ਗੁਰਦਾਸਪੁਰ ਜ਼ਿਲ੍ਹੇ ਦਾ ਪੰਜਾਬੀ ਨੌਜਵਾਨ ਸਮੁੰਦਰੀ ਲੁਟੇਰਿਆਂ ਨੇ ਕੀਤਾ ਅਗਵਾ

124

ਪਰਿਵਾਰ ਨੇ ਲਾਈ ਮਦਦ ਦੀ ਗੁਹਾਰ

Italian Trulli

ਨਵੀਂ ਦਿੱਲੀ, 14 ਸਤੰਬਰ (ਬੁਲੰਦ ਆਵਾਜ ਬਿਊਰੋ) – ਭਾਰਤ ਦੇ ਪੰਜਾਬੀ ਨੌਜਵਾਨ ਪੰਕਜ ਕੁਮਾਰ ਨੂੰ ਪੱਛਮੀ ਅਫ਼ਰੀਕੀ ਦੇਸ਼ ਗੈਬਾਨ ਦੇ ਨੇੜੇ ਸਮੁੰਦਰੀ ਲੁਟੇਰਿਆਂ ਨੇ ਅਗਵਾ ਕਰ ਲਿਆ ਹੈ। ਮਰਚੈਂਟ ਨੇਵੀ ਮੁੰਬਈ ਦੀ ਕੰਪਨੀ ਵਿੱਚ ਬਤੌਰ ਸੈਕਿੰਡ ਇੰਜੀਨੀਅਰ ਤੈਨਾਤ ਪੰਕਜ ਕੁਮਾਰ ਬੀਤੀ 6 ਸਤੰਬਰ ਤੋਂ ਲਾਪਤਾ ਹੈ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਚੌਂਤਾ ਪਿੰਡ ਦੇ ਇਸ ਨੌਜਵਾਨ ਦੇ ਪਰਿਵਾਰਕ ਮੈਂਬਰ ਉਸ ਦੀ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਹੇ ਹਨ। ਪੰਕਜ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਵਿਆਹ ਮਗਰੋਂ ਉਹ ਸਿਰਫ਼ ਇੱਕ ਮਹੀਨਾ ਹੀ ਘਰ ਰਿਹਾ ਹੈ। ਉਸ ਤੋਂ ਬਾਅਦ ਡਿਊਟੀ ’ਤੇ ਹੀ ਤੈਨਾਤ ਹੈ।

30 ਸਾਲਾ ਪੰਕਜ ਕੁਮਾਰ ਦੇ ਭਰਾ ਸੰਦੀਪ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਪੰਕਜ ਕੈਮਰੂਨ ਤੋਂ ਸੰਯੁਕਤ ਅਰਬ ਅਮੀਰਾਤ ਗਏ ਜਹਾਜ਼ ਐਮਵੀ ਟੈਂਪੇਨ ਵਿੱਚ ਗਿਆ ਸੀ, ਜਿਸ ਵਿੱਚ ਚਾਲਕ ਦਲ ਦੇ 17 ਮੈਂਬਰ ਮੌਜੂਦ ਸਨ। 26 ਅਗਸਤ ਨੂੰ ਪੰਕਜ ਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਸਮੁੰਦਰ ਵਿੱਚ ਨੈਟਵਰਕ ਨਾ ਹੋਣ ਕਾਰਨ ਉਹ ਕੁਝ ਸਮਾਂ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਸਕੇਗਾ। ਹਾਲਾਂਕਿ ਉਸ ਨੇ ਇੱਕ ਬੰਦਰਗਾਹ ’ਤੇ ਪੁੱਜ ਕੇ ਮੁੜ ਫੋਨ ਕਰਨ ਦਾ ਵਾਅਦਾ ਕੀਤਾ ਸੀ, ਪਰ ਉਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।

6 ਸਤੰਬਰ ਨੂੰ ਪੰਕਜ ਦੇ ਪਰਿਵਾਰ ਨੂੰ ਮੁੰਬਈ ਸਥਿਤ ਪ੍ਰੋਐਕਟਿਵ ਸ਼ਿੰਪਿਕ ਮੈਨੇਜਮੈਂਟ ਫਰਮ ਤੋਂ ਇੱਕ ਫੋਨ ਆਇਆ ਸੀ, ਜਿਸ ਵਿੱਚ ਦੱਸਿਆ ਗਿਆ ਕਿ 13 ਅਗਸਤ ਨੂੰ ਤਕਨੀਕੀ ਸਮੱਸਿਆ ਆਉਣ ਕਾਰਨ ਪੰਕਜ ਦਾ ਜਹਾਜ਼ ਗੈਬਾਨ ਦੇਸ਼ ਦੇ ਨੇੜੇ ਰੋਕਿਆ ਗਿਆ ਸੀ। ਉਸੇ ਦੌਰਾਨ ਸਮੁੰਦਰੀ ਲੁਟੇਰਿਆਂ ਨੇ ਜਹਾਜ਼ ਦੇ ਚਾਲਕ ਦਲ ’ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਚਾਲਕ ਦਲ ਦੇ ਦੋ ਮੈਂਬਰ ਜ਼ਖਮੀ ਹੋ ਗਏ ਸਨ, ਜਦਕਿ ਪੰਕਜ ਕੁਮਾਰ ਉਸੇ ਦਿਨ ਤੋਂ ਲਾਪਤਾ ਹੈ। ਗੈਬਾਨ ਦੇਸ਼ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

ਪੰਕਜ ਦਾ ਪਰਿਵਾਰ ਦੀਨਾਨਗਰ ਪੁਲਿਸ ਸਟੇਸ਼ਨ ਗਿਆ ਸੀ, ਪਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦੇ ਲਈ ਮੁੰਬਈ ਜਾ ਕੇ ਐਫਆਈਆਰ ਦਰਜ ਕਰਾਉਣੀ ਪਏਗੀ। ਪੰਕਜ ਦੇ ਭਰਾ ਸੰਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਦਾਸਪੁਰ ਦੇ ਵਿਧਾਇਕ ਸਨੀ ਦਿਓਲ ਨਾਲ ਵੀ ਸੰਪਰਕ ਕਰਨ ਦਾ ਯਤਨ ਕੀਤਾ ਸੀ ਅਤੇ ਉਸ ਦੇ ਪੀਏ ਨਾਲ ਗੱਲ ਕੀਤੀ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਪੰਕਜ ਦੇ ਪਰਿਵਾਰ ਨੇ ਵਿਦੇਸ਼ ਮੰਤਰਾਲੇ ਸਣੇ ਭਾਰਤ ਸਰਕਾਰ ਨੂੰ ਮਦਦ ਦੀ ਗੁਹਾਰ ਲਾਉਂਦਿਆਂ ਕਿਹਾ ਹੈ ਕਿ ਉਸ ਦੀ ਸੁਰੱਖਿਅਤ ਵਾਪਸੀ ਲਈ ਜਲਦ ਤੋਂ ਜਲਦ ਯਤਨ ਵਿੱਢੇ ਜਾਣ।