18 C
Amritsar
Wednesday, March 22, 2023

ਗੁਰੂ ਸਾਹਿਬ ਨੇ ਰਾਮਾਇਣ ਨਹੀਂ ਲਿਖੀ, ਨਾ ਸਿੱਖ ਹਿੰਦੂ ਹੈ

Must read

ਜਰਨੈਲ ਸਿੰਘ (ਪੱਤਰਕਾਰ)

ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਰਾਮਾਇਣ ਨਹੀਂ ਲਿਖੀ। ਅਸਲ ਚ ‘ਰਾਮਾਵਤਾਰ’ ਪਹਿਲਾਂ ਤੋਂ ਪ੍ਰਚਲਿਤ ਰਾਮਾਇਣ ਦਾ ਟੀਕਾ ਹੈ ਪਰ ਅੰਤ ਵਿੱਚ ਗੁਰੂ ਸਾਹਿਬ ਨੇ ਸਵੈਯਾ ਲਿਖ ਸਪਸ਼ਟ ਕਰ ਦਿੱਤਾ “ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ॥ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ॥” ਇਸ ਦੇ ਬਾਅਦ ਕੋਈ ਭਰਮ ਨਹੀਂ ਹੋਣਾ ਚਾਹੀਦਾ।

ਗੁਰਬਾਣੀ ਵਿੱਚ ਰਾਮ ਨਾਮ ਪ੍ਰਚਲਿਤ ਰੱਬ ਦੇ ਨਾਮ ਰੂਪ ਵਿੱਚ ਆਇਆ ਹੈ। ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਪ੍ਰਚਲਿਤ ਕਥਾਵਾਂ ਤੋਂ ਵੀ ਇੱਕ ਰੱਬ ਤੇ ਪਰਮੇਸ਼ਰ ਨਾਲ ਜੋੜਿਆ ਹੈ। ਰਾਮ-ਰਾਵਣ ਯੁੱਧ ਦਾ ਅਧਿਆਤਮਕ ਪੱਖ ਰੱਖਦੇ ਹੋਏ ਆਖਦੇ ਹਨ ਕੇ ਰਾਮ ਨੇ ਅਹੰ ਰੂਪੀ ਰਾਵਣ ਨੂੰ ਮਾਰਿਆ ਹੈ ਤੇ ਗੁਰੂ ਦਾ ਦਿੱਤਾ ਭੇਦ (ਗੁਰ) ਓਵੇਂ ਕੰਮ ਆਉਂਦਾ ਹੈ ਜਿਵੇਂ ਬਿਭੀਖਣ ਨੇ ਭੇਦ ਦੱਸਿਆ ਸੀ “ਰਾਮਚੰਦਿ ਮਾਰਿਓ ਅਹਿ ਰਾਵਣੁ॥ ਭੇਦ ਬਿਭੀਖਣੁ ਗੁਰਮੁਖਿ ਪਰਚਾਇਣੁ॥” ਗੁਰੂ ਸਾਹਿਬ ਪਰਮਾਤਮਾ ਲਈ ਇੱਕ ਰਾਵਣ ਦੇ ਮਾਰਨ ਨੂੰ ਕੋਈ ਬਹੁਤੀ ਵੱਡੀ ਗੱਲ ਹੀ ਨਹੀਂ ਮੰਨਦੇ। “ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵੱਡਾ ਭਇਆ॥” ਕਰੋੜਾਂ ਕਰੋੜ ਬ੍ਰਹਿਮੰਡਾਂ ਦਾ ਮਾਲਕ, ਜੋ ਪਲ ਵਿੱਚ ਕਰੋੜਾਂ ਸ੍ਰਿਸਟੀਆਂ ਸਾਜ ਰਿਹਾ, ਪਾਲ ਰਿਹਾ, ਫਨਾਹ ਕਰ ਰਿਹਾ ਹੈ, ਇੱਕ ਰਾਵਣ ਦੇ ਮਾਰਣ ਕਰਕੇ ਵੱਡਾ ਨਹੀਂ ਬਣ ਜਾਂਦਾ। ਆਸਾ ਦੀ ਵਾਰ ਚ ਆਖਦੇ ਹਨ “ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ॥” ਨਿਰਭਉ ਨਿਰੰਕਾਰ ਇੱਕ ਪਰਮੇਸ਼ਰ ਹੈ ਤੇ ਰਾਮਾਇਣ ਦੇ ਰਾਮ ਵਰਗੇ ਓਸਦੇ ਸਨਮੁਖ ਧੂੜ (ਰਵਾਲ) ਵਰਗੇ ਅਨੇਕਾਂ ਹਨ। ਗੁਰਬਾਣੀ ਵਿੱਚ ਜੋ ਰਾਮ ਲਫਜ਼ ਰੱਬ ਦੀ ਉਸਤਤਿ ਲਈ ਵਰਤਿਆ ਹੈ ਓਹ ਰਾਮ ਰਾਮ ਕਰਨ ਵਾਲੀ ਲੋਕਾਈ ਨੂੰ ਨਿਰੰਕਾਰ ਰੱਬ ਨਾਲ ਜੋੜਨ ਲਈ ਹੈ। ਉਸਤਤਿ ਵਾਲਾ ਰਾਮ ਕੋਣ ਹੈ ਗੁਰੂ ਅਰਜਨ ਦੇਵ ਜੀ ਸਪੱਸ਼ਟ ਕਰਦੇ ਹਨ “ਸ੍ਰੀ ਰਾਮਚੰਦ ਜਿਸੁ ਰੂਪੁ ਨ ਰੇਖਿਆ॥” ਓਹ ਰਾਮ ਜਿਸਦਾ ਕੋਈ ਰੂਪ, ਰੰਗ, ਰੇਖਾ ਨਹੀਂ, ਨਿਰੰਕਾਰ ਹੈ। ਕਬੀਰ ਸਾਹਿਬ ਵੀ ਆਖਦੇ ਹਨ ਰਾਮ ਕਹਿਣ ਵੇਲੇ ਇਹ ਧਿਆਨ ਰੱਖੋ ਕੇ ਤੁਸੀਂ ਸਰਬਬਿਆਪੀ ਰਾਮ ਦਾ ਧਿਆਨ ਧਰਣਾ ਹੈ, ਜੋ ਜੰਮ ਕੇ ਮਰ ਗਿਆ ਓਸ ਦਾ ਨਹੀਂ। “ਕਬੀਰ ਰਾਮੈ ਰਾਮ ਕਹਹੁ ਕਹਿਬੇ ਮਾਹਿ ਬਿਬੇਕ॥ ਏਕ ਅਨੇਕਹਿ ਮਿਲ ਗਇਆ ਏਕ ਸਮਾਨਾ ਏਕ॥ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕ ਬਿਚਾਰੁ॥ ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ॥”

ਹੈਰਾਨੀ ਹੁੰਦੀ ਹੈ ਕੇ ਜੱਦ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ “ਨਾ ਕੋਈ ਹਿੰਦੂ ਨਾ ਮੁਸਲਮਾਨ” ਤੇ ਨਾਲ ਹੀ ਕਿਹਾ “ਹਿੰਦੂ ਮੂਲੇ ਭੂਲੇ ਅਖੁਟੀ ਜਾਹੀਂ॥ ਨਾਰਦਿ ਕਹਿਆ ਸੇ ਪੂਜੁ ਕਰਾਹੀਂ॥ ਅੰਧੇ ਗੁੰਗੇ ਅੰਧ ਅੰਧਾਰੁ॥ ਪਾਥਰੁ ਲੇ ਪੂਜਹਿ ਮੁਗਧਿ ਗਵਾਰ॥ ਓਹਿ ਜਾ ਆਪ ਡੁਬੇ ਤੁਮ ਕਹਾ ਤਰਣਹਾਰੁ॥” ਫੇਰ ਵੀ ਭਰਮ ਫੈਲਾਇਆ ਜਾਂਦਾ ਹੈ ਤੇ ਗੁਰਬਾਣੀ, ਗੁਰਮਤਿ ਦੀ ਸੋਝੀ ਨਾ ਹੋਣ ਕਰਕੇ ਸਿੱਖ ਫੱਸ ਵੀ ਜਾਂਦੇ ਹੈ। ਗੁਰੂ ਅਰਜਨ ਦੇਵ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਚ ਆਪ ਦਰਜ ਕਰ ਦਿੱਤਾ ਕੇ “ਹਜ ਕਾਬੈ ਜਾਉ ਨ ਤੀਰਥ ਪੂਜਾ॥ਏਕੋ ਸੇਵੀ ਅਵਰੁ ਨ ਦੂਜਾ॥ ੨॥ ਪੂਜਾ ਕਰਉ ਨ ਨਿਵਾਜੁ ਗੁਜਾਰਉ॥ ਏਕ ਨਿਰੰਕਾਰ ਲੇ ਰਿਦੈ ਸਮਾਰਉ॥ ਨਾ ਹਮ ਹਿੰਦੂ ਨ ਮੁਸਲਮਾਨ॥ਅਲਹੁ ਰਾਮ ਕੇ ਪਿੰਡ ਪ੍ਰਾਨ॥” ਫੇਰ ਵੀ ਭਰਮ????? ਅਜੇ ਬਹੁਤ ਹੋਰ ਉਦਾਹਰਣਾਂ ਹੈ ਨੇ ਬਾਣੀ ਚ। ਗੁਰੂ ਸਾਹਿਬ ਦੇ ਸਨਮੁਖਿ ਜੋ ਸਮਾਜ ਸੀ ਮਾਨਤਾਵਾਂ ਸੀ ਓਹ ਸੁਭਾਵਿਕ ਹੀ ਬਾਣੀ ਚ ਆਉਣਗੀਆਂ। ਗੁਰੂ ਸਾਹਿਬ ਕਹਿੰਦੇ, ਰੱਬ ਨੂੰ ਭਾਵੇਂ ਤੁਸੀਂ ਰਾਮ ਕਹਿੰਦੇ ਹੋ ਭਾਵੇਂ ਅਲਾਹ, ਕੋਈ ਗੱਲ ਨਹੀਂ ਪਰ ਅੰਤਰ ਭਾਵ ਇੱਕ ਰੱਬ ਤੋਂ ਹੋਵੇ ਜਿਸਦੀ ਪਰਿਭਾਸ਼ਾ ਮੂਲਮੰਤਰ (੧ਓ….ਗੁਰਪ੍ਰਸਾਦਿ) ਚ ਹੈ। ਨਾਮ ਕੋਈ ਲੈ ਲਵੋ। ਹਿਰਦਾ ਸਿੱਖ ਦਾ ਵੱਡਾ ਹੈ ਤੇ ਸਾਰੇ ਧਰਮ ਓਸ ਚ ਸਮਾ ਸਕਦੇ ਨੇ। ਪਰ ਇਹ ਸਿੱਖੀ ਨੂੰ ਹੀ ਕਿਸੇ ਸੰਕੀਰਣ ਸੋਚ ਚ ਸਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਰਹੇ ਨੇ। ਬਾਬੇ ਨਾਨਕ ਦਾ ਹਿਰਦਾ ਤੇ ਫਲਸਫਾ ਤਾਂ ਇਤਨਾ ਵੱਡਾ ਹੈ ਕੇ ਕਹਿ ਦਿੱਤਾ “ਸਿਰੁ ਨਾਨਕ ਲੋਕਾ ਪਾਵ ਹੈ॥ ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ॥” ਬਾਬੇ ਨਾਨਕ ਦੀ ਗਲਵਕੜੀ ਚ ਸਾਰੇ ਸਮਾ ਸਕਦੇ ਹੈ। ਜੋ ਸਿੱਖੀ ਨੂੰ ਆਪਣਾ ਅੰਗ ਦੱਸ ਰਹੇ ਨੇ ਓਹ ਆਪਣੇ ਧਰਮ ਅਸਥਾਨ ਤੇ ਇਹ ਪੜ ਕੇ ਦਿਖਾਉਣ “ਬੋਲੈ ਸੇਖੁ ਫਰੀਦ ਪਿਆਰੇ ਅਲਹ ਲਗੇ॥” ਨਹੀਂ ਤਾਂ ਕਬੀਰ ਸਾਹਿਬ ਦਾ ਪੜਣ “ਅਲਾਹ ਪਾਕੰ ਪਾਕਿ ਹੈ ਸਕ ਕਰਉ ਜੇ ਦੂਸਰ ਹੋਇ॥” ਯਾ ਭਗਤ ਨਾਮਦੇਵ ਜੀ ਦਾ “ਕਰੀਮਾਂ ਰਹੀਮਾਂ ਅਲਾਹ ਤੂੰ ਗਨੀਂ॥” ਕੁੱਲ ਜਹਾਨ ਨੂੰ ਤਾਰਣ ਆਏ ਗੁਰ ਨਾਨਕ ਸਾਹਿਬ ਨੂੰ ਇਹ ਅੱਜ ਵੀ ਡੱਬੀ ਚ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਜਗਤ ਗੁਰੂ ਨੇ ਤੇ ਸਰਬ ਸੰਸਾਰ ਨੂੰ ਤਾਰਣ ਲਈ ਆਏ ਨੇ। ਸ਼ਬਦ ਦਾ ਪ੍ਰਕਾਸ਼ ਦੇਸ, ਪ੍ਰਦੇਸਾਂ ਦੀਆਂ ਹੱਦਾਂ ਤੋਂ ਪਰੇ ਹੈ। ਲੰਬੀ ਗੁਲਾਮੀ ਤੋਂ ਬਾਅਦ ਮਿਲੀ ਸੱਤਾ ਦੀ ਖੁਮਾਰੀ ਚ ਜੋ ਲੋਕ ਸੋਚਦੇ ਨੇ ਕੇ ਸਿੱਖੀ ਨਿਗਲ ਲੈਣਗੇ, ਓਹ ਭੁਲਾਵੇ ਚ ਨਾ ਰਹਿਣ, ਇਸ ਦੀਆਂ ਜੜਾਂ ਹੁਣ ਸੰਸਾਰ ਭਰ ਚ ਲੱਗ ਚੁੱਕੀਆਂ ਨੇ ਤੇ ਦਸ਼ਮੇਸ਼ ਪਿਤਾ ਨੇ ਸ਼ਮਸ਼ੀਰ ਵੀ ਬਖਸ਼ ਦਿੱਤੀ ਸੀ। ਜੋ ਖਾਲਸਾ ਪਰਮਾਤਮ ਦੀ ਮਉਜ ਚ ਪ੍ਰਗਟ ਹੋਇਆ ਹੈ, ਓਸਦਾ ਰਾਖਾ ਓਹ ਆਪ ਹੈ। ਹਾਂ, ਜੇ ਸਿੱਖ ਵਿਰੋਧੀ ਤਾਕਤਾਂ ਵੱਲੋਂ ਫੈਲਾਏ ਜਾ ਰਹੇ ਭਰਮ ਨੂੰ ਦੂਰ ਕਰਨ ਲਈ ਸ੍ਰੀ ਅਕਾਲ ਤਖਤ ਤੋਂ ਸਪੱਸ਼ਟੀਕਰਨ ਜਾਰੀ ਹੁੰਦਾ ਹੈ ਤਾਂ ਬਹੁਤ ਚੰਗਾ ਹੋਵੇਗਾ।(ਨੋਟ: 5 ਅਗਸਤ ਵਾਲੇ ਦਿਨ ਅਯੋਧਿਆ ਵਿਚ ਰਾਮ ਮੰਦਿਰ ਦੀ ਉਸਾਰੀ ਦੇ ਸ਼ੁਰੂਆਤੀ ਸਮਾਗਮ ਮੌਕੇ ਬੋਲਦਿਆਂ ਹਿੰਦੁਤਵੀ ਸੰਸਥਾ ਆਰ.ਐਸ.ਐਸ ਦੇ ਮੈਂਬਰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ “ਰਾਮਾਇਣ” ਲਿਖੀ ਹੈ। ਇਸ ਬਿਆਨ ਨੇ ਪੂਰੀ ਦੁਨੀਆ ਅੰਦਰ ਇਕ ਭੁਲੇਖਾ ਪਾਇਆ ਹੈ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਨਾਤਨ ਮਾਨਤਾਵਾਂ ਅਨੁਸਾਰ ਹੀ ਸ੍ਰੀ ਰਾਮ ਜੀ ਦਾ ਜ਼ਿਕਰ ਕੀਤਾ ਹੈ। ਇਸ ਸਬੰਧੀ ਸਾਬਕਾ ਵਿਧਾਇਕ ਅਤੇ ਸਿੱਖ ਜਰਨੈਲ ਸਿੰਘ ਪੱਤਰਕਾਰ ਨੇ ਇਹ ਵਿਚਾਰ ਸਾਂਝੇ ਕੀਤੇ ਹਨ, ਜਿਹਨਾਂ ਨੂੰ ਅੰਮ੍ਰਿਤਸਰ ਟਾਈਮਜ਼ ਦੇ ਪਾਠਕਾਂ ਦੇ ਪੜ੍ਹਨ ਹਿੱਤ ਛਾਪਿਆ ਜਾ ਰਿਹਾ ਹੈ।)

- Advertisement -spot_img

More articles

- Advertisement -spot_img

Latest article