ਚਲਾਨ ਕੱਟਣ ਨੂੰ ਲੈ ਕੇ ਕਾਰ ਸਵਾਰਾਂ ਨੇ ਹਥਿਆਰਾਂ ਨਾਲ ਏ.ਐਸ.ਆਈ ਦੀ ਵੱਢੀ ਲੱਤ

ਚਲਾਨ ਕੱਟਣ ਨੂੰ ਲੈ ਕੇ ਕਾਰ ਸਵਾਰਾਂ ਨੇ ਹਥਿਆਰਾਂ ਨਾਲ ਏ.ਐਸ.ਆਈ ਦੀ ਵੱਢੀ ਲੱਤ

ਮਾਹਿਲਪੁਰ, 26 ਅਗਸਤ (ਬੁਲੰਦ ਆਵਾਜ ਬਿਊਰੋ) – ਪਿੰਡ ਐਮਾ ਜੱਟਾਂ ਦੇ ਕੋਲ ਗੜ੍ਹਸ਼ੰਕਰ ਤੋਂ ਡਿਊਟੀ ਕਰਕੇ ਰਾਤ ਨੂੰ ਬਾਈਕ ’ਤੇ ਅਪਣੇ ਪਿੰਡ ਪੰਡੋਰੀ ਲੱਦਾ ਸਿੰਘ ਵਿਚ ਪਰਤ ਰਹੇ ਟਰੈਫਿਕ ਪੁਲਿਸ ਦੇ ਏਐਸਆਈ ਅਮਰੀਕ ਸਿੰਘ ’ਤੇ ਅਣਪਛਾਤੇ ਕਾਰ ਸਵਾਰਾਂ ਨੇ ਹਥਿਆਰਾਂ ਨਾਲ ਹਮਲਾ ਕਰਕੇ ਲੱਤ ਵੱਢ ਦਿੱਤੀ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਮਲੇ ਤੋਂ ਬਾਅਦ ਉਹ ਖੂਨ ਨਾਲ ਲਥਪਥ ਹੋ ਗਏ ਅਤੇ ਬੇਹੋਸ਼ ਹੋ ਕੇ ਉਥੇ ਹੀ ਡਿੱਗ ਪਏ। ਉਨ੍ਹਾਂ ਨਵਾਂ ਸ਼ਹਿਰ ਹਸਪਤਾਲ ਵਿਚ ਭਰਤੀ ਕੀਤਾ ਗਿਆ। ਘਰ ਵਾਲੇ ਉਨ੍ਹਾਂ ਦੀ ਲੱਤ ਵੀ ਲੈ ਗਏ ਲੇਕਿਨ ਜੁੜ ਨਹੀਂ ਸਕੀ।

ਉਨ੍ਹਾਂ ਦੀ ਪਤਨੀ ਅਤੇ ਪਿਤਾ ਨੂੰ ਉਨ੍ਹਾਂ ਦੀ ਲੱਤ ਵੱਢਣ ਦੇ ਬਾਰੇ ਵਿਚ ਨਹੀਂ ਦੱਸਿਆ ਗਿਆ ਸੀ। ਏਐਸਆਈ ਬਿਕਰਮਜੀਤ ਸਿੰਘ ਕੋਟਫਤੂਹੀ ਨੇ ਦੱਸਿਆ ਕਿ ਜ਼ਖਮੀ ਥਾਣੇਦਾਰ ਅਮਰੀਕ ਸਿੰਘ ਦੇ ਬਿਆਨ ਲੈਣ ਤੋਂ ਬਾਅਦ ਕਾਰਵਾਈ ਕਰਾਂਗੇ। ਏਐਸਆਈ ਅਮਰੀਕ ਸਿੰਘ ਦੇ ਭਤੀਜਿਆਂ ਅੰਮ੍ਰਿਤਪਾਲ ਸਿੰਘ ਅਤੇ ਸੁਖਪ੍ਰੀਤ ਸਿੰਘ ਤੇ ਸਾਲੇ ਜੁਝਾਰ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਰੋਜ਼ਾਨਾ ਬਿਸਤ ਦੋਆਬ ਨਹਿਰ ’ਤੇ ਬਣੀ ਸੜਕ ਦੇ ਰਸਤੇ ਤੋਂ ਪਿੰਡ ਆਉਂਦੇ ਸੀ। ਹਮਲਾਵਰਾਂ ਨੇ ਪਹਿਲਾਂ ਤੋਂ ਹੀ ਰਚੀ ਸਾਜਿਸ਼ ਤਹਿਤ ਉਨ੍ਹਾਂ ’ਤੇ ਕਾਤਲਾਨਾ ਹਮਲਾ ਕੀਤਾ। ਚੌਕੀ ਕੋਟਫਤੂਹੀ ਦੇ ਇੰਚਾਰਜ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਏਐਸਆਈ ਅਮਰੀਕ ਸਿੰਘ ’ਤੇ ਹਮਲੇ ਦੇ ਦੋਸ਼ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 307, 34 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ੱਕ ਹੈ ਕਿ ਪਿਛਲੇ ਦਿਨੀਂ ਹਮਲਾਵਰਾਂ ਦੀ ਗੜ੍ਹਸ਼ੰਕਰ ਵਿਚ ਕੱਟੇ ਚਲਾਨ ਦੇ ਸਮੇਂ ਤਕਰਾਰ ਹੋਈ ਸੀ ਅਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਦਾ ਜਲਦ ਹੀ ਸੁਰਾਗ ਲੱਗ ਜਾਵੇਗਾ।

Bulandh-Awaaz

Website: