ਅੰਮ੍ਰਿਤਸਰ, 20 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲੜਕੀਆਂ ਦੀ ਫੁੱਟਬਾਲ ਟੀਮ ਨੇ ਐਲ.ਐਨ.ਆਈ.ਪੀ.ਈ., ਗਵਾਲੀਅਰ ਵਿਖੇ ਹੋਈ ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੁੱਟਬਾਲ (ਲੜਕੀਆਂ) ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿਤਿਆ ਹੈ ਜਦੋਂਕਿ ਯੂਨੀਵਰਸਿਟੀ ਦੀ ਲ਼ੜਕਿਆਂ ਦੀ ਫੁੱਟਬਾਲ ਟੀਮ ਨੇ ਕੋਟਾ ਯੂਨੀਵਰਸਿਟੀ, ਰਾਜਸਥਾਨ ਵਿਖੇ ਆਯੋਜਿਤ ਆਲ ਇੰਡੀਆ ਅੰਤਰਵਰਸਿਟੀ (ਲੜਕੇ) ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿਤ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ।ਇਕ ਸਾਲ ਵਿਚ ਇਕ ਚੈਂਪੀਅਨਸ਼ਿਪ ਵਿਚ ਦੋ ਪੁਜੀਸ਼ਨਾਂ ਕਰਨਾ ਇਕ ਵੱਡੀ ਪ੍ਰਾਪਤੀ ਹੈ।
ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਇੰਚਾਰਜ ਡਾ. ਕੰਵਰ ਮਨਦੀਪ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਯੂਨੀਵਰਸਿਟੀ ਦੇ ਖਿਡਾਰੀਆਂ ਅਤੇ ਕੋਚਾਂ ਦੇ ਯਤਨਾਂ ਸਦਕਾ ਹੋਈ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮਰਪਿਤ ਹੈ ਅਤੇ ਖੇਡ ਗਤੀਵਿਧੀਆਂ ਯੂਨੀਵਰਸਿਟੀ ਦੀਆਂ ਮੁੱਖ ਤਰਜੀਹਾਂ ਵਿੱਚ ਹਨ। ਸ਼੍ਰੀ ਪਰਦੀਪ ਕੁਮਾਰ, ਫੁੱਟਬਾਲ ਕੋਚ ਨੇ ਕਿਹਾ ਕਿ ਯੂਨੀਵਰਸਿਟੀ ਦੇ ਫੁੱਟਬਾਲ ਖਿਡਾਰੀ ਸਮਰਪਿਤ ਅਤੇ ਸਖਤ ਮਿਹਨਤ ਵਾਲਾ ਮਾਦਾ ਰਖਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਯੂਨੀਵਰਸਿਟੀ ਦੀ ਟੀਮ ਭਵਿੱਖ ਵਿੱਚ ਹੋਣ ਵਾਲੇ ਮੁਕਾਬਲਿਆਂ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰੇਗੀ।