ਭਾਰਤੀ ਜਨਤਾ ਪਾਰਟੀ ਦੇ ਉੱਚ-ਅਹੁਦਿਆਂ ਉੱਤੇ ਬਿਰਾਜਮਾਨ ਹੋਣ ਲਈ ਲਗਦਾ ਹੈ ਹੋਰ ਸ਼ਰਤਾਂ ਦੇ ਨਾਲ਼-ਨਾਲ਼ ਅੰਤਾਂ ਦੇ ਗੱਪ ਛੱਡਣਾ ਵੀ ਇੱਕ ਜ਼ਰੂਰੀ ਗੁਣ ਹੈ| ਭਾਰਤ ਦੇ ਲੋਕ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਦੀਆਂ ਗੱਪਾਂ ਸੁਣਕੇ ਕੀ ਘੱਟ ਅੱਕੇ ਹੋਏ ਸਨ ਕਿ ਭਾਜਪਾ ਦੇ ਪ੍ਰਧਾਨ ਜੇ.ਪੀ ਨੱਡਾ ਨੇ ਵੀ ਆਪਣੀ ਹਾਜ਼ਰੀ ਲਵਾਉਣਾ ਜ਼ਰੂਰੀ ਸਮਝਿਆ| ਸ਼ਨੀਵਾਰ ਨੂੰ ਉੜੀਸਾ ਦੀ ਭਾਜਪਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੇ.ਪੀ. ਨੱਡਾ ਨੇ ਭਾਰਤ ਦੇ ਲੋਕਾਂ ਦਾ “ਗਿਆਨ” ਇਹਨਾਂ ਨੁਕਤਿਆਂ ਨਾਲ਼ ਵਧਾਇਆ -:
– ਮੋਦੀ ਸਰਕਾਰ ਨੇ ਕਰੋਨਾ ਕਾਲ ਸਮੇਂ ਅਰਥਚਾਰੇ ਨੂੰ ਬਹੁਤ ਚੰਗੀ ਤਰ੍ਹਾਂ ਸਾਂਭਿਆ|
– ਦੇਸ਼ ਦੇ ਗਰੀਬਾਂ ਲਈ ਕਈ ਸਕੀਮਾਂ ਚਲਾਕੇ ਪੂਰਨਬੰਦੀ ਸਮੇਂ ਮੋਦੀ ਸਰਕਾਰ ਨੇ ਗਰੀਬਾਂ ਦਾ ਔਖੀ ਘੜੀ ਹੱਥ ਫੜ੍ਹਿਆ|
– ਕੇਂਦਰ ਸਰਕਾਰ ਨੇ ਬਹੁਤ ਚੰਗੀ ਤਰ੍ਹਾਂ ਸਿਹਤ ਖੇਤਰ ਨਾਲ਼ ਸਬੰਧਿਤ ਮਸਲਿਆਂ ਨੂੰ ਹੱਲ ਕੀਤਾ|
– ਪੂਰਨਬੰਦੀ ਸਮੇਂ ਭਾਜਪਾ ਦੇ ਮੈਂਬਰਾਂ ਨੇ ਵਰਚੁਅਲ (ਮਤਲਬ ਸੋਸ਼ਲ ਮੀਡੀਆ ਮੰਚ ਜਿਵੇਂ ਫੇਸਬੁੱਕ, ਟਵਿੱਟਰ ਤੇ ਹੋਰ ਔਨਲਾਈਨ ਮੰਚ) ਮੰਚਾਂ ਰਾਹੀਂ ਆਮ ਲੋਕਾਂ ਦੀ ਪੂਰੀ ਸੇਵਾ ਕੀਤੀ|
ਇਸ ਗਿਆਨ ਦੀ ਵਾਛੜ ਨਾਲ਼ ‘ਸ਼੍ਰੀ’ ਜੇ.ਪੀ ਨੱਡਾ ਭਾਜਪਾ ਦੇ ਗੱਪੀ ਮਹਿਕਮੇ ਦੇ ਪ੍ਰਧਾਨ ਦੇ ਵੀ ਮੁੱਖ ਅਹੁਦੇਦਾਰ ਬਣ ਚੁੱਕੇ ਹਨ| ਮਨੋਰੰਜਨ ਦੇ ਸਰੋਤ ਹੋਣ ਦੇ ਨਾਲ਼ ਇਹਨਾਂ ਗੱਲਾਂ ਤੋਂ ਇਹ ਵੀ ਸਾਬਤ ਹੁੰਦਾਂ ਹੈ ਕਿ ਇਹ ਲੀਡਰ ਆਮ ਲੋਕਾਂ ਦੀਆਂ ਅਸਲ ਲੋੜਾਂ ਤੋਂ ਕਿਵੇਂ ਅੱਖਾਂ ਮੀਚੀ ਬੈਠੇ ਹਨ| ਕਿਵੇਂ ਹਰ ਰੋਜ਼ ਭੁੱਖ ਨਾਲ਼ ਰੋਂਦੇ-ਕੁਰਲਾਉਂਦੇ ਲੋਕਾਂ ਦੀ ਇਹਨਾਂ ਨੂੰ ਭੋਰਾ ਵੀ ਫ਼ਿਕਰ ਨਹੀਂ| ਅਜਿਹੇ ਭਾਸ਼ਣਾਂ ਨਾਲ਼ ਸਿਰਫ਼ ਇਹਨਾਂ ਦੀ ਮੂਰਖ਼ਤਾ ਹੀ ਨਹੀਂ ਇਹਨਾਂ ਦੀ ਦਰਿੰਦਗੀ ਵੀ ਸਾਹਮਣੇ ਆਉਂਦੀ ਹੈ