ਅੰਮ੍ਰਿਤਸਰ, 6 ਮਾਰਚ (ਅਮ੍ਰਿਤਾ ਭਗਤ) – ਗੁਰੂ ਨਗਰੀ ਪਿੰਡ ਵੱਲਾ ਦੀਆਂ ਮੁਸ਼ਕਿਲਾਂ ਵੱਲ ਧਿਆਨ ਦੇਣ ਲਈ ਪ੍ਰਸ਼ਾਸਨ ਵੱਲੋਂ ਬਹੁਤ ਕਮੀਆਂ ਪੇਸ਼ੀਆਂ ਛੱਡੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਅਕਾਲੀ ਆਗੂ ਹਰਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਵੱਲਾ ਵਿਖੇ ਇਕ ਮਹੀਨੇ ਤੋਂ ਵੱਧ ਸਮਾਂ ਚੱਲਣ ਵਾਲਾ ਗੁਰੂਦਵਾਰਾ ਕੋਠਾ ਸਾਹਿਬ ਜੀ ਦਾ ਮਸ਼ਹੂਰ ਮੇਲਾ ਲਗਦਾ ਹੈ, ਪ੍ਰਸ਼ਾਸਨ ਵੱਲੋਂ ਇਸ ਮਸ਼ਹੂਰ ਮੇਲੇ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ। ਪਰ ਪਿੰਡ ਵੱਲਾ ਦੀ ਤਰਾਸਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਲਈ ਪਿਛਲੀ ਸਰਕਾਰ ਨੇ ਕਈ ਪ੍ਰੋਗਰਾਮ ਉਲੀਕੇ ਸਨ। ਪਿੰਡ ਦੇ ਵਿੱਚ ਕਈ ਵਿਕਾਸ ਦੇ ਕੰਮ ਭਾਵੇਂ ਸਿਰੇ ਚੜ੍ਹ ਚੁੱਕੇ ਹਨ, ਪਰ ਫਿਰ ਵੀ ਕਈ ਥਾਵਾਂ ਤੇ ਸੜਕ ਦੇ ਦੋਨੋਂ ਪਾਸੇ ਇੰਟਰਲੌਕ ਟਾਈਲਾਂ ਲਗਾਈਆਂ ਜਾਣੀਆਂ ਸਨ ਜੋ ਨਹੀਂ ਲਗਾਈਆਂ ਗਈਆਂ । ਜਿਨ੍ਹਾਂ ਲਈ ਪਿਛਲੀਆਂ ਸਰਕਾਰਾਂ ਨੇ ਗਰਾਂਟਾਂ ਵੀ ਦੇ ਦਿੱਤੀਆਂ ਹਨ । ਪਿੰਡ ਦੇ ਬਾਹਰਵਾਰ ਗੰਦਗੀ ਦੇ ਢੇਰ ਲੱਗੇ ਹਨ। ਜਿਨ੍ਹਾਂ ਨੂੰ ਨਗਰ ਨਿਗਮ ਵੱਲੋਂ ਟਾਈਮ ਸਿਰ ਨਹੀਂ ਚੁੱਕਿਆ ਜਾ ਰਿਹਾ। ਦੂਸਰੇ ਪਾਸੇ ਪਿੰਡ ਦੇ ਬਾਹਰਵਾਰ ਹਾਈਵੇ ਰੋਡ ਤੇ ਲੱਗਣ ਵਾਲੇ ਵੱਡੇ-ਵੱਡੇ ਟਰੈਫਿਕ ਜਾਮ ਕਾਰਨ ਗੁਰਦੁਆਰਾ ਸਾਹਿਬ ਨੂੰ ਆਈਆ ਸੰਗਤਾਂ ਨੂੰ ਘੰਟਿਆਂ ਬੱਧੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਦੀਆਂ ਮੁਸ਼ਕਿਲਾਂ ਵੱਲ ਪ੍ਰਸਾਸਨ ਜਲਦ ਤੋਂ ਜਲਦ ਧਿਆਨ ਦੇਵੇ ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਦਿੱਤੀ ਜਾਵੇ।