More

  ਗੁਲਾਬ ਕੌਰ : ਗਦਰ ਲਹਿਰ ਦੀ ਦਲੇਰ ਯੋਧਾ

  ਗੁਲਾਬ ਕੌਰ ਦਾ ਜਨਮ 1890 ਨੂੰ ਸੁਨਾਮ ਊਧਮ ਸਿੰਘ ਵਾਲ਼ਾ ਨੇੜਲੇ ਪਿੰਡ ਬਖਸੀਵਾਲਾ ਵਿਖੇ ਗਰੀਬ ਕਿਸਾਨ ਦੇ ਘਰ ਹੋਇਆ। ਇਹ ਪਰਿਵਾਰ ਦੀ ਇਕਲੌਤੀ ਔਲਾਦ ਸੀ। ਇਨ੍ਹਾਂ ਦਾ ਵਿਆਹ ਨਾਲਦੇ ਪਿੰਡ ਜਖੇਪਲ ਦੇ ਹੰਬਲਵਾਸ ਵਿਖੇ ਬਚਿੱਤਰ ਸਿੰਘ ਨਾਲ਼ ਹੋਇਆ। ਉਹਨਾਂ ਦਿਨਾਂ ਵਿੱਚ ਰੁਜ਼ਗਾਰ ਲਈ ਹਿੰਦੀ ਆਮ ਅਮਰੀਕਾ ਜਾਂਦੇ ਸੀ। ਬਚਿੱਤਰ ਸਿੰਘ ਦਾ ਅਮਰੀਕਾ ਜਾਣ ਦਾ ਦਾਅ ਨਹੀ ਲੱਗ ਰਿਹਾ ਸੀ। ਉਸ ਨੇ ਮਨੀਲੇ ਹੀ ਕੰਮ ਲੱਭ ਕੇ ਗੁਲਾਬ ਕੌਰ ਨੂੰ ਉੱਥੇ ਹੀ ਬੁਲਾ ਲਿਆ। ਉਹ ਆਪਣੇ ਦਿਓਰ ਮਾਨ ਸਿੰਘ ਨੂੰ ਨਾਲ਼ ਲੈ ਕੇ ਮਨੀਲਾ ਚਲੀ ਗਈ। ਅਮਰੀਕਾ ਦੇ ਘਾਟਾਂ ਦੇ ਕਨੂੰਨ ਅਨੁਸਾਰ ਜੋ ਆਦਮੀ ਫਿਲਪਾਇਨ ਦਾ ਵਸਨੀਕ ਹੋ ਜਾਵੇ ਉਹ ਅਮਰੀਕਾ ਦਾ ਵੀ ਵਸਨੀਕ ਬਣ ਜਾਂਦਾ ਸੀ। ਅਮਰੀਕਾ ਜਾਣ ਵਾਲ਼ੇ ਹਿੰਦੀ ਮਨੀਲਾ ਆ ਜਾਂਦੇ ਤੇ ਇੱਥੇ ਛੇ ਮਹੀਨੇ ਰਹਿ ਕੇ ਵਸਨੀਕ ਹੋਣ ਦੇ ਕਾਗਜ ਬਣਾ ਲੈਂਦੇ ਸਨ ਫੇਰ ਉਹ ਅਗਾਂਹ ਅਮਰੀਕਾ ਚਲੇ ਜਾਂਦੇ।

  ਅਮਰੀਕਾ ਵਿੱਚ ਰਹਿੰਦੇ ਹਿੰਦੀਆ ਨੇ 21 ਅਪ੍ਰੈਲ 1913 ਨੂੰ ਇਕੱਠ ਕਰਕੇ ਇੱਕ ਨਵੀਂ ਜੱਥੇਬੰਦੀ ਬਣਾਈ ਜੋ ਪਿੱਛੋਂ ਜਾ ਕੇ ਗਦਰ ਪਾਰਟੀ ਨਾਮ ਨਾਲ਼ ਮਸ਼ਹੂਰ ਹੋਈ। ਇਸ ਦਾ ਮਕਸਦ ਹਥਿਆਰਬੰਦ ਇਨਕਲਾਬ ਨਾਲ਼ ਅੰਗਰੇਜੀ ਗੁਲਾਮੀ ਤੋ ਹਿੰਦੁਸਤਾਨ ਨੂੰ ਅਜ਼ਾਦ ਕਰਵਾਉਣਾ ਅਤੇ ਅਜ਼ਾਦੀ ਤੇ ਬਰਾਬਰੀ ਦੀਆਂ ਬੁਨਿਆਦਾਂ ਉੱਤੇ ਕੌਮੀ ਜਮਹੂਰੀਅਤ ਕਾਇਮ ਕਰਨਾ ਸੀ। ਉਹ ਹਿੰਦੂ, ਸਿੱਖ, ਮੁਸਲਮਾਨ, ਦਲਿਤਾਂ, ਮਜਦੂਰਾਂ, ਕਿਸਾਨਾਂ ਆਦਿ ਨੂੰ ਆਵੇਸ ਨਾਲ਼ ਜੋੜਨਾ ਚਾਹੁੰਦੇ ਸਨ। ਇਹਨਾਂ ਨੇ ਆਪਣਾ ਇੱਕ ਅਖ਼ਬਾਰ ਸ਼ੁਰੂ ਕੀਤਾ। ਇਸ ਦਾ ਨਾਂ ‘ਗਦਰ’ ਰੱਖਿਆ। ਇਹ ਅਖ਼ਬਾਰ ਨਾ ਸਿਰਫ ਮੁਲਕ ਵਿੱਚ ਵਸਦੇ ਭਾਰਤੀਆਂ ਕੋਲ਼ ਪੁੱਜਿਆ ਸਗੋਂ ਦੁਨੀਆ ਭਰ ਵਿੱਚ ਭਾਰਤੀਆਂ ਦੀਆਂ ਬਸਤੀਆਂ ਵਿੱਚ ਪਹੁੰਚਿਆ। ਇਹ ਅਖ਼ਬਾਰ ਮਨੀਲਾ ਵਿੱਚ ਵੀ ਭੇਜਿਆ ਗਿਆ। ਅਖ਼ਬਾਰ ਵਿੱਚ ਅੰਗਰੇਜੀ ਲੁੱਟ ਦੇ ਅੰਕੜੇ ਦਿੱਤੇ ਜਾਂਦੇ ਤੇ ਪੁਲਿਸ ਜ਼ਬਰ ਦੇ ਹਵਾਲੇ ਦਿੱਤੇ ਜਾਂਦੇ।

  ਗਦਰ ਅਖ਼ਬਾਰ ਦੇ ਪ੍ਰਭਾਵ ਸਦਕਾ ਆਪ ਮੁਹਾਰੇ ਗਦਰ ਕਮੇਟੀਆਂ ਬਣਨੀਆਂ ਸ਼ੁਰੂ ਹੋ ਗਈਆਂ। ਮਨੀਲਾ ਵਿੱਚ ਵੀ ਆਪ ਮੁਹਾਰੇ ਗਦਰ ਪਾਰਟੀ ਦੀ ਸ਼ਾਖ ਬਣ ਗਈ। ਗੁਲਾਬ ਕੌਰ ਤੇ ਉਸ ਦਾ ਘਰਵਾਲਾ ਵੀ ਗਦਰ ਪਾਰਟੀ ਨਾਲ਼ ਜੁੜ ਗਏ। ਗਦਰ ਪਾਰਟੀ ਨੇ 4 ਅਗਸਤ 1914 ਦੇ ਅਖ਼ਬਾਰ ਵਿੱਚ “ਜੰਗ ਦਾ ਬਿਗਲ” ਸਿਰਲੇਖ ਹੇਠ ਲੇਖ ਛਾਪ ਕੇ ‘ਚਲੋ! ਹਿੰਦ ਗਦਰ ਦਾ ਸਮਾਂ ਆ ਗਿਆ ਹੈ’ ਹਿੰਦੀਆਂ ਨੂੰ ਸੁਨੇਹਾ ਦਿੱਤਾ। ਇਸ ਸੁਨੇਹੇ ਕਰਕੇ ਦੁਨੀਆਂ ਭਰ ’ਚ ਵਸਦੇ ਲੋਕ ਗਦਰ ਕਰਨ ਲਈ ਜਹਾਜਾਂ ਰਾਹੀਂ ਹਿੰਦੁਸਤਾਨ ਆਉਣਾ ਸ਼ੁਰੂ ਹੋ ਗਏ ਸਨ। ਪਹਿਲਾ ਤੇ ਮੁੱਖ ਜੱਥਾ ਸਾਨ ਫਰਾਂਸਿਸਕੋ ਤੋਂ 29 ਅਗਸਤ 1914 ਨੂੰ ਐੱਸ .ਐੱਸ. ਕੋਰੀਆ ਜਹਾਜ ਰਾਹੀਂ ਤੁਰਿਆ। ਇਸ ਵਿੱਚ ਕੇਸਰ ਸਿੰਘ, ਭਾਈ ਠੱਠਗੜ, ਜਵਾਲਾ ਸਿੰਘ, ਨਨਿਧਾਨ ਸਿੰਘ ਸਮੇਤ 60 ਦੇ ਕਰੀਬ ਗਦਰੀ ਸਨ। ਜਹਾਜ ਫਿਲਪਾਈਨ ਦੀ ਬੰਦਰਗਾਹ ਮਨੀਲਾ ਪਹੁੰਚਿਆ। ਇੱਥੇ ਇੱਕ ਵੱਡੀ ਮੀਟਿੰਗ ਹੋਈ ਗਦਰ ਪਾਰਟੀ ਦਾ ਐਲਾਨ-ਏ-ਜੰਗ ਭਰੇ ਦੀਵਾਨ ਵਿੱਚ ਪੜ੍ਹ ਕੇ ਸੁਣਾਇਆ ਗਿਆ। ਹਿੰਦੀਆਂ ਨੇ ਧੜਾਧੜ ਆਪਣੇ ਨਾਮ ਲਿਖਵਾਉਣੇ ਸ਼ੁਰੂ ਕਰ ਦਿੱਤੇ। ਗੁਲਾਬ ਕੌਰ ਤੇ ਉਸਦੇ ਪਤੀ ਨੇ ਵੀ ਨਾਮ ਲਿਖਵਾ ਦਿੱਤਾ ਪਰ ਜਦੋਂ ਜਥਾ ਤੁਰਨ ਲੱਗਾ ਤਾਂ ਉਸਦੇ ਪਤੀ ਦਾ ਮਨ ਡੋਲ ਗਿਆ। ਗੁਲਾਬ ਕੌਰ ਪਤੀ ਨੂੰ ਛੱਡ ਕੇ ਜਥੇ ਦੇ ਨਾਲ਼ ਤੁਰ ਪਈ। ਮਨੀਲਾ ਤੋਂ ਭਾਈ ਜੀਵਨ ਸਿੰਘ ਦੌਲੇ ਸਿੰਘ ਵਾਲ਼ਾ, ਰਹਿਮਤ ਅਲੀ, ਬਖਸ਼ੀਸ਼ ਸਿੰਘ ਸਮੇਤ ਇਸ ਜਥੇ ਨਾਲ਼ 50 ਦੇ ਕਰੀਬ ਗਦਰੀ ਗਏ।

  ਮਨੀਲਾ ਤੋਂ ਚੱਲ ਕੇ ਜਹਾਜ ਹਾਂਗਕਾਂਗ ਆ ਗਿਆ। ਇੱਥੋਂ ਜਾਣ ਵਾਲ਼ੇ ਹੋਰ ਜਹਾਜ ਲਗਦੇ ਸਨ। ਗੁਰਦੁਆਰੇ ਵਿੱਚ ਇਕੱਠ ਹੋਇਆ। ਗੁਲਾਬ ਕੌਰ ਨੇ ਇੱਕ ਜੋਸ਼ੀਲੀ ਕਵਿਤਾ ਪੜ੍ਹਨ ਤੋਂ ਬਾਅਦ ਬਾਂਹ ’ਚੋਂ ਵੰਗਾਂ ਲਾਹ ਲਈਆਂ ਤੇ ਹਵਾ ਵਿੱਚ ਲਹਿਰਾ ਕੇ ਕਿਹਾ ਕਿ ਜੇਕਰ ਇਕੱਠ ਵਿੱਚ ਸ਼ਾਮਲ ਕੋਈ ਮਨੁੱਖ ਦੇਸ਼ ਨੂੰ ਅਜ਼ਾਦ ਕਰਾਉਣ ਤੋਂ ਪਿਛੇ ਹਟਣਾ ਚਹੁੰਦਾ ਹੈ ਤਾਂ ਉਹ ਇਹ ਵੰਗਾਂ ਪਹਿਨ ਲਵੇ। ਜੇਕਰ ਮਰਦਾਂ ਵਿੱਚ ਹਿੰਮਤ ਨਹੀਂ ਤਾਂ ਅਸੀਂ ਇਸਤਰੀਆਂ ਤਿਆਰ ਹਾਂ। ਯੁੱਧ ਦੇ ਮੈਦਾਨ ਵਿੱਚ ਜਾਵਾਂਗੀਆ। ਫੇਰ ਇਹ ਤੋਸਾ ਮਾਰੂ ਜਹਾਜ ਵਿੱਚ ਬੈਠ ਗਏ ਜਹਾਜ ਪੀਨਾਂਗ ਪਹੁੰਚਿਆ ਇੱਥੇ ਵੀ ਗੁਰਦੁਵਾਰੇ ਵਿੱਚ ਭਾਸ਼ਣ ਹੋਏ ਗੁਲਾਬ ਕੌਰ ਨੇ ਵੀ ਹਿੱਸਾ ਲਿਆ। 28 ਅਕਤੂਬਰ 1914 ਨੂੰ ਜਹਾਜ ਕਲਕੱਤਾ ਘਾਟ ਤੇ ਲੱਗਾ, ਘਾਟ ਤੇ ਪੁਲਿਸ ਲੱਗੀ ਹੋਈ ਸੀ ਤਫਤੀਸ਼ ਸ਼ੁਰੂ ਹੋਈ ਮੁਸਾਫਰਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆਂ ਗਿਆ ਤੇ ਸਪੈਸ਼ਲ ਗੱਡੀ ਰਾਹੀਂ ਪੰਜਾਬ ਭੇਜਿਆ ਗਿਆ ਗੁਲਾਬ ਕੌਰ ਸਰਕਾਰੀ ਤਸ਼ੱਦਦ ਤੋ ਬਚਣ ਲਈ ਜੀਵਨ ਸਿੰਘ ਨਾਲ਼ ਸਲਾਹ ਕਰਕੇ ਆਪਣੇ ਆਪ ਨੂੰ ਜੀਵਨ ਸਿੰਘ ਦੌਲੇ ਸਿੰਘ ਵਾਲ਼ਾ ਦੀ ਵਹੁਟੀ ਲਿਖਵਾਉਂਦੀ ਰਹੀ। ਇਹ ਦੋਵੇਂ ਲੁਧਿਆਣੇ ਆਪਣਾ ਥਾਂ ਪਤਾ ਗਲਤ ਲਿਖਵਾ ਕੇ ਆਪਣੇ ਘਰਾਂ ਨੂੰ ਨਹੀਂ ਗਏ ਸਗੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟਲਾ ਨੌਧ ਸਿੰਘ ਦੇ ਅਮਰ ਸਿੰਘ ਕੋਲ਼ ਚਲੇ ਗਏ ਜੋ ਰਾਹ ਵਿੱਚ ਇਹਨਾਂ ਦਾ ਮਿੱਤਰ ਬਣਿਆਂ ਸੀ।

  ਗੁਲਾਬ ਕੌਰ ਹੋਰ ਗਦਰੀਆਂ ਨਾਲ਼ ਮਿਲ਼ ਕੇ ਕਪੂਰਥਲਾ, ਹੁਸ਼ਿਆਰਪੁਰ, ਜਲੰਧਰ ਦੇ ਪਿੰਡਾਂ ਵਿੱਚ ਸਰਗਰਮ ਲੋਕਾਂ ਨੂੰ ਇਨਕਲਾਬ ਵਾਸਤੇ ਤਿਆਰ ਕਰਨ ਅਤੇ ਭਾਰਤ ਦੀ ਅਜ਼ਾਦੀ ਵਾਸਤੇ ਲੋਕਾਂ ਨੂੰ ਗਦਰ ਪਾਰਟੀ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕਰਦੀ ਰਹੀ। ਇੱਕ ਵਾਰ ਸੰਘਵਾਲ ਪਿੰਡ ਵਿੱਚ ਗਦਰੀਆਂ ਦੀ ਮੀਟਿੰਗ ਸੀ, ਪੁਲਸ ਨੂੰ ਪਤਾ ਲੱਗ ਗਿਆ ਗਦਰੀ ਤਾਂ ਛਾਲਾਂ ਮਾਰ ਕੇ ਫਰਾਰ ਹੋ ਗਏ ਪਰ ਕੁੱਝ ਲਿਟਰੇਚਰ ਅਤੇ ਹਥਿਆਰ ਕਾਹਲੀ ਵਿੱਚ ਪਿੰਡ ਛੱਡ ਗਏ ਸਨ ਮੀਟਿੰਗ ਵਿੱਚ ਗੁਲਾਬ ਕੌਰ ਵੀ ਹਾਜਰ ਸੀ ਉਸ ਨੇ ਪਿੰਡ ਰਹਿ ਗਿਆ ਸਾਰਾ ਸਮਾਨ ਟੋਕਰੀ ਵਿੱਚ ਪਾ ਲਿਆ ਘੱਗਰਾ ਪਾ ਕੇ ਘੁੰਡ ਕੱਢ ਖੂਹ ਦੇ ਰਾਹ ਪੈ ਗਈ। ਪੁਲਿਸ ਉਸ ਕੋਲ਼ੋਂ ਲੰਘ ਗਈ, ਪੁਲਿਸ ਦੇ ਕੁੱਝ ਵੀ ਹੱਥ ਨਾ ਲੱਗਾ। ਗੁਲਾਬ ਕੌਰ ਪਹਿਲਾਂ ਗਦਰੀਆਂ ਦੇ ਖੁਫੀਆ ਦਫਤਰ ਅੰਮ੍ਰਿਤਸਰ ਕੰਮ ਕਰਦੀ ਰਹੀ ਬਾਅਦ ਵਿੱਚ ਇਹਨਾਂ ਦੀ ਡਿਊਟੀ ਲਾਹੌਰ ਲਗਾ ਦਿੱਤੀ ਗਈ। ਲਾਹੌਰ ਵਿੱਚ ਇਸ ਦਾ ਕੰਮ ਇਨਕਲਾਬੀਆਂ ਦੇ ਗੁਪਤ ਅੱਡੇ ਬਣਾਉਣ ਲਈ ਮਕਾਨ ਲੈ ਕੇ ਦਵਾਉਣਾ ਸੀ। ਇਹ ਕਿਸੇ ਦੀ ਪਤਨੀ ਕਿਸੇ ਦੀ ਭਰਜਾਈ ਬਣਕੇ ਮਕਾਨ ਦੇਣ ਵਿੱਚ ਸਹਾਈ ਹੁੰਦੀ ਸੀ। ਇਹ ਸਟੇਸ਼ਨ ਸਾਹਮਣੇ ਮੂਲ ਚੰਦ ਦੀ ਸਰਾਂ ਅੰਦਰ ਲਏ ਮਕਾਨ ਵਿੱਚ ਚਰਖਾ ਡਾਹ ਕੇ ਬੈਠੀ ਰਹਿੰਦੀ ਤੇ ਬਾਹਰੋਂ ਆਇਆਂ ਨੂੰ ਅੱਡਿਆ ਦੇ ਮਹਿਫੂਜ ਬਾਰੇ ਜਾਣਕਾਰੀ ਦਿੰਦੀ ਦਿਨ ਰਾਤ ਗੱਡੀ ਵਿੱਚ, ਲਾਰੀਆਂ ਵਿੱਚ ਸਫਰ ਕਰ ਕੇ ਗਦਰੀਆਂ ਦੇ ਸੁਨੇਹੇ ਤੇ ਹਥਿਆਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦੀ ਰਹੀ।

  ਜਦੋਂ ਗਦਰ ਅਸਫਲ ਹੋ ਗਿਆ, 19 ਫਰਵਰੀ 1915 ਨੂੰ ਲਾਹੌਰ ਵਿੱਚ ਫੜੋ ਫੜੀ ਸ਼ੁਰੂ ਹੋ ਗਈ। ਇਹ ਹਰਿਆਣੇ (ਜ਼ਿਲ੍ਹਾ ਹੁਸ਼ਿਆਰਪੁਰ) ਲੋਕਾਂ ਨੂੰ ਗਦਰ ਕਰਨ ਲਈ ਆਖਦੀ ਰਹੀ। ਸੀ.ਆਈ.ਡੀ. ਤੇ ਮੁਖਬਰ ਇਨਾਂ ਨੂੰ ਗਿ੍ਰਫਤਾਰ ਕਰਨ ਲਈ ਲੱਭ ਰਹੇ ਸਨ। ਗੁਲਾਬ ਕੌਰ ਨੂੰ ਕੋਟਲੇ ਤੋਂ ਗਿ੍ਰਫਤਾਰ ਕਰ ਲਿਆ ਗਿਆ ਹੈ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਕੁੱਟਮਾਰ ਕੀਤੀ ਗਈ ਪਰ ਉਹ ਅਖੀਰ ਤੱਕ ਖਾਮੋਸ਼ ਰਹੀ। ਇਨ੍ਹਾਂ ਨੂੰ 17 ਮਈ 1915 ਤੋਂ ਅਕਤੂਬਰ 1917 ਤੱਕ ਜੇਲ੍ਹ ਵਿੱਚ ਬੰਦ ਰੱਖਿਆ ਗਿਆ ਰਿਹਾਈ ਤੋਂ ਬਾਅਦ ਉਹ ਕੋਟਲਾ ਨੌਧ ਸਿੰਘ ਅਮਰ ਸਿੰਘ ਕੋਲ਼ ਆ ਗਈ। ਪਿੰਡ ਵਿੱਚ ਵੀ ਪੁਲਿਸ ਇਨ੍ਹਾਂ ’ਤੇ ਸਖਤ ਨਿਗਰਾਨੀ ਰੱਖਦੀ ਰਹੀ। ਪੁਲਿਸ ਤਸੀਹੇ ਅਤੇ ਜੇਲ੍ਹ ਦੀਆਂ ਸਖਤੀਆਂ ਨੇ ਗੁਲਾਬ ਕੌਰ ਦੀ ਸਿਹਤ ਉੱਤੇ ਬੁਰਾ ਅਸਰ ਕੀਤਾ। ਇਹਨਾਂ ਨੂੰ ਛਾਤੀ ਦਾ ਕੈਂਸਰ ਹੋ ਗਿਆ ਤੇ ਇਲਾਜ ਤੋਂ ਬਾਅਦ ਵੀ ਠੀਕ ਨਾ ਹੋਈ। 28 ਜੁਲਾਈ 1925 ਨੂੰ ਇਹਨਾਂ ਦੀ ਮੌਤ ਹੋ ਗਈ। ਇੰਝ ਗੁਲਾਬ ਕੌਰ ਆਖਿਰ ਤੱਕ ਗਦਰ ਲਹਿਰ ਵਿੱਚ ਸਰਗਰਮ ਰਹੀ ਤੇ ਫਰੰਗੀਆਂ ਵਿਰੁੱਧ ਦੇਸ਼ ਦੀ ਅਜ਼ਾਦੀ ਲਈ ਜੂਝਦੀ ਰਹੀ।

  (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img