ਖੇਤੀਬਾੜੀ ਟੈਕਨੋਕਰੇਟਸ ਵੱਲੋਂ ਛੇਵੇਂ ਪੇ ਕਮਿਸ਼ਨ ਵਿਰੁੱਧ ਲੜੀਵਾਰ ਧਰਨਿਆਂ ਦੌਰਾਨ ਮੁੱਖ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ

56

ਅੰਮ੍ਰਿਤਸਰ, 8 ਜੁਲਾਈ (ਗਗਨ) – ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿੱਚ ਖੇਤੀਬਾੜੀ ਅਤੇ ਬਾਗਬਾਨੀ ਅਧਿਕਾਰੀਆਂ ਨਾਲ ਵੱਡੀ ਬੇ- ਇਨਸਾਫ਼ੀ ਹੋਈ ਹੈ। ਜਿਸ ਕਾਰਨ ਸਮੁੱਚੇ ਖੇਤੀ ਟੈਕਨੋਕਰੇਟਸ ਮਿਤੀ 01 ਜੁਲਾਈ, 2021 ਤੋਂ ਲਗਾਤਾਰ ਰੋਜ਼ਾਨਾ 2 ਘੰਟੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸੇ ਲੜੀ ਤਹਿਤ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਸਮੂਹ ਖੇਤੀ ਟੈਕਨੋਕਰੇਟਸ ਨੇ ਜ਼ਿਲ੍ਹਾ ਕਨਵੀਨਰ ਐਗਟੈਕ ਡਾ. ਕੁਲਜੀਤ ਸਿੰਘ ਸੈਣੀ ਅਤੇ ਡਾ. ਸੁਖਬੀਰ ਸਿੰਘ ਸੰਧੂ ਜਨਰਲ ਸਕੱਤਰ ਐਗਟੈਕ, ਪੰਜਾਬ ਦੀ ਅਗਵਾਈ ਵਿੱਚ ਮੁੱਖ ਖੇਤੀਬਾੜੀ ਦਫ਼ਤਰ ਤੋਂ ਰੋਸ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ ਪੱਤਰ ਦਿੱਤਾ ਗਿਆ।

Italian Trulli

ਕਮਿਸ਼ਨ ਵੱਲੋਂ ਖੇਤੀ ਟੈਕਨੋਕਰੇਟਸ ਨੂੰ ਵੈਟਰਨਰੀ ਸਰਵਿਸਿਜ਼ ਦੇ ਪ੍ਰੋਫੈਸ਼ਨਲਜ਼ ਨਾਲ 01-01-1986 ਤੋਂ ਮਿਲੀ ਪ੍ਰੋਫੈਸ਼ਨਲ ਪੇ-ਪੈਰਿਟੀ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਹੈ। ਖੇਤੀ ਟੈਕਨੋਕਰੇਟਸ ਦੀ ਸਾਂਝੀ ਜਥੇਬੰਦੀ “ਐਗਟੈਕ” ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਉਪਰ ਭਾਰੀ ਇਤਰਾਜ਼ ਹੈ। ਖੇਤੀਬਾੜੀ ਅਤੇ ਬਾਗ਼ਬਾਨੀ ਵਿਭਾਗ ਵਿੱਚ ਕੰਮ ਕਰਦੇ ਖੇਤੀ ਟੈਕਨੋਕਰੇਟਸ ਨੂੰ ਮੌਜੂਦਾ ਮਿਲ ਰਹੇ ਤਨਖ਼ਾਹ ਸਕੇਲ ਦਸੰਬਰ 2011 ਦੀ ਬਜਾਏ 01-01-1986 ਤੋਂ ਨੋਸ਼ਨਲ ਆਧਾਰ ‘ਤੇ ਦਿੱਤੇ ਗਏ ਸਨ। ਕਮਿਸ਼ਨ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਹੁਕਮਾਂ ਅਤੇ ਪੰਜਵੇਂ ਤਨਖ਼ਾਹ ਕਮਿਸ਼ਨ ਉੱਤੇ ਬਣੀ ਅਨਾਮਲੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਹਨਾਂ ਅਧਿਕਾਰੀਆਂ ਨੂੰ 01-01-2016 ਨੂੰ ਮਿਲ ਰਹੇ ਤਨਖ਼ਾਹ ਸਕੇਲਾਂ ਨੂੰ ਅਧਾਰ ਮੰਨ ਕੇ ਛੇਵੇਂ ਤਨਖ਼ਾਹ ਕਮਿਸ਼ਨ ਵੱਲੋਂ ਜਾਰੀ ਰਿਪੋਰਟ ਵਿੱਚ ਬਣਦੀ ਸੋਧ ਕੀਤੀ ਜਾਵੇ। ਜੇਕਰ ਫਿਰ ਵੀ ਇਸ ਹੱਕੀ ਅਤੇ ਜਾਇਜ਼ ਮੰਗ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਆਉਂਦੇ ਦਿਨਾਂ ਵਿੱਚ ਜਥੇਬੰਦੀ ਦੀ ਮੀਟਿੰਗ ਕਰਕੇ ਵੱਡੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਡਾ. ਪ੍ਰਿਤਪਾਲ ਸਿੰਘ, ਡਾ. ਮਸਤਿੰਦਰ ਸਿੰਘ, ਡਾ, ਅਵਤਾਰ ਸਿੰਘ ਬੁੱਟਰ, ਡਾ. ਕੁਲਵੰਤ ਸਿੰਘ, ਡਾ. ਤਜਿੰਦਰ ਸਿੰਘ, ਡਾ. ਹਰਭਿੰਦਰ ਸਿੰਘ, ਡਾ. ਸਤਵਿੰਦਰ ਸਿੰਘ ਸੰਧੂ, ਡਾ. ਸੁਖਪਾਲ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।