ਗਾਜ਼ੀਆਬਾਦ, 2 ਜੁਲਾਈ (ਬੁਲੰਦ ਆਵਾਜ ਬਿਊਰੋ) – ਦਿੱਲੀ-ਉੱਤਰ ਪ੍ਰਦੇਸ਼ ਦੀ ਸਰਹੱਦ ’ਤੇ ਗਾਜ਼ੀਪੁਰ ਵਿਖੇ ਕਈ ਭਾਜਪਾ ਵਰਕਰਾਂ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਰਮਿਆਨ ਝੜਪ ਹੋ ਗਈ। ਜਾਣਕਾਰੀ ਮੁਤਾਬਕ ਤਣਾਅ ਉਦੋਂ ਹੋਇਆ ਜਦੋਂ ਭਾਜਪਾ ਵਰਕਰ ਫਲਾਈਵੇਅ ’ਤੇ ਜਲੂਸ ਕੱਢ ਰਹੇ ਸਨ, ਜਿੱਥੇ ਕਿਸਾਨ ਨਵੰਬਰ 2020 ਤੋਂ ਡੇਰਾ ਲਗਾਈ ਬੈਠੇ ਹਨ। ਜਾਣਕਾਰੀ ਮੁਤਾਬਕ ਭਾਜਪਾ ਦੇ ਕਈ ਵਰਕਰ ਗਾਜ਼ੀਪੁਰ ਬਾਰਡਰ ’ਤੇ ਆਪਣੇ ਕਿਸੇ ਨੇਤਾ ਦਾ ਸਵਾਗਤ ਕਰਨ ਲਈ ਪੁੱਜੇ। ਉਥੇ ਅਚਾਨਕ ਰੌਲਾ ਰੱਪਾ ਸ਼ੁਰੂ ਹੋ ਗਿਆ ਤੇ ਕਿਸਾਨਾਂ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ। ਭਾਜਪਾ ਸਮਰਥਕਾਂ ਦਾ ਦੋਸ਼ ਹੈ ਕਿ ਕਿਸਾਨਾਂ ਨੇ ਉਨ੍ਹਾਂ ’ਤੇ ਪਥਰਾਅ ਕੀਤਾ। ਹਾਲਾਤ ਇੰਨੇ ਖਰਾਬ ਹੋ ਗਏ ਕਿ ਭਾਜਪਾ ਨੇਤਾ ਨੂੰ ਉਥੋਂ ਆਪਣੀ ਗੱਡੀ ਕੱਢਣ ਲਈ ਪੁਲੀਸ ਦੀ ਮਦਦ ਲੈਣੀ ਪਈ। ਇਸ ਪੂਰੇ ਹੰਗਾਮੇ ਬਾਰੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਭਾਜਪਾ ’ਤੇ ਕਈ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਭਾਜਪਾਈ ਉਨ੍ਹਾਂ ਦੇ ਮੰਚ ’ਤੇ ਆ ਗਏ ਤੇ ਆਪਣੇ ਨੇਤਾ ਦਾ ਸਵਾਗਤ ਕਰਨ ਲੱਗੇ।