ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ ਬੇਅਦਬੀ ਕਰਨ ਦੇ ਮਾਮਲੇ ‘ਚ ਪੰਜਾਬ ਪੁਲਸ ਦੀ ਸਿੱਟ ਨੇ ਡੇਰਾ ਸਿਰਸਾ ਨਾਲ ਸਬੰਧਿਤ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਸਿੱਟ ਦੀ ਅਗਵਾਈ ਕਰ ਰਹੇ ਡੀਆਈਜੀ ਰਣਵੀਰ ਸਿੰਘ ਖੱਟੜਾ ਦੀ ਟੀਮ ਵੱਲੋਂ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਸਾਲ 2015 ਨਾਲ ਸਬੰਧਿਤ ਇਸ ਬੇਅਦਬੀ ਮਾਮਲੇ ਵਿਚ ਇਨ੍ਹਾਂ ਦੋਸ਼ੀਆਂ ਦੀਆਂ ਗ੍ਰਿਫ਼ਤਾਰੀਆਂ ਕੋਟਕਪੂਰਾ ਅਤੇ ਫ਼ਰੀਦਕੋਟ ਤੋਂ ਅੱਧੀ ਰਾਤ ਨੂੰ ਹੋਈਆਂ। ਇਸ ਮਾਮਲੇ ਨਾਲ ਸਬੰਧਿਤ ਇਕ ਦੋਸ਼ੀ ਮਹਿੰਦਰਪਾਲ ਬਿੱਟੂ ਪਹਿਲਾਂ ਹੀ ਜੇਲ੍ਹ ‘ਚ ਮਾਰਿਆ ਗਿਆ ਸੀ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਾਸਮ ਖਾਸ ਮਹਿੰਦਰਪਾਲ ਬਿੱਟੂ ਨੂੰ 2018 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ 2019 ਵਿਚ ਉਸਨੂੰ ਨਾਭੇ ਜੇਲ੍ਹ ਵਿਚ ਸਿੱਖ ਨੌਜਵਾਨਾਂ ਨੇ ਕਤਲ ਕਰ ਦਿੱਤਾ ਸੀ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਗ੍ਰਿਫਤਾਰ ਕੀਤੇ ਗਏ 7 ਦੋਸ਼ੀਆਂ ਦੀ ਪਛਾਣ ਸੁਖਜਿੰਦਰ, ਨੀਲਾ, ਰਣਜੀਤ, ਭੋਲਾ, ਨਿਸ਼ਾਨ, ਬਲਜੀਤ ਅਤੇ ਨਰਿੰਦਰ ਸ਼ਰਮਾ ਵਜੋਂ ਹੋਈ ਹੈ। ਇਹ ਸਾਰੇ ਫਰੀਦਕੋਟ ਦੇ ਵਸਨੀਕ ਹਨ।
2 ਜੂਨ 2015 ਨੂੰ ਬਾਜਾਖਾਨਾ ਦੇ ਪੁਲਸ ਥਾਣੇ ਵਿਚ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ। 12 ਅਕਤੂਬਰ 2015 ਨੂੰ ਬਰਗਾੜੀ ਦੀਆਂ ਗਲੀਆਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗਾਂ ਨੂੰ ਪਾੜ੍ਹ ਕੇ ਸੁੱਟਿਆ ਗਿਆ ਸੀ।
ਇਹਨਾਂ ਬੇਅਦਬੀਆਂ ਖਿਲਾਫ ਸ਼ਾਂਤਮਈ ਰੋਸ ਕਰਦਿਆਂ ਸਿੱਖ ਸੰਗਤਾਂ ‘ਤੇ ਪੰਜਾਬ ਪੁਲਸ ਨੇ ਗੋਲੀ ਚਲਾ ਦਿੱਤੀ ਸੀ ਜਿਸ ਵਿਚ ਦੋ ਸਿੱਖ ਸ਼ਹੀਦ ਹੋਏ ਸਨ ਜਦਕਿ ਕਈ ਜ਼ਖਮੀ ਹੋਏ ਸਨ।
ਧੰਨਵਾਦ ਸਾਹਿਤ ਅੰਮ੍ਰਿਤਸਰ ਟਾਈਮਜ਼