More

  ਗੁ: ਗੰਗਸਰ ਸਾਹਿਬ ਜੈਤੋ ਮਾਮਲੇ ’ਚ ਦੋਸ਼ੀਆਂ ’ਤੇ ਮਿਸਾਲੀ ਕਾਰਵਾਈ ਲਈ ਮੁੱਖ ਮੰਤਰੀ ਨਿੱਜੀ ਦਖ਼ਲ ਦੇਵੇ : ਪ੍ਰੋ: ਸਰਚਾਂਦ ਸਿੰਘ

  ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਗੁਰਦੁਆਰਿਆਂ ਦੇ ਸੁਚਾਰੂ ਪ੍ਰਬੰਧ ਚਲਾਉਣ ’ਚ ਅਸਫਲ ਰਹੀ

  ਅੰਮ੍ਰਿਤਸਰ, 19 ਜੂਨ (ਗਗਨ ਅਜੀਤ ਸਿੰਘ) – ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ’ਚ ਵਾਪਰੀ ਗੈਰ ਇਖ਼ਲਾਕੀ ਘਟਨਾ ’ਚ ਸ਼ਾਮਿਲ ਦੋਸ਼ੀ ਮੁਲਜ਼ਮਾਂ ’ਤੇ ਬਣਦੀ ਕਾਰਵਾਈ ਪ੍ਰਤੀ ਪੁਲੀਸ ਪ੍ਰਸ਼ਾਸਨ ਦੀ ਢਿੱਲ ਮੱਠ ਨੂੰ ਅਫ਼ਸੋਸਨਾਕ ਕਰਾਰ ਦਿੰਦਿਆਂ ਦੋਸ਼ੀਆਂ ’ਤੇ ਸਖ਼ਤ ਤੇ ਮਿਸਾਲੀ ਕਾਰਵਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਦਖ਼ਲ ਦੇਣ ਦੀ ਫੈਡਰੇਸ਼ਨ ਆਗੂ ਪ੍ਰੋ: ਸਰਚਾਂਦ ਸਿੰਘ ਨੇ ਪੁਰਜ਼ੋਰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁ: ਗੰਗਸਰ ਸਾਹਿਬ ਜੈਤੋ ’ਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਕੀਤੀਆਂ ਗਈਆਂ ਕਰਤੂਤਾਂ ਨੇ ਸਿੱਖ ਕੌਮ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ’ਤੇ ਹੁਣ ਤਕ ਹੋਈ ਕਾਰਵਾਈ ਸੰਗਤ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਕਮੇਟੀ ਨਾਲ ਸੰਬੰਧਿਤ ਗੁਰਦੁਆਰਿਆਂ ਦੇ ਸੁਚਾਰੂ ਪ੍ਰਬੰਧ ਚਲਾਉਣ ’ਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ’ਚ ਕੀ ਹੋ ਰਿਹਾ ਹੈ ਇਹ ਵੀ ਬੀਬੀ ਜਗੀਰ ਕੌਰ ਨੂੰ ਜੇ ਨਹੀਂ ਪਤਾ ਤਾਂ ਫਿਰ ਉਸ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗੁਰੂ ਸਰ ਜਾਮਣੀ ਸਾਹਿਬ ਪਿੰਡ ਬਜੀਦਪੁਰ ਵਿਖੇ ਵੀ ਇਕ ਬਾਥਰੂਮ ਵਿਚੋਂ ਇਕ ਬੀਬੀ ਦੀ ਮੁਸ਼ਕ ਮਾਰਦੀ ਲਾਸ਼ ਬਰਾਮਦ ਹੋਈ ਸੀ, ਜਿਸ ਤੋਂ ਪਤਾ ਲਗਦਾ ਹੈ ਕਿ ਕੋਈ ਵੀ ਸੇਵਾਦਾਰ ਗੁਰਦੁਆਰੇ ਦੇ ਅਦੂਦ ਅੰਦਰ ਬਣੇ ਬਾਥਰੂਮਾਂ ਦੀ ਤਿੰਨ ਦਿਨ ਤੋਂ ਵਧ ਸਮੇਂ ਤਕ ਵੀ ਸਫ਼ਾਈ ਕਰਨੀ ਤਾਂ ਦੂਰ ਦੇਖਣ ਵੀ ਨਹੀਂ ਗਿਆ।

  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਦੋਸ਼ੀ ਮੁਲਾਜ਼ਮਾਂ ’ਤੇ ਕਾਰਵਾਈ ਕਰਾਉਣ ਲਈ ਗੁ: ਗੰਗਸਰ ਸਾਹਿਬ ’ਚ ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਨਾਲ ਫ਼ੋਨ ’ਤੇ ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਵੱਲੋਂ ਹਾਲਾਤ ਦੀ ਗੰਭੀਰਤਾ ਅਤੇ ਧਾਰਮਿਕ ਸੰਵੇਦਨਸ਼ੀਲਤਾ ਨੂੰ ਸਮਝੇ ਬਿਨਾ ਨਕਾਰਾਤਮਿਕ ਅਤੇ ਆਪਣੇ ਅਹੁਦੇ ਪ੍ਰਤੀ ਹੰਕਾਰ ਦਾ ਜੋ ਪ੍ਰਗਟਾਵਾ ਕੀਤਾ ਗਿਆ ਉਸ ਪ੍ਰਤੀ ਬੀਬੀ ਜਗੀਰ ਕੌਰ ਨੂੰ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਿੱਤ ਦਿਨ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਅਦਾਰਿਆਂ ’ਚ ਕੁਝ ਮੁਲਾਜ਼ਮਾਂ ਵੱਲੋਂ ਸਿੱਖੀ ਸਿਧਾਂਤਾਂ ਅਤੇ ਮਰਯਾਦਾ ਦੀਆਂ ਧੱਜੀਆਂ ਦਾ ਉਡਾਇਆ ਜਾਣਾ ਅਤੇ ਨਕਾਰਾਤਮਿਕ ਖ਼ਬਰਾਂ ਦਾ ਆਉਣਾ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨਾਲ ਸ਼ਤਾਬਦੀ ਸਮਾਗਮਾਂ ਦੇ ਹਾਸਲ ਨੂੰ ਗਵਾਉਣ ਅਤੇ ਨਵੀਂ ਪੀੜੀ ਨੂੰ ਸਿੱਖੀ ਨਾਲੋਂ ਦੂਰ ਕਰਨ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਗੁਰਧਾਮਾਂ ਦੀ ਮਾਣ ਮਰਯਾਦਾ ਨੂੰ ਬਣਾਈ ਰੱਖਣ ਲਈ ਸ਼੍ਰੋਮਣੀ ਕਮੇਟੀ ਦੇ ਸ਼ੱਕੀ ਅਤੇ ਦਾਗੀ ਮੁਲਾਜ਼ਮਾਂ ਦੀ ਸਕਰੀਨਿੰਗ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img