ਪਟਿਆਲਾ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖਾਲਸਾ ਨੇ ਭਾਰਤ ਸਰਕਾਰ ਵਲੋ ਖਾਲਿਸਤਾਨੀ ਸੰਘਰਸ਼ ਨਾਲ ਸਬੰਧਿਤ 9 ਸਿਖਾਂ ਨੂੰ ‘ਅਤਵਾਦੀ’ ਘੋਸ਼ਿਤ ਕਰਨ ਦੀ ਕਰਵਾਈ ਦੀ ਸਖਤ ਆਲੋਚਨਾ ਕਰਦਿਆ ਸਰਕਾਰ ਦੇ ਇਸ ਕਦਮ ਨੂੰ ਸਿੱਖ ਕੌਮ ਦੇ ਅਕਸ ਅਤੇ ਆਜਾਦੀ ਸੰਘਰਸ਼ ਨੂੰ ਦੁਨੀਆ ਦੀਆਂ ਨਿਗਾਹਾਂ ਵਿੱਚ ‘ਅੱਤਵਾਦ’ ਦੀ ਸਿਆਹੀ ਨਾਲ ਲਿਬੇੜਨ ਦੀ ਚਾਲ ਦਸਿਆ ਹੈ।
ਦਲ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਨੇ ਸਰਕਾਰ ਦੇ ਇਸ ਫੈਸਲੇ ਨੂੰ ਭੜਕਾਹਟ ਵਾਲਾ ਅਤੇ ਗੈਰ-ਕਾਨੂੰਨੀ ਦਸਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਆਪਣੇ ਇਸ ਗਲਤ ਫੈਸਲੇ ਨੂੰ ਵਾਪਿਸ ਲੈਣਾ ਚਾਹੀਦਾ ਹੈ। ਉਹਨਾਂ ਸਪਸ਼ਟ ਕੀਤਾ ਕਿ ਖਾਲਿਸਤਾਨੀ ਸਿਖ ‘ਅੱਤਵਾਦੀ’ ਨਹੀਂ, ਆਜਾਦੀ ਪਸੰਦ ਹਨ ।
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋ ਮੁਹਿੰਦਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਘੱਟਗਿਣਤੀ ਵਿਰੋਧੀ ਨੀਤੀਆਂ ਅਤੇ ਮਾਨਸਿਕਤਾ ਨੂੰ ਜਾਰੀ ਰੱਖਦਿਆਂ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਖਾਲਿਸਤਾਨ ਲਹਿਰ ਨਾਲ ਲੰਮੇ ਸਮੇ ਤੋਂ ਜੁੜੇ ੯ ਸਿੱਖਾਂ ਨੂੰ ਸੋਧੇ ਹੋਏ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ, ੧੯੬੭ ਦੇ ਤਹਿਤ “ਅੱਤਵਾਦੀ” ਵਜੋਂ ਨਾਮਜ਼ਦ ਕੀਤਾ ਹੈ।
ਉਹਨਾਂ ਕਿਹਾ ਕਿ ਮੋਦੀ-ਸ਼ਾਹ ਦੀ ਜੋੜੀ ਨੇ ਪਿਛਲੇ ਸਾਲ ੨੦੧੯ ਵਿੱਚ ਇਸ ਐਕਟ ਵਿਚ ਸੋਧ ਕਰਕੇ ਵਿਅਕਤੀਆਂ ਨੂੰ “ਅੱਤਵਾਦੀ” ਵਜੋਂ ਨਾਮਜ਼ਦ ਕਰਨ ਦਾ ਵਾਧਾ ਕੀਤਾ ਸੀ ਕਿਉਂਕਿ ਪਹਿਲਾਂ ਇਸ ਐਕਟ ਅਧੀਨ ਸਿਰਫ ਸੰਸਥਾਵਾਂ ਨੂੰ ਹੀ “ਗੈਰਕਾਨੂੰਨੀ ਅਤੇ ਅੱਤਵਾਦੀ” ਵਜੋਂ ਨਾਮਜ਼ਦ ਕੀਤਾ ਜਾਂਦਾ ਸੀ। ਉਹਨਾਂ ਦਸਿਆ ਕਿ ਇਸ ਸਮੇਂ ਇਸ ਸੂਚੀ ਵਿਚ ਸ਼ਾਮਲ ੧੩ ਵਿਅਕਤੀ- ਚਾਰ ਮੁਸਲਮਾਨ ਅਤੇ ੯ ਸਿੱਖ ਹਨ। ਇਸ ਤੋਂ ਪਹਿਲਾਂ ੩੬ ਸੰਗਠਨਾਂ ਵਿਚੋਂ ਜਿਨ੍ਹਾਂ ਨੂੰ ਯੂਏਪੀਏ ਅਧੀਨ ਅੱਤਵਾਦੀ / ਗੈਰਕਾਨੂੰਨੀ ਘੋਸ਼ਿਤ ਕੀਤਾ ਗਿਆ ਸੀ, ਸਾਰੇ ਘੱਟਗਿਣਤੀ ਭਾਈਚਾਰਿਆਂ ਦੀ ਨੁਮਾਇੰਦਗੀ ਕਰਦੇ ਹਨ ਜਦੋਂਕਿ ਹਿੰਦੂਤਵੀ ਅੱਤਵਾਦੀ ਗਰੁਪ ਸਟੇਟ ਦੀ ਸਰਪ੍ਰਸਤੀ ਦਾ ਆਨੰਦ ਮਾਣ ਰਹੇ ਹਨ।
ਉਹਨਾ ਕਿਹਾ ਕਿ ਇੰਝ ਲਗਦਾ ਹੈ ਕਿ ਮੋਦੀ ਸਰਕਾਰ ਨੇ ਇਹ ਕਦਮ ਗੁਆਂਢੀ ਦੇਸ਼ਾਂ ਨਾਲ ਵਿਵਾਦਾਂ ਨੂੰ ਹੱਲ ਕਰਨ ਅਤੇ ਚੀਨ ਦੇ ਹਮਲੇ ਦਾ ਸਾਹਮਣਾ ਕਰਨ ਵਿੱਚ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਚੁਕਿਆ ਹੈ।