More

  ਖੇਤੀ ਕਾਨੂੰਨਾਂ ਖਿ਼ਲਾਫ਼ ਜੁੜੀ ਕਿਸਾਨ ਸੰਸਦ

  ਨਵੀਂ ਦਿੱਲੀ, 24 ਜੁਲਾਈ (ਬੁਲੰਦ ਆਵਾਜ ਬਿਊਰੋ) – ਕਿਸਾਨਾਂ ਨੇ ਇਥੇ ਜੰਤਰ-ਮੰਤਰ ’ਤੇ ਕਿਸਾਨ ਸੰਸਦ ਦਾ ਪ੍ਰਬੰਧ ਕਰਕੇ ਕੇਂਦਰੀ ਹਕੂਮਤ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਦਿੱਲੀ ਦੇ ਬਾਰਡਰਾਂ ਤੋਂ ਆਪਣਾ ਅੰਦੋਲਨ ਖ਼ਤਮ ਨਹੀਂ ਕਰਨਗੇ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸੰਸਦ ਦੇ ਐਨ ਨਜ਼ਦੀਕ ਜੰਤਰ-ਮੰਤਰ ’ਤੇ ਕਿਸਾਨ ਸੰਸਦ ਦੌਰਾਨ ਕਿਸਾਨਾਂ ਨੇ ਕੇਂਦਰੀ ਮੰਤਰੀਆਂ ਦੇ ਕਾਨੂੰਨਾਂ ਬਾਰੇ ਖੋਖਲੇ ਦਾਅਵਿਆਂ ਨੂੰ ਨਕਾਰਿਆ। ਕਿਸਾਨ ਸੰਸਦ ਵਿਚ ਹਿੱਸਾ ਲੈਣ ਵਾਲੇ ਮੈਂਬਰਾਂ ਨੇ ਏਪੀਐੱਮਸੀ (ਮੰਡੀਆਂ) ਸਬੰਧੀ ਐਕਟ ਬਾਰੇ ਵਿਚਾਰ ਵਟਾਂਦਰੇ ਦੌਰਾਨ ਕਈ ਨੁਕਤੇ ਉਠਾਏ ਅਤੇ ਕਿਹਾ ਕਿ ਇਹ ਗ਼ੈਰ ਲੋਕਤੰਤਰੀ ਹੈ। ਕਿਸਾਨਾਂ ਨੇ ਇਸ ਕਾਲੇ ਕਾਨੂੰਨ ਬਾਰੇ ਦੱਸਿਆ ਕਿ ਉਹ ਇਸ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਨ ਦੀ ਕਿਉਂ ਮੰਗ ਕਰ ਰਹੇ ਹਨ। ਕੱਲ ਵੀ ਇਸੇ ਕਾਨੂੰਨ ’ਤੇ ਬਹਿਸ ਹੋਵੇਗੀ ਅਤੇ ਮਤਾ ਪਾਸ ਕੀਤਾ ਜਾਵੇਗਾ।ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜਦੋਂ 200 ਕਿਸਾਨ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ਲਈ ਰਵਾਨਾ ਹੋਏ ਤਾਂ ਰਸਤੇ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਸ਼ਨਾਖਤ ਕਰਨ ਦੇ ਨਾਮ ਹੇਠ ਰੋਕ ਲਿਆ। ਕਿਸਾਨ ਆਗੂਆਂ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਯੋਗੇਂਦਰ ਯਾਦਵ ਅਤੇ ਹੋਰਾਂ ਵੱਲੋਂ ਵਿਰੋਧ ਕੀਤੇ ਜਾਣ ’ਤੇ ਉਨ੍ਹਾਂ ਦਾ ਕਾਫ਼ਲਾ ਭਾਰੀ ਸੁਰੱਖਿਆ ਹੇਠ ਪਾਰਲੀਮੈਂਟ ਸਟਰੀਟ ਪਹੁੰਚਿਆ ਤੇ ਜੰਤਰ-ਮੰਤਰ ’ਤੇ ਕਿਸਾਨ ਸੰਸਦ ਆਰੰਭ ਕੀਤੀ। ਜੰਤਰ-ਮੰਤਰ ’ਤੇ ਬਹੁ-ਪਰਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ। ਕਿਸਾਨ ਸੰਸਦ ਚਲਾਉਣ ਲਈ 6 ਮੈਂਬਰੀ ਸੰਚਾਲਨ ਕਮੇਟੀ ਬਣਾਈ ਗਈ ਜਿਸ ਵਿੱਚ ਰਾਮਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਰਾਏ, ਹਰਮੀਤ ਸਿੰਘ ਕਾਦੀਆਂ, ਹਨਨ ਮੌਲਾ, ਯੋਗੇਂਦਰ ਯਾਦਵ ਅਤੇ ਸ਼ਿਵ ਕੱਕਾ ਸ਼ਾਮਲ ਸਨ। ਪਹਿਲੇ ਦਿਨ ਦੀ ਕਿਸਾਨ ਸੰਸਦ ਤਿੰਨ ਸੈਸ਼ਨਾਂ ਵਿੱਚ ਚਲਾਈ ਗਈ। ਪਹਿਲੇ ਸੈਸ਼ਨ ’ਚ ਸਪੀਕਰ ਮੌਲਾ ਅਤੇ ਡਿਪਟੀ ਸਪੀਕਰ ਮਨਜੀਤ ਰਾਏ ਸਨ। ਦੂਜੇ ਸੈਸ਼ਨ ਵਿੱਚ ਸਪੀਕਰ ਯੋਗੇਂਦਰ ਯਾਦਵ ਅਤੇ ਡਿਪਟੀ ਸਪੀਕਰ ਹਰਮੀਤ ਕਾਦੀਆਂ ਜਦਕਿ ਤੀਸਰੇ ਸੈਸ਼ਨ ਵਿੱਚ ਸਪੀਕਰ ਸ਼ਿਵ ਕੱਕਾ ਅਤੇ ਡਿਪਟੀ ਸਪੀਕਰ ਰਾਮਿੰਦਰ ਪਟਿਆਲਾ ਸਨ। ਕਿਸਾਨ ਸੰਸਦ ਨੇ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨ ਸੰਸਦ ਵਾਲਿਆਂ ਨੂੰ ਮਵਾਲੀ ਕਹਿਣ ਖਿਲਾਫ਼ ਨਿੰਦਾ ਪ੍ਰਸਤਾਵ ਪੇਸ਼ ਕੀਤਾ। ਕਿਸਾਨ ਸੰਸਦ ਆਕਾਸ਼ ਗੁੰਜਾਊ ਨਾਅਰਿਆਂ ਨਾਲ 12 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਸਮਾਪਤ ਹੋਈ। ਸਭ ਤੋਂ ਪਹਿਲਾਂ ਮੋਰਚੇ ਦੇ ਸ਼ਹੀਦ ਕਿਸਾਨਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਸੈਸ਼ਨ ਦੀ ਸ਼ੁਰੂਆਤ ਹਨਨ ਮੌਲਾ ਨੇ ਕਰਵਾਈ ਜਿਸ ਦੌਰਾਨ ਏਪੀਐੱਮਸੀ ਮੰਡੀਆਂ ਤੋੜਨ ਲਈ ਲਿਆਂਦੇ ਕਾਨੂੰਨ ’ਤੇ ਬਹਿਸ ਹੋਈ। ਬਹਿਸ ਦੀ ਸ਼ੁਰੂਆਤ ਪ੍ਰੇਮ ਸਿੰਘ ਭੰਗੂ ਨੇ ਕੀਤੀ। ਉਧਰ ਸੰਸਦ ਮੈਂਬਰਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਸੰਸਦ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕੀਤਾ। ਉਹ ਕਿਸਾਨਾਂ ਵੱਲੋਂ ਜਾਰੀ ਕੀਤੇ ਗਏ ਪੀਪਲਜ਼ ਵ੍ਹਿਪ ਦਾ ਜਵਾਬ ਦੇ ਰਹੇ ਸਨ। ਕਈ ਸੰਸਦ ਮੈਂਬਰਾਂ ਨੇ ਕਿਸਾਨ ਸੰਸਦ ਦਾ ਦੌਰਾ ਵੀ ਕੀਤਾ। ਸੰਯੁਕਤ ਕਿਸਾਨ ਮੋਰਚੇ ਨੇ ਸੰਸਦ ਮੈਂਬਰਾਂ ਦਾ ਕਿਸਾਨੀ ਸੰਘਰਸ਼ ਵਿੱਚ ਸਮਰਥਨ ਦੇਣ ਲਈ ਧੰਨਵਾਦ ਕੀਤਾ ਪਰ ਉਨ੍ਹਾਂ ਨੂੰ ਮੰਚ ਤੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ।

  ਕੈਪਟਨ ਵੱਲੋਂ ਮੀਨਾਕਸ਼ੀ ਲੇਖੀ ਦੇ ਅਸਤੀਫ਼ੇ ਦੀ ਮੰਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਜ਼ਾਹਰਕਾਰੀ ਕਿਸਾਨਾਂ ਨੂੰ ‘ਮੱਵਾਲੀ’ ਕਹਿਣ ਵਾਲੀ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਪਿਛਲੇ ਅੱਠ ਮਹੀਨਿਆਂ ਤੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤੇ ਜਾਣ ’ਤੇ ਭਾਰਤੀ ਜਨਤਾ ਪਾਰਟੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤੋਂ ਪਾਰਟੀ ਦੀ ‘ਕਿਸਾਨ ਵਿਰੋਧੀ ਮਾਨਸਿਕਤਾ’ ਝਲਕਦੀ ਹੈ। ਉਨ੍ਹਾਂ ਕਿਹਾ, ‘ਮੀਨਾਕਸ਼ੀ ਲੇਖੀ ਨੂੰ ਇਸ ਤਰ੍ਹਾਂ ਕਿਸਾਨਾਂ ਨੂੰ ਬਦਨਾਮ ਕਰਨ ਦਾ ਕੋਈ ਹੱਕ ਨਹੀਂ ਹੈ।’ ਕੇਂਦਰ ਅੜੀ ਛਡਣ ਨੂੰ ਤਿਆਰ ਨਹੀਂ.. ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਮੁੜ ਸੱਦਾ ਦਿੱਤਾ ਹੈ ਕਿ ਉਹ ਅੰਦੋਲਨ ਦਾ ਰਾਹ ਛੱਡ ਕੇ ਗੱਲਬਾਤ ਲਈ ਅੱਗੇ ਆਉਣ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਕਿਸਾਨਾਂ ਨੇ ਤਿੰਨੋਂ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਹੈ। ਜੰਤਰ-ਮੰਤਰ ’ਤੇ ਕਿਸਾਨ ਸੰਸਦ ਬਾਰੇ ਪੁੱਛੇ ਜਾਣ ’ਤੇ ਤੋਮਰ ਨੇ ਕਿਹਾ ਕਿ ਜੇਕਰ ਕਿਸਾਨ ਖੇਤੀ ਕਾਨੂੰਨਾਂ ’ਚ ਕੋਈ ਖਾਮੀਆਂ ਲੈ ਕੇ ਆਉਂਦੇ ਹਨ ਤਾਂ ਸਰਕਾਰ ਉਨ੍ਹਾਂ ’ਤੇ ਗੱਲਬਾਤ ਲਈ ਰਾਜ਼ੀ ਹੈ। ‘ਜੇਕਰ ਕਿਸਾਨ ਆਪਣੀ ਤਜਵੀਜ਼ ਲੈ ਕੇ ਆਉਂਦੇ ਹਨ ਤਾਂ ਅਸੀਂ ਉਸ ’ਤੇ ਚਰਚਾ ਕਰਨ ਲਈ ਤਿਆਰ ਹਾਂ।’ ਕਿਸਾਨਾਂ ਪ੍ਰਤੀ ਸਰਕਾਰ ਦੇ ਸੰਵੇਦਨਸ਼ੀਲ ਹੋਣ ਦਾ ਦਾਅਵਾ ਕਰਦਿਆਂ ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ’ਚ ਪ੍ਰਧਾਨ ਮੰਤਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਖੇਤੀ ਸੈਕਟਰ ’ਚ ਕਈ ਵੱਡੇ ਕਦਮ ਪੁੱਟੇ ਗਏ ਹਨ ਜਿਨ੍ਹਾਂ ਦਾ ਲਾਭ ਦੇਸ਼ ਦੇ ਕਾਸ਼ਤਕਾਰਾਂ ਨੂੰ ਹੋ ਰਿਹਾ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img