More

  ਖੇਤੀ ਕਾਨੂੰਨਾਂ ਖ਼ਿਲਾਫ਼ ਪੂਰੇ ਭਾਰਤ ‘ਚ ਫੈਲਿਆ ਕਿਸਾਨ ਅੰਦੋਲਨ

  23 ਰਾਜਾਂ ‘ਚੋਂ ਆਈਆਂ ਰਿਪੋਰਟਾਂ ਨੇ ਉਡਾਏ ਸਰਕਾਰ ਦੇ ਹੋਸ਼

  ਨਵੀਂ ਦਿੱਲੀ, 30 ਸਤੰਬਰ (ਬੁਲੰਦ ਆਵਾਜ ਬਿਊਰੋ) – ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਇਸ ਮਿਸਾਲ ਭਾਰਤ ਬੰਦ ਦੌਰਾਨ ਵੇਖਣ ਨੂੰ ਮਿਲੀ। ਬੇਸ਼ੱਕ ਪੰਜਾਬ ਤੇ ਹਰਿਆਣਾ ਵਿੱਚ ਮੁਕੰਮਲ ਬੰਦ ਰਿਹਾ ਪਰ ਦੇਸ਼ ਦੇ ਤਕਰੀਬਨ 23 ਰਾਜਾਂ ਵਿੱਚ ਭਾਰਤ ਬੰਦ ਦਾ ਅਸਰ ਵੇਖਿਆ ਗਿਆ। ਸੂਤਰਾਂ ਮੁਤਾਬਕ ਸਰਕਾਰ ਤਾਜ਼ਾਂ ਰਿਪੋਰਟਾਂ ‘ਤੇ ਹੈਰਾਨ ਤੇ ਪ੍ਰੇਸ਼ਾਨ ਸੀ। ਸਰਕਾਰ ਨੂੰ ਲੱਗਦਾ ਸੀ ਕਿ ਅੰਦੋਲਨ ਦਾ ਅਸਰ ਪੰਜਾਬ ਤੇ ਹਰਿਆਣਾ ਤੱਕ ਹੀ ਹੈ ਪਰ ਹੁਣ ਇਹ ਅੰਦੋਲਨ ਦੇਸ਼ ਭਰ ਵਿੱਚ ਫੈਲ ਗਿਆ ਹੈ। ਅਹਿਮ ਗੱਲ ਹੈ ਕਿ 27 ਸਤੰਬਰ ਦੇ ਐਕਸ਼ਨ ਨੂੰ ਕਿਸਾਨਾਂ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਨੇ ਹਮਾਇਤ ਦਿੱਤੀ। ਕਿਸਾਨ ਲੀਡਰਾਂ ਦਾ ਦਾਅਵਾ ਹੈ ਕਿ ਹੁਣ ਇਹ ਜਨ ਅੰਦੋਲਨ ਬਣ ਗਿਆ ਹੈ।ਦਰਅਸਲ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਅੰਦੋਲਨ ਨੂੰ 10 ਮਹੀਨੇ ਤੋਂ ਵੱਧ ਦਾ ਸਮਾਂ ਹੋਣ ‘ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 27 ਸਤੰਬਰ ਨੂੰ ਭਾਰਤ ਬੰਦ ਕੀਤਾ ਗਿਆ। ਭਾਰਤ ਬੰਦ ਨੂੰ ਉੱਤਰ ਤੋਂ ਲੈ ਕੇ ਦੱਖਣੀ ਭਾਰਤ ਦੇ ਕਈ ਰਾਜਾ ਤੱਕ ਭਰਵਾਂ ਹੁੰਗਾਰਾ ਮਿਲਿਆ। ਦੇਸ਼ ’ਚ 10 ਘੰਟਿਆਂ ਦੇ ਬੰਦ ਦੌਰਾਨ ਕਿਸਾਨਾਂ ਸਮੇਤ ਹੋਰ ਲੋਕਾਂ ਨੇ ਸੜਕਾਂ ਜਾਮ ਰੱਖੀਆਂ। ਬੰਦ ਕਾਰਨ ਸੜਕ ਅਤੇ ਰੇਲ ਆਵਾਜਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ।ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਬੰਦ ਨੂੰ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ 23 ਤੋਂ ਵੱਧ ਰਾਜਾਂ ’ਚ ਜ਼ੋਰਦਾਰ ਹਮਾਇਤ ਮਿਲੀ। ਮੋਰਚੇ ਵੱਲੋਂ ਦਾਅਵਾ ਕੀਤਾ ਗਿਆ ਕਿ ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਝਾਰਖੰਡ, ਕੇਰਲਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ, ਪਾਂਡੀਚੇਰੀ, ਰਾਜਸਥਾਨ, ਤਾਮਿਲਨਾਡੂ, ਤਿਲੰਗਾਨਾ, ਤ੍ਰਿਪੁਰਾ, ਉੱਤਰਾਖੰਡ ਤੇ ਪੱਛਮੀ ਬੰਗਾਲ ’ਚ ਵੀ ਥਾਂ-ਥਾਂ ’ਤੇ ਪ੍ਰਦਰਸ਼ਨ ਕੀਤੇ ਗਏ।ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਬੰਦ ਨੂੰ ਮਿਲੇ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਭਾਰਤ ਦੇ ਲੋਕ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੇ ਕਈ ਖੇਤਰਾਂ ਵਿੱਚ ਲੋਕ ਵਿਰੋਧੀ ਨੀਤੀਆਂ ਪ੍ਰਤੀ ਮੋਦੀ ਸਰਕਾਰ ਦੇ ਅੜੀਅਲ, ਗੈਰ-ਵਾਜਬ ਅਤੇ ਹਉਮੈਂਂ ਭਰੇ ਰੁਖ ਤੋਂ ਥੱਕ ਗਏ ਹਨ। ਬੰਦ ਨੂੰ ਮੋਰਚੇ ਵਿੱਚ ਸ਼ਾਮਲ 40 ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ, ਮੁਲਾਜ਼ਮ ਜਥੇਬੰਦੀਆਂ, ਟਰਾਂਸਪੋਰਟ, ਟੈਕਸੀ, ਆਟੋ, ਬਾਰ ਐਸੋਸੀਏਸ਼ਨਾਂ, ਮਾਰਕਿਟ ਕਮੇਟੀਆਂ/ਸੰਸਥਾਵਾਂ ਤੇ ਵਪਾਰੀ ਸੰਗਠਨਾਂ ਦਾ ਸਮਰਥਨ ਹਾਸਲ ਸੀ।ਉਧਰ, ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੰਦ ਦੌਰਾਨ ਭਰਪੂਰ ਸਮਰਥਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਛੇਤੀ ਹੀ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ। ਬੰਦ ਪੂਰੀ ਤਰ੍ਹਾਂ ਸਫ਼ਲ ਰਿਹਾ: ਟਿਕੈਤ

  ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੰਦ ਦੌਰਾਨ ਭਰਪੂਰ ਸਮਰਥਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਛੇਤੀ ਹੀ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ। ‘ ਅਸੀਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ, ਪਰ ਕੋਈ ਗੱਲਬਾਤ ਨਹੀਂ ਹੋ ਰਹੀ ਹੈ।’ ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ 10 ਮਹੀਨਿਆਂ ਤੋਂ ਆਪਣੇ ਘਰ-ਬਾਰ ਛੱਡ ਕੇ ਸੜਕਾਂ ’ਤੇ ਹਨ ਪਰ ਬੋਲੀ ਅਤੇ ਅੰਨ੍ਹੀ ਸਰਕਾਰ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ ਅਤੇ ਨਾ ਹੀ ਉਹ ਕੁਝ ਸੁਣ ਰਹੀ ਹੈ। ਉਨ੍ਹਾਂ ਕਿਹਾ ਕਿ ਯੂਪੀ ’ਚ ਯੋਗੀ ਆਦਿੱਤਿਆਨਾਥ ਨੇ ਮੈਨੀਫੈਸਟੋ ਵਿੱਚ ਗੰਨੇ ਦੀ ਕੀਮਤ 375-450 ਰੁਪਏ ਤੱਕ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਇਸ ਵਿੱਚ ਸਿਰਫ਼ 25 ਰੁਪਏ ਦਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਅਸਫ਼ਲ ਹੋ ਚੁੱਕੀ ਹੈ ਅਤੇ ਫਸਲਾਂ ਨੂੰ ਘੱਟੋ ਘੱਟ ਸਮਰਥਨ ਮੁੱਲ ’ਤੇ ਨਹੀਂ ਖਰੀਦਿਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਅਸੀਂ ਦਸ ਸਾਲ ਵੀ ਅੰਦੋਲਨ ਚਲਾ ਸਕਦੇ ਹਾਂ।

  ਮੁਕੰਮਲ ਬੰਦ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼

  ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ‘ਚ ਭਰਵਾਂ ਹੁੰਗਾਰਾ ਮਿਲਿਆ। ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ‘ਚ ਵੱਖ-ਵੱਖ ਥਾਵਾਂ ‘ਤੇ ਕਿਸਾਨ ਤੇ ਹੋਰ ਜਥੇਬੰਦੀਆਂ ਨੇ ਸੜਕ ਤੇ ਰੇਲ ਆਵਾਜਾਈ ਰੋਕ ਕੇ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਬੰਦ ਦੌਰਾਨ ਪੰਜਾਬ ‘ਚ ਜਿਥੇ ਸੜਕ ਤੇ ਰੇਲ ਆਵਾਜਾਈ ਮੁਅੱਤਲ ਰਹੀ, ਉਥੇ ਜ਼ਿਆਦਾਤਰ ਥਾਵਾਂ ‘ਤੇ ਦੁਕਾਨਾਂ, ਵਪਾਰਕ ਅਦਾਰੇ ਅਤੇ ਵਿੱਦਿਅਕ ਅਦਾਰੇ ਬੰਦ ਰਹੇ। ਬੰਦ ਦੌਰਾਨ ਹਸਪਤਾਲ ਤੇ ਮੈਡੀਕਲ ਸਟੋਰਾਂ ਸਮੇਤ ਸਾਰੀਆਂ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਸੀ। ਪ੍ਰਦਰਸ਼ਨਕਾਰੀ ਕਿਸਾਨਾਂ ਤੇ ਸਮਰਥਕਾਂ ਨੇ ਅੰਮ੍ਰਿਤਸਰ, ਜਲੰਧਰ, ਰੂਪਨਗਰ, ਪਠਾਨਕੋਟ, ਸੰਗਰੂਰ, ਮੁਹਾਲੀ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਬਠਿੰਡਾ ਸਮੇਤ ਸਾਰੇ ਜ਼ਿਲ੍ਹਿਆਂ ‘ਚ ਰਾਸ਼ਟਰੀ ਤੇ ਰਾਜ ਮਾਰਗਾਂ ਨੂੰ ਜਾਮ ਕਰ ਦਿੱਤਾ। ਸੂਬੇ ‘ਚ ਜ਼ਿਆਦਾਤਰ ਥਾਵਾਂ ‘ਤੇ ਕਿਸਾਨਾਂ ਨੇ ਮੁੱਖ ਮਾਰਗਾਂ ‘ਤੇ ਟਰੈਕਟਰ-ਟਰਾਲੀਆਂ ਖੜੀਆਂ ਕਰਕੇ ਆਵਾਜਾਈ ਰੋਕੀ ਹੋਈ ਸੀ। ਕਿਸਾਨਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਵਲੋਂ ਪਟਿਆਲਾ-ਜੀਂਦ, ਜਲੰਧਰ- ਪਠਾਨਕੋਟ, ਚੰਡੀਗੜ੍ਹ-ਅੰਬਾਲਾ, ਜ਼ੀਰਕਪੁਰ-ਪਟਿਆਲਾ ਅਤੇ ਹੋਰ ਰਾਸ਼ਟਰੀ ਮਾਰਗਾਂ ਨੂੰ ਬੰਦ ਕੀਤਾ ਹੋਇਆ ਸੀ ਅਤੇ ਕਈ ਥਾਵਾਂ ‘ਤੇ ਕਿਸਾਨਾਂ ਨੇ ਰੇਲਵੇ ਲਾਈਨਾਂ ‘ਤੇ ਧਰਨੇ ਲਗਾਏ ਹੋਏ ਸਨ। ਹਰਿਆਣਾ ਦੇ ਸਿਰਸਾ, ਫਤਿਆਬਾਦ, ਕੁਰੂਕਸ਼ੇਤਰ, ਪਾਣੀਪਤ, ਹਿਸਾਰ, ਚਰਖੀ ਦਾਦਰੀ, ਕਰਨਾਲ, ਕੈਂਥਲ, ਰੋਹਤਕ, ਝੱਜਰ ਅਤੇ ਪੰਚਕੂਲਾ ਜ਼ਿਲ੍ਹਿਆਂ ‘ਚ ਵੀ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰੀ ਮਾਰਗ ਜਾਮ ਕੀਤਾ। ਚੰਡੀਗੜ੍ਹ ‘ਚ ਹਾਲਾਂਕਿ ਬੰਦ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ।

  ਅੰਮ੍ਰਿਤਸਰ ਟਾਈਮਜ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਉੱਤੇ ਦਬਾਅ ਬਣਾਉਣ ਲਈ 27 ਸਤੰਬਰ ਦੇ ਬੰਦ ਦੇ ਸੱਦੇ ਨੂੰ ਮਿਲੇ ਹੁੰਗਾਰੇ ਤੋਂ ਸਪੱਸ਼ਟ ਹੁੰਦਾ ਹੈ ਕਿ 26-27 ਤਰੀਕ ਲੋਕਾਂ ਦੇ ਮਨਾਂ ਅੰਦਰ ਡੂੰਘੀ ਪ੍ਰਤੀਕਾਤਮਕ ਅਰਥ ਗ੍ਰਹਿਣ ਕਰ ਰਹੀ ਹੈ। ਕਿਸਾਨਾਂ ਨੇ 26 ਨਵੰਬਰ 2020 ਨੂੰ ‘ਦਿੱਲੀ ਚੱਲੋ’ ਦਾ ਨਾਅਰਾ ਦਿੱਤਾ ਸੀ। ਇਸ ਤੋਂ ਪਿੱਛੋਂ ਹਰ ਮਹੀਨੇ ਦੀ 26 ਤਰੀਕ ਨੂੰ ਕਿਸਾਨ ਅੰਦੋਲਨ ਕੋਈ ਵੱਡਾ ਸੱਦਾ ਦਿੰਦਾ ਹੈ। ਭਾਰਤ ਬੰਦ ਤੋਂ ਮਿਲੀਆਂ ਰਿਪੋਰਟਾਂ ਤੋਂ ਇਹ ਸੰਕੇਤ ਮਿਲ ਰਿਹਾ ਹੈ ਕਿ ਇਸ ਵਾਰ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਇਲਾਵਾ ਦੇਸ਼ ਦੇ ਲਗਭਗ ਸਾਰੇ ਰਾਜਾਂ ਵਿਚ ਸੜਕਾਂ-ਰੇਲਾਂ ਜਾਮ, ਸ਼ਹਿਰਾਂ ਅੰਦਰ ਮੁਜ਼ਾਹਰੇ ਅਤੇ ਹੋਰ ਦਿਖਾਵੇ ਹੋਏ ਹਨ। ਚੇਨਈ, ਮੰਗਲੁਰੂ, ਮੁੰਬਈ, ਜੈਪੁਰ, ਪਟਨਾ ਜਿਹੇ ਵੱਡੇ ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤੇ ਗਏ ਹਨ। ਦੇਸ਼ ਦੀਆਂ ਬਹੁਤ ਸਾਰੀਆਂ ਵਿਰੋਧੀ ਧਿਰਾਂ ਨੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਹੈ। ਬੰਦ ਦੌਰਾਨ ਮੁੱਖ ਸੜਕਾਂ ਉੱਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਅਤੇ ਰੇਲਾਂ ਵਿਚ ਵੀ ਬਹੁਤ ਸਾਰੇ ਯਾਤਰੀ ਫਸੇ ਰਹੇ। ਬੰਦ ਦੌਰਾਨ ਜ਼ਰੂਰੀ ਸੇਵਾਵਾਂ ਜਿਵੇਂ ਐਂਬੂਲੈਂਸਾਂ, ਸਕੂਲ ਬੱਸਾਂ ਆਦਿ ਨੂੰ ਛੋਟ ਦਿੱਤੀ ਗਈ ਸੀ। ਕਿਸਾਨਾਂ ਨੇ ਲੰਗਰ-ਪਾਣੀ ਦਾ ਪ੍ਰਬੰਧ ਕਰਨ ਕਰਕੇ ਯਾਤਰੀਆਂ ਦੀ ਮੁਸ਼ਕਿਲ ਹੱਲ ਕਰਨ ਦੀ ਕੋਸ਼ਿਸ਼ ਕੀਤੀ।ਗੋਦੀ ਮੀਡੀਆ ਨੇ ਜਾਮ ਵਿਚ ਫਸੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਕਪਾਸੜ ਰਿਪੋਰਟਿੰਗ ਨਾਲ ਅਸਲ ਮੁੱਦੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਇਨਸਾਫ਼ ਪਸੰਦੀ ਦੇ ਖ਼ਿਲਾਫ਼ ਮੰਨੀ ਜਾਂਦੀ ਹੈ। ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਉਨ੍ਹਾਂ ਮੁਜ਼ੱਫਰਨਗਰ ਮਹਾਪੰਚਾਇਤ ਅਤੇ ਹੋਰ ਵੱਡੇ ਇਕੱਠ ਕੀਤੇ ਹਨ। ਜਦੋਂ ਸਰਕਾਰਾਂ ਗੱਲਬਾਤ ਕਰਨ ਲਈ ਤਿਆਰ ਨਾ ਹੋਣ ਤਾਂ ਜਮਹੂਰੀ ਅਤੇ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ। ਇਸ ਲੰਮੇ ਅਤੇ ਸ਼ਾਂਤਮਈ ਅੰਦੋਲਨ ਦੇ ਦਾਇਰੇ ਦਾ ਵਿਸ਼ਾਲ ਹੁੰਦਾ ਜਾਣਾ ਦਰਸਾਉਂਦਾ ਹੈ ਕਿ ਮੁੱਦਾ ਕੇਵਲ ਤਿੰਨ ਕਾਨੂੰਨਾਂ ਤੱਕ ਸੀਮਤ ਨਹੀਂ ਰਿਹਾ ਬਲਕਿ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਅਤੇ ਵੱਖ ਵੱਖ ਸਮੱਸਿਆਵਾਂ ਨਾਲ ਜੂਝਣ ਵਾਲੇ ਲੋਕਾਂ ਨੂੰ ਵੀ ਕਿਸਾਨ ਅੰਦੋਲਨ ਵਿਚੋਂ ਉਮੀਦ ਦੀ ਕਿਰਨ ਨਜ਼ਰ ਆਉਣ ਲੱਗੀ ਹੈ। ਇਸ ਅੰਦੋਲਨ ਨੇ ਲੋਕਾਂ ਅੰਦਰ ਆਪਣੀ ਗੱਲ ਕਹਿਣ ਦੀ ਹਿੰਮਤ ਪੈਦਾ ਕੀਤੀ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img