ਖੇਤੀ ਟੈਕਨੋਕਰੇਟਸ ਵੱਲੋਂ ਛੇਵੇਂ ਪੇਅ ਕਮਿਸ਼ਨ ਅਤੇ ਵਿਭਾਗੀ ਮੰਗਾਂ ਸਬੰਧੀ ਲੜੀਵਾਰ ਰੋਸ ਧਰਨੇ

53

ਅੰਮ੍ਰਿਤਸਰ, 1 ਜੁਲਾਈ (ਗਗਨ) – ਖੇਤੀਬਾੜੀ, ਬਾਗ਼ਬਾਨੀ, ਭੂਮੀ-ਰੱਖਿਆ ਅਤੇ ਪਸ਼ੂ-ਪਾਲਣ ਵਿਭਾਗਾਂ ਵਿੱਚ ਕਿਸਾਨਾਂ ਨੂੰ ਪਸਾਰ ਸੇਵਾਵਾਂ ਦੇ ਰਹੇ ਖੇਤੀ ਟੈਕਨੋਕਰੇਟਸ ਵੱਲੋਂ ਐਗਟੈਕ, ਪੰਜਾਬ ਦੇ ਸੱਦੇ ‘ਤੇ ਜ਼ਿਲ੍ਹਾ ਹੈੱਡ ਕੁਆਰਟਰ ਖੇਤੀ ਭਵਨ ਅੰਮ੍ਰਿਤਸਰ ਵਿਖੇ ਜਨਰਲ ਸਕੱਤਰ, ਐਗਟੈਕ ਡਾ. ਸੁਖਬੀਰ ਸਿੰਘ ਸੰਧੂ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ, ਦੇ ਦੌਰਾਨ ਸਰਕਾਰ ਦੀ ਅਣਦੇਖੀ ਦੇ ਸ਼ਿਕਾਰ ਇਹਨਾਂ ਵਿਭਾਗਾਂ ਵਿੱਚ ਵੱਡੀ ਪੱਧਰ ‘ਤੇ ਖਾਲੀ ਪਈਆਂ ਆਸਾਮੀਆਂ ਭਰਨ ਅਤੇ ਲੰਮੇ ਸਮੇਂ ਤੋਂ ਤਰੱਕੀ ਉਡੀਕ ਰਹੇ ਖੇਤੀਬਾੜੀ ਅਧਿਕਾਰੀਆਂ ਦੀ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕਰਕੇ ਤੁਰੰਤ ਤਰੱਕੀਆਂ ਕਰਨ ‘ਤੇ ਜ਼ੋਰ ਦਿੱਤਾ ਗਿਆ। ਸਾਰੇ ਖੇਤੀ ਮਾਹਿਰਾਂ ਨੇ ਇੱਕਮੱਤ ਹੁੰਦੇ ਹੋਏ ਸਰਕਾਰ ਵੱਲੋਂ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿੱਚ ਖੇਤੀ ਟੈਕਨੋਕਰੇਟਸ ਦੀ ਵੈਟਰਨਰੀ ਡਾਕਟਰਾਂ ਨਾਲੋਂ ਤਨਖ਼ਾਹ ਸਮਾਨਤਾ ਦੁਬਾਰਾ ਤੋੜਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਸਰਕਾਰ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਪ੍ਰੋਫੈਸ਼ਨਲ ਪੇਅ ਪੈਰਟੀ ਦੁਬਾਰਾ ਬਹਾਲ ਕਰਨ ਅਤੇ 31-12-15 ਨੂੰ 2.25 ਦੇ ਫਾਰਮੂਲੇ ਦੀ ਬਜਾਏ ਵਿਤਕਰਾ ਛੱਡਕੇ ਪਹਿਲਾਂ ਹੀ 5 ਸਾਲ ਲੇਟ ਹੋ ਚੁੱਕੇ ਨਵੇਂ ਤਨਖ਼ਾਹ ਸਕੇਲ ਸਾਰਿਆਂ ਲਈ ਇੱਕ ਹੀ ਫਾਰਮੂਲੇ ਅਨੁਸਾਰ ਫਿਕਸ ਕਰਕੇ ਇੱਕ ਹੀ ਕਿਸ਼ਤ ਵਿਚ ਬਕਾਏ ਜਾਰੀ ਕੀਤੇ ਜਾਣ ‘ਤੇ ਜ਼ੋਰ ਦਿੱਤਾ।

Italian Trulli

ਡਾ. ਸੁਖਬੀਰ ਸਿੰਘ ਸੰਧੂ, ਜਨਰਲ ਸਕੱਤਰ ਵੱਲੋਂ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਜਿੱਥੇ ਕੇਂਦਰ ਸਰਕਾਰ ਦੇ ਲਿਆਂਦੇ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਆਪਣੇ ਹੱਕਾਂ ਦੀ ਰਾਖੀ ਲਈ ਜੂਝ ਰਹੇ ਨੇ, ਉਥੇ ਪੰਜਾਬ ਸਰਕਾਰ ਦਾ ਖੇਤੀ ਟੈਕਨੋਕਰੇਟਸ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਵੱਲ ਧਿਆਨ ਨਾ ਦੇਣਾ ਬੇਹੱਦ ਮੰਦਭਾਗਾ ਹੈ। ਖੇਤੀ ਟੈਕਨੋਕਰੇਟਸ ਵੱਲੋਂ 1 ਜੁਲਾਈ 2021 ਤੋਂ 8 ਜੁਲਾਈ 2021 ਤੱਕ ਰੋਜ਼ਾਨਾ ਦੋ ਘੰਟੇ ਕਾਲੇ ਬਿੱਲੇ ਲਗਾ ਕੇ ਲੜੀਵਾਰ ਜ਼ਿਲ੍ਹਾ ਪੱਧਰੀ ਹੈੱਡ ਕੁਆਟਰਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਸ਼ਨੀਵਾਰ ਅਤੇ ਐਤਵਾਰ ਨੂੰ ਵੀ ਕਾਲੇ ਬਿੱਲੇ ਲਗਾ ਕੇ ਕਿਸਾਨਾਂ ਨੂੰ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਤੇ ਡਾ. ਪ੍ਰਿਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ, ਡਾ. ਮਸਤਿੰਦਰ ਸਿੰਘ, ਡਾ. ਜਤਿੰਦਰ ਸਿੰਘ ਗਿੱਲ, ਡਾ. ਕੁਲਵੰਤ ਸਿੰਘ, ਡਾ. ਕੁਲਜੀਤ ਸਿੰਘ ਰੰਧਾਵਾ, ਡਾ. ਸਤਵਿੰਦਰ ਸਿੰਘ ਸੰਧੂ, ਡਾ. ਸੁਖਰਾਜਬੀਰ ਸਿੰਘ, ਡਾ. ਹਰਭਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।