ ਹਾਲਤਾਂ ਬਣ ਸਕਦੀਆਂ ਹਨ। ਇੱਕ ਹਿੱਸੇ ਨੂੰ ਮੁੱਠੀ ਭਰ ਸਰਮਾਏਦਾਰਾਂ ਦਾ ਹਿੱਤ ਦਿਖਦਾ ਹੈ ਤੇ ਦੂਜੇ ਨੂੰ ਪੂਰੇ ਸਰਮਾਏਦਾਰਾ ਢਾਂਚੇ ਦਾ ਪਰ ਦੋਹਾਂ ਦੇ ਚਿੰਤਨ ਵਿੱਚੋਂ ਮਜ਼ਦੂਰ ਜਮਾਤ ਸਮੇਤ ਸਮੁੱਚੀ ਕਿਰਤੀ ਲੋਕਾਈ ਦੀ ਨਿਜਾਤ ਦਾ ਸਵਾਲ ਮੂਲੋਂ ਹੀ ਗਾਇਬ ਹੈ। ਪਰ ਜਬਰ -ਜੁਲਮ ਦੇ ਇੱਕ ਪੂਰੇ ਅਖੌਤੀ ਸ਼ਾਂਤਮਈ ਦੌਰ ਤੋਂ, ਸ਼ਾਂਤਮਈ ਇਸ ਲਈ ਕਿਉਂਕਿ ਲੁੱਟੇ ਜਾਂਦੇ ਚੁੱਪ ਚਾਪ ਲੁੱਟ ਕਰਾਉਂਦੇ ਹਨ ਤੇ ਬਿਨਾਂ ਵਿਰੋਧ ਕੀਤੇ ਆਪਣੇ ਪਿੰਡਿਆਂ ਉੱਤੇ ਜਬਰ ਸਹਿੰਦੇ ਹਨ, ਕਿਤੇ ਬਿਹਤਰ ਆਉਣ ਵਾਲ਼ਾ ਉੱਥਲ-ਪੁੱਥਲ ਦਾ ਸਮਾਂ ਹੈ, ਅਜਿਹਾ ਸਮਾਂ ਜਿਸ ਵਿੱਚ ਇਹ ਸੰਭਾਵਨਾ ਹੈ ਕਿ ਲੁੱਟੇ ਜਾਂਦੇ ਲੋਕ ਆਪਣੇ ਸਦੀਆਂ ਦੇ ਗੁੱਸੇ ਨੂੰ ਪੁਰਾਣੇ ਜਰਜਰ ਢਾਂਚੇ ਦੀ ਤਬਾਹੀ ਵੱਲ ਸੇਧਤ ਕਰਨ ਤੇ ਇੱਕ ਨਵੇਂ ਸਿਹਤਮੰਦ ਸਮਾਜ ਦੀ ਉਸਾਰੀ ਲਈ ਰਾਹ ਸਾਫ ਹੋ ਸਕੇ।
  (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img