More

  ਖੁਦ ਨੂੰ ਨਿਰਪੱਖ ਦੱਸਣ ਵਾਲਾ ਸੋਸ਼ਲ ਮੀਡੀਆ ਵੀ ਲੁਟੇਰੀ ਹਾਕਮ ਧਿਰ ਦੇ ਹੱਕ ਵਿੱਚ ਭੁਗਤਦਾ ਰਿਹਾ ਹੈ

  ਫੇਸਬੁੱਕ-ਭਾਜਪਾ ਗਠਜੋੜ ਦਾ ਮਾਮਲਾ ਇਸ ਵੇਲੇ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ| ਇਹ ਚਰਚਾ ‘ਵਾਲ ਸਟ੍ਰੀਟ ਜਰਨਲ’ ਅਖਬਾਰ ਵਿੱਚ ਇਸ ਸਬੰਧੀ ਇੱਕ ਲੇਖ ਛਪਣ ਤੋਂ ਬਾਅਦ ਸ਼ੁਰੂ ਹੋਈ| ਇਸ ਲੇਖ ਵਿੱਚ ਫੇਸਬੁੱਕ ‘ਤੇ ਇਹ ਇਲਜਾਮ ਲਗਾਇਆ ਗਿਆ ਹੈ ਕਿ ਫੇਸਬੁੱਕ ਨੇ ਮੁਸਲਮਾਨਾਂ ਵਿਰੁੱਧ ਨਫਰਤੀ ਭਾਸ਼ਣ ਦੇਣ ਵਾਲੇ ਭਾਜਪਾ ਦੇ ਲੀਡਰਾਂ ਦੀਆਂ ਨਾ ਤਾਂ ਪੋਸਟਾਂ ਨੂੰ ਹਟਾਇਆ ਅਤੇ ਨਾ ਹੀ ਉਹਨਾਂ ਦੇ ਫੇਸਬੁੱਕ ਖਾਤਿਆਂ ਵਿਰੁੱਧ ਕੋਈ ਕਾਰਵਾਈ ਕੀਤੀ|

  ‘ਵਾਲ ਸਟ੍ਰੀਟ ਜਰਨਲ’ ਨੇ ਜਿਹਨਾਂ ਨਫ਼ਰਤੀ ਭਾਸ਼ਣਾ ਦਾ ਜ਼ਿਕਰ ਕੀਤਾ ਹੈ ਜਿਸ ਨੂੰ ਫੇਸਬੁੱਕ ਨੇ ਨਹੀਂ ਹਟਾਇਆ ਉਹ ਹਨ : ਤੇਲੰਗਾਨਾ ਦੇ ਭਾਜਪਾ ਐਮਐਲਏ ਟੀ.ਰਾਜਾ, ਜਿਸ ਨੇ ਰੋਹਿੰਗਿਆ ਸ਼ਰਨਾਰਥੀਆਂ ਨੂੰ ਗੋਲੀ ਮਾਰਨ, ਉਹਨਾਂ ਨੂੰ ਦੇਸ਼ਧ੍ਰੋਹੀ ਐਲਾਨਣ ਤੇ ਮਸਜਿਦਾਂ ਢਾਉਣ ਸਬੰਧੀ ਪੋਸਟਾਂ ਪਾਈਆਂ| ਦੂਸਰਾ, “ਕਰੋਨਾ ਜਿਹਾਦ” ਦੇ ਨਾਮ ‘ਤੇ ਨਫ਼ਰਤ ਫੈਲਾਉਣ ਵਾਲੇ ਭਾਜਪਾ ਦੇ ਲੀਡਰ| ਤੀਸਰਾ ਮਾਮਲਾ ਹੈ ਕਪਿਲ ਮਿਸ਼ਰਾ ਦਾ ਜਿਸ ਨੇ ਮੁਸਲਮਾਨਾਂ ਤੇ ਸੀਏਏ ਵਿਰੁੱਧ ਮੁਜ਼ਾਹਰਾ ਕਰਨ ਵਾਲਿਆਂ ਵਿਰੁੱਧ ਭਾਸ਼ਣ ਦਿੱਤਾ ਜਿਸ ਤੋਂ ਬਾਅਦ ਦਿੱਲੀ ਵਿੱਚ ਮੁਸਲਿਮ ਭਾਈਚਾਰੇ ਵਿਰੁੱਧ ਹਿੰਸਾ ਨੂੰ ਅੰਜਾਮ ਦਿੱਤਾ ਗਿਆ|
  ਅਜਿਹਾ ਨਾ ਕਰਨ ਪਿੱਛੇ ‘ਵਾਲ ਸਟ੍ਰੀਟ ਜਰਨਲ’ ਦੇ ਲੇਖਕ ਨੇ ਇਹ ਕਾਰਨ ਦੱਸਿਆ ਹੈ ਕਿ ਭਾਰਤ ਵਿੱਚ ਫੇਸਬੁੱਕ ਦੀ ਨੀਤੀ ਦੀ ਮੁਖੀ ਤੇ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਵਾਲੀ ਅੰਖੀ ਦਾਸ ਨੇ ਫੇਸਬੁੱਕ ਮੁਲਾਜਮਾਂ ਨੂੰ ਕਿਹਾ ਕਿ ਭਾਜਪਾ ਦੇ ਲੀਡਰਾਂ ਵਿਰੁੱਧ ਕਾਰਵਾਈ ਕਰਨ ਨਾਲ ਫੇਸਬੁੱਕ ਦੇ ਭਾਰਤ ‘ਚ ਕਾਰੋਬਾਰ ਉੱਪਰ ਅਸਰ ਪੈ ਸਕਦਾ ਹੈ|
  ਅੰਖੀ ਦਾਸ ਨੇ ਸਾਲ 2017 ਵਿੱਚ ਮੋਦੀ ਦੀ ਉਸਤਤ ਵਿੱਚ “ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਸ਼ਨ ਦੀ ਕਲਾ” ਨਾਮੀ ਇੱਕ ਲੇਖ ਵੀ ਲਿਖਿਆ ਸੀ| ਇਹ ਲੇਖ ਮੋਦੀ ਦੀ ਨਿੱਜੀ ਵੈਬਸਾਇਟ ਨਰੇਂਦਰ ਮੋਦੀ ਡਾਟ ਇਨ ਅਤੇ ਮੋਦੀ ਦੀ ਨਿੱਜੀ ਐਪ ਨਮੋ-ਐਪ ‘ਤੇ ਵੀ ਉਪਲੱਬਧ ਹੈ|ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਫੇਸਬੁੱਕ ਉੱਪਰ ਕਿਸੇ ਹਾਕਮ ਜਮਾਤੀ ਸਿਆਸੀ ਧਿਰ ਦਾ ਪੱਖ ਲੈਣ ਦਾ ਇਲਜਾਮ ਲੱਗਾ ਹੋਵੇ| 2018 ਵਿੱਚ ‘ਕੈਮਰਿਜ ਐਨਾਲਿਟੀਕਾ ਮਾਮਲਾ’ ਸਾਹਮਣੇ ਆਇਆ ਸੀ ਜਿਸ ‘ਚ ਇਹ ਖੁਲਾਸਾ ਹੋਇਆ ਕਿ ਫੇਸਬੁੱਕ ਦੁਆਰਾ ਬਿਨਾਂ ਜਾਣਕਾਰੀ ਦੇ ਅਮਰੀਕੀ ਵੋਟਰਾਂ ਦੀ ਫੇਸਬੁੱਕ ਜਾਣਕਾਰੀ ਨੂੰ ‘ਕੈਮਰਿਜ ਐਨਾਲਿਟੀਕਾ’ ਨਾਮੀ ਕੰਪਨੀ ਨੂੰ ਵੇਚਿਆ ਗਿਆ ਜੋ ਅਮਰੀਕੀ ਚੋਣਾ ਵੇਲੇ ਟਰੰਪ ਦੇ ਪੱਖ ਵਿੱਚ ਪ੍ਰਚਾਰ ਕਰ ਰਹੀ ਸੀ| ਫੇਸਬੁੱਕ ‘ਤੇ ਇਹ ਵੀ ਇਲਜਾਮ ਲੱਗਦਾ ਹੈ ਉਸ ਨੇ ਟਰੰਪ ਦੀਆਂ ਪ੍ਰਵਾਸੀਆਂ ਵਿਰੋਧੀ ਪੋਸਟਾਂ ਨੂੰ ਨਹੀਂ ਹਟਾਇਆ| ਇਜ਼ਰਾਇਲ ਦੇ ਕਬਜ਼ੇ ਵਿਰੁੱਧ ਸੰਘਰਸ਼ਸ਼ੀਲ ਫਿਲਸਤੀਨੀ ਕਾਰਕੁੰਨਾ ਦੇ ਖਾਤੇ ਬੰਦ ਕਰਨ ‘ਤੇ ਇਜ਼ਰਾਇਲ ਸਰਕਾਰ ਨਾਲ ਮਿਲ ਕੇ ਚੱਲਣ ਦੇ ਇਲਜ਼ਾਮ ਵੀ ਫੇਸਬੁੱਕ ‘ਤੇ ਲੱਗਦੇ ਰਹੇ ਨੇ|ਸਰਮਾਏਦਾਰਾ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਵਾਂਗ ਹੀ ਸੋਸ਼ਲ ਮੀਡੀਆ ਵੀ ਮੁਨਾਫ਼ੇ ਨੂੰ ਕੇਂਦਰ ਵਿੱਚ ਰੱਖ ਕੇ ਕੰਮ ਕਰਦਾ ਹੈ| ਭਾਵੇ ਆਮ ਲੋਕ ਆਪਣੀ ਅਵਾਜ ਸੋਸ਼ਲ ਮੀਡੀਆ ਉੱਪਰ ਬੁਲੰਦ ਕਰ ਸਕਦੇ ਹਨ, ਪਰ ਓਹ ਵੀ ਓਨੀ ਜਿੰਨੀ ਕਿ ਹਾਕਮਾਂ ਲਈ ਮੁਆਫਕ ਹੈ| ਖੁਦ ਨੂੰ ਸਿਆਸੀ ਤੌਰ ‘ਤੇ ਨਿਰਪੱਖ ਦੱਸਣ ਵਾਲਾ ਸੋਸ਼ਲ ਮੀਡੀਆ ਵੀ ਮੁੱਖ ਤੌਰ ‘ਤੇ ਇੱਕ ਜਾਂ ਦੂਜੀ ਲੁਟੇਰੀ ਹਾਕਮ ਧਿਰ ਦੇ ਹੱਕ ਵਿੱਚ ਭੁਗਤਦਾ ਰਿਹਾ ਹੈ ਤੇ ਅੱਗੇ ਵੀ ਭੁਗਤੇਗਾ|

  ਲਲਕਾਰ ਤੋਂ ਧੰਨਵਾਦ ਸਹਿਤ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img