ਵਿਦਿਆਰਥੀਆਂ ਦੀ ਕਲਾ ਪ੍ਰਤਿਭਾ ਨੂੰ ਉਭਾਰਨ ਲਈ ਮੌਕੇ ਪ੍ਰਦਾਨ ਕੀਤੇ ਜਾਣਗੇ : ਵਾਈਸ ਚਾਂਸਲਰ
ਅੰਮ੍ਰਿਤਸਰ, 15 ਅਕਤੂਬਰ (ਗਗਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੇਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੀ ਅੰਦਰਲੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਪੂਰੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਹ ਅੱਜ ਯੂਨੀਵਰਸਿਟੀ ਦੇ ਦ ਫਾਈਨ ਆਰਟਸ ਕਲੱਬ ਵੱਲੋਂ ਦ ਗੈਲਰੀ: ਹਿਸਟਰੀ ਐਂਡ ਡਰੀਮਜ਼ ਵਿਖੇ ਲਗਾਈ ਇਕ ਸਪਤਾਹੀ ਕਲਾ ਪ੍ਰਦਸ਼ਨੀ ਦੇ ਉਦਘਾਟਨੀ ਸਮਾਰੋਹ ਮੌਕੇ ਹਾਜ਼ਰ ਹੋਏ ਸਨ। ਪੰਜਾਬੀ ਦੇ ਉੱਘੇ ਨਾਵਲਕਾਰ ਸ. ਨਾਨਕ ਸਿੰਘ ਦੇ ਪੋਤਰੇ ਨਵਦੀਪ ਸਿੰਘ ਸੂਰੀ, ਆਈ ਐਫ ਐਸ (ਰਿਟਾ.) ਸਾਬਕਾ ਅੰਬੈਸਡਰ, ਮਿਸਰ ਅਤੇ ਯੂ.ਏ.ਈ., ਵੱਲੋਂ ਇਸ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ ਅਤੇ ਉਨਾਂ੍ਹ ਨੇ ਕਰੋਨਾ ਕਾਲ ਦੇ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿਚ ਵਿਦਿਆਰਥੀ ਦੀਆਂ ਕਲਾ-ਗਤੀਵਿਧੀਆਂ ਨੂੰ ਵਧਾਉਣ ਦੇ ਲਈ ਲਗਾਈ ਗਈ ਇਸ ਪ੍ਰਦਰਸ਼ਨੀ ਦੇ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਦੌਰਾਨ ਉਨ੍ਹਾਂ ਦੀਆਂ ਅੰਦਰਲੀਆਂ ਕਲਾ ਕ੍ਰਿਤੀਆਂ ਨੂੰ ਉਭਾਰਨ ਦੇ ਲਈ ਅਜਿਹੀਆਂ ਪ੍ਰਦਰਸ਼ਨੀਆਂ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਇਸ ਪ੍ਰਦਰਸ਼ਨੀ ਵਿਚ ਜਿਥੇ ਵੱਖ ਵੱਖ ਵਿਦਿਆਰਥੀਆਂ ਨੇ ਆਪਣੀਆਂ ਪੇਂਟਿੰਗ, ਚਿਤਰਾਂ ਰਾਹੀਂ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਉਥੇ ਇਸ ਸਮੇਂ ਵਿਰਾਸਤੀ ਵਸਤਾਂ ਦੀ ਵੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਪ੍ਰੋ. ਸਰਬਜੋਤ ਸਿੰਘ ਬਹਿਲ, ਓ.ਐਸ.ਡੀ. ਵਾਈਸ ਚਾਂਸਲਰ, ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਤੋਂ ਇਲਾਵਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਹ ਪ੍ਰਦਰਸ਼ਨੀ ਕਲੱਬ ਦੇ ਟੀਚਰ ਇੰਚਾਰਜ ਤੇ ਆਰਕੀਟੈਕਚਰ ਵਿਭਾਗ ਦੇ ਸਹਾਇਕ ਪ੍ਰੋਫੈਸਰ ਅਸ਼ਵਿੰਦ ਕੌਰ ਦੀ ਦੇਖਰੇਖ ਹੇਠ ਕਰਵਾਈ ਗਈ।
ਫਾਈਨ ਆਰਟਸ ਕਲੱਬ ਵੱਲੋਂ ਕਾਰਵਾਈ ਗਈ ਇਸ ਕਲਾ ਪ੍ਰਦਰਸ਼ਨੀ ਦੇ ਨਾਲ ਨਾਲ ਸਰਵੋਤਮ ਪੇਟਿੰਗਾਂ ਦੇ ਇਨਾਮਾਂ ਦਾ ਵੀ ਐਲਾਨ ਪ੍ਰੋ. ਸਰਬਜੋਤ ਸਿੰਘ ਬਹਿਲ, ਓ.ਐਸ.ਡੀ. ਵਾਈਸ ਚਾਂਸਲਰ ਵੱਲੋਂ ਕੀਤਾ ਗਿਆ। ਜਿਸ ਦੇ ਵਿਚ ਪਹਿਲਾ ਸਥਾਨ ਸ਼ਿਵਮ ਮਹਿੰਦਰੂ ਨੂੰ ਉਸ ਵੱਲੋਂ ਤਿਆਰ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੇਂਟਿੰਗ ਨੂੰ ਦਿੱਤਾ ਗਿਆ। ਦੂਜਾ ਸਥਾਨ ਲਵਲੀਨ ਕੌਰ ਨੂੰ ਦਿੱਤਾ ਗਿਆ ਜਿਸ ਨੇ ਆਪਣੇ ਪੇਂਟਿੰਗ ਵਿਚ ਆਪਣੀ ਦਾਦੀ ਦਾ ਚਿਤਰ ਤਿਆਰ ਕੀਤਾ ਸੀ। ਤੀਜੇ ਸਥਾਨ `ਤੇ ਸਾਂਝੇ ਤੌਰ `ਤੇ ਅਨੂਰੀਤ ਕੌਰ ਅਤੇ ਸੁਧਾਂਸ਼ੂ ਰਾਮਪਾਲ ਆਏ। ਉਨ੍ਹਾਂ ਨੇ ਪੈਂਸਿਲ ਸਕੈਚ ਤਿਆਰ ਕੀਤੇ ਜਿਨ੍ਹਾਂ ਨੂੰ ਪ੍ਰਦਰਸ਼ਨੀ ਵੇਖਣ ਆਏ ਕਲਾ ਪ੍ਰੇਮੀਆਂ ਵੱਲੋਂ ਕਾਫੀ ਸਲਾਹਿਆ ਗਿਆ। ਇਸ ਸਮੇਂ ਪੰਜ ਉਤਸ਼ਾਹ ਵਧਾਊ ਇਨਾਮ ਸਹੀਨ ਕੌਰ, ਹਰਸ਼ਿਤ ਭਾਸਿਨ, ਅਨੱਨਿਯਾ ਗੋਇਲ, ਹਰਸਿਮਰਨ ਕੌਰ ਅਤੇ ਜਪਨੀਤ ਕੌਰ ਨੂੰ ਦਿੱਤੇ ਗਏ। ਕਲੱਬ ਦੇ ਕਨਵੀਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਲਾ ਪ੍ਰਦਰਸ਼ਨੀ 2021 ਦੇ ਪਹਿਲੇ ਦਿਨ ਜਿਥੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਬਹੁਤ ਦਿਲਚਸਪੀ ਦੇ ਨਾਲ ਕਲਾ ਪ੍ਰਦਰਸ਼ਨੀ ਦਾ ਆਨੰਦ ਮਾਣਿਆ ਉਥੇ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ, ਸਟਾਫ ਅਤੇ ਅਧਿਆਪਕਾਂ ਵੱਲੋਂ ਵੀ ਉਚੇਚੇ ਤੌਰ `ਤੇ ਸ਼ਿਰਕਤ ਕੀਤੀ ਗਈ ਵਿਦਿਆਰਥੀਆਂ ਦੀਆਂ ਕਲਾਵਾਂ ਦੀ ਰੱਜ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮੰਗ ਦੇ ਆਧਾਰ `ਤੇ ਵਾਈਸ ਚਾਂਸਲਰ ਪ੍ਰੋ. ਸੰਧੂ ਵੱਲੋਂ ਅਗਲੇ ਹਫਤੇ ਤਕ ਵਧਾਇਆ ਗਿਆ ਹੈ। ਜੇਤੂਆਂ ਨੂੰ ਸਰਟੀਫਿਕੇਟ ਤੇ ਟਰਾਫੀਆਂ ਤੇ ਕਲਾ ਪ੍ਰਦਰਸ਼ਨੀ ਵਿਚ ਆਪਣੀਆਂ ਪੇਂਟਿੰਗ ਪ੍ਰਦਰਸ਼ਤ ਕਰਨ ਵਾਲੇ ਕਾਲਕਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਵਿਦਿਆਰਥੀ ਕਲਾਕਾਰਾਂ ਨੇ ਵੀ ਆਪਣੀਆਂ ਭਾਵਨਾਵਾਂ ਪ੍ਰਗਟਾਉਂਦਿਆਂ ਜਿਥੇ ਯੂਨੀਵਰਸਿਟੀ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਪ੍ਰਦਰਸ਼ਨੀ ਨਾਲ ਆਪਣੇ ਆਪ ਨੂੰ ਸਨਮਾਨਤ ਮਹਿਸੂਸ ਕਰ ਰਹੇ ਹਨ।