28 C
Amritsar
Monday, May 29, 2023

ਕੌਣ ਹੋਵੇਗਾ ਕਾਂਗਰਸ ਦਾ ਪ੍ਰਧਾਨ: ਗਾਂਧੀ ਜਾਂ ਗੈਰ-ਗਾਂਧੀ?

Must read

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਵਿਚੋਂ ਉੱਠੀ ਬਗਾਵਤ ਤੋਂ ਬਾਅਦ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਦੇ ਸੰਕੇਤ ਦਿੱਤੇ ਹਨ। ਅੱਜ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਬੈਠਕ ਹੋਣ ਜਾ ਰਹੀ ਹੈ ਅਤੇ ਬੈਠਕ ਤੋਂ ਪਹਿਲਾਂ ਉਹਨਾਂ ਸੰਕੇਤ ਦਿੱਤੇ ਹਨ ਕਿ ਉਹ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡ ਸਕਦੇ ਹਨ।

ਜ਼ਿਕਰਯੋਗ ਹੈ ਕਿ ਭਾਰਤ ਵਿਚ ਕਾਂਗਰਸ ਦੇ ਮੰਦੇ ਹਾਲਾਤਾਂ ਦੇ ਚਲਦਿਆਂ ਪਾਰਟੀ ਦੇ 23 ਸੀਨੀਅਰ ਆਗੂਆਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਉਹਨਾਂ ਦੀ ਪ੍ਰਧਾਨਗੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਤੋਂ ਬਾਅਦ ਹਲਾਂਕਿ ਕਾਂਗਰਸ ਦੀਆਂ ਕਈ ਸੂਬਾ ਇਕਾਈਆਂ ਅਤੇ ਕਾਂਗਰਸੀ ਮੁੱਖ ਮੰਤਰੀਆਂ ਵੱਲੋਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਸਮਰਥਨ ਵਿਚ ਚਿੱਠੀਆਂ ਭੇਜੀਆਂ ਗਈਆਂ ਹਨ। ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਪਾਰਟੀ ਨੂੰ ਚੋਣਾਂ ਕਰਵਾਉਣ ਦੀ ਬਜਾਏ ਸਰਬਸੰਮਤੀ ਦਾ ਰਾਹ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਪੂਰੀ ਹਮਾਇਤ ਹਾਸਲ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਆਗੂ ਕੇ ਕੇ ਤਿਵਾੜੀ ਨੇ ਕਿਹਾ ਹੈ ਕਿ ਕੁਝ ਪਾਰਟੀ ਆਗੂਆਂ ਵੱਲੋਂ ਲੀਡਰਸ਼ਿਪ ’ਚ ਬਦਲਾਅ ਬਾਰੇ ਲਿਖਿਆ ਗਿਆ ਪੱਤਰ ਭਾਜਪਾ ਦੀ ਚਾਲ ਹੈ ਜੋ ‘ਕਾਂਗਰਸ ਮੁਕਤ ਭਾਰਤ’ ਦੇ ਏਜੰਡੇ ’ਤੇ ਚੱਲੀ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਫੈਲਾਏ ਜਾਲ ’ਚ ਫਸ ਗਏ ਹਨ।

ਸੀਡਬਲਿਊਸੀ ਦੀ ਭਲਕੇ ਹੋਣ ਵਾਲੀ ਮੀਟਿੰਗ ’ਚ ਵਿਰੋਧੀ ਸੁਰਾਂ ਵਾਲੇ ਆਗੂਆਂ ਦਾ ਸਾਹਮਣਾ ਕਰਨ ਲਈ ਗਾਂਧੀ ਪਰਿਵਾਰ ਸਮਰਥਕ ਬ੍ਰਿਗੇਡ ਵੀ ਤਿਆਰ ਹੈ। ਸੂਤਰਾਂ ਨੇ ਕਿਹਾ ਕਿ ਜੇਕਰ ਸੋਨੀਆ ਗਾਂਧੀ ਅਹੁਦਾ ਛੱਡਣ ਲਈ ਬਜ਼ਿਦ ਰਹੀ ਤਾਂ ਦੋ ਦਲਿਤ ਆਗੂਆਂ ਮਲਿਕਾਰਜੁਨ ਖੜਗੇ ਅਤੇ ਸੁਸ਼ੀਲ ਕੁਮਾਰ ਸ਼ਿੰਦੇ ਸਮੇਤ ਹੋਰ ਕਈ ਨਾਮ ਸਿਆਸੀ ਹਲਕਿਆਂ ’ਚ ਅੱਗੇ ਚੱਲ ਰਹੇ ਹਨ। ਸੂਤਰਾਂ ਨੇ ਕਿਹਾ ਕਿ ਜੇਕਰ ਆਗੂ ਦੇ ਨਾਮ ’ਤੇ ਕੋਈ ਸਹਿਮਤੀ ਨਾ ਬਣੀ ਅਤੇ ਰਾਹੁਲ ਗਾਂਧੀ ਪਾਰਟੀ ਦੀ ਕਮਾਨ ਸੰਭਾਲਣ ਤੋਂ ਇਨਕਾਰ ਕਰਨਗੇ ਤਾਂ ਸੋਨੀਆ ਗਾਂਧੀ ਨੂੰ ਸਹਿਯੋਗ ਦੇਣ ਲਈ ਮੀਤ ਪ੍ਰਧਾਨਾਂ ਦੀ ਨਿਯੁਕਤੀ ਦਾ ਨਵਾਂ ਰਾਹ ਵੀ ਕੱਢਿਆ ਜਾ ਸਕਦਾ ਹੈ।

ਕਾਂਗਰਸ ਦੇ 23 ਸੀਨੀਅਰ ਆਗੂਆਂ ਨੇ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪਾਰਟੀ ਨੂੰ ਪੂਰੇ ਸਮੇਂ ਦੇ ਆਗੂ (ਲੀਡਰਸ਼ਿਪ) ਦੀ ਲੋੜ ਹੈ ਜੋ ਹੇਠਲੇ ਪੱਧਰ ’ਤੇ ਸਰਗਰਮ ਹੋਵੇ ਅਤੇ ਪਾਰਟੀ ਵਰਕਰਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਦਿੱਕਤਾਂ ਦੂਰ ਕਰੇ। ਉਨ੍ਹਾਂ ਪ੍ਰਦੇਸ਼ ਇਕਾਈਆਂ ਨੂੰ ਵਧੇਰੇ ਤਾਕਤਾਂ ਦੇਣ ਅਤੇ ਪਾਰਟੀ ਸੰਵਿਧਾਨ ਤਹਿਤ ਸੀਡਬਲਿਊਸੀ ’ਚ ਫੇਰਬਦਲ ਕਰਨ ਦੇ ਸੁਝਾਅ ਵੀ ਦਿੱਤੇ ਹਨ। ਚਿੱਠੀ ਲਿਖਣ ਵਾਲੇ ਆਗੂਆਂ ਨੇ ਕਾਂਗਰਸ ਵਰਕਿੰਗ ਕਮੇਟੀ ਬਣਾਉਣ ਅਤੇ ਉਸ ਦੇ ਕੰਮਕਾਜ ਦੇ ਢੰਗ ਦੀ ਵੀ ਆਲੋਚਨਾ ਕੀਤੀ ਹੈ। ਪਾਰਟੀ ਨੂੰ ਦਰਪੇਸ਼ ਚੁਣੌਤੀਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਫੌਰੀ ਆਗੂ ਦੀ ਚੋਣ ਹੋਣੀ ਚਾਹੀਦੀ ਹੈ ਤਾਂ ਜੋ ਪਾਰਟੀ ਦੀ ਸੁਰਜੀਤੀ ਲਈ ਸਾਂਝੇ ਯਤਨ ਕੀਤੇ ਜਾ ਸਕਣ। ਚਿੱਠੀ ’ਚ ਉਨ੍ਹਾਂ ਕੇਂਦਰੀ ਸੰਸਦੀ ਬੋਰਡ ਅਤੇ ਕੇਂਦਰੀ ਚੋਣ ਕਮੇਟੀ ਦੇ ਪੁਨਰਗਠਨ ਦੀ ਮੰਗ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸੀਡਬਲਿਊਸੀ ਦੀਆਂ ਚੋਣਾਂ 1990 ਤੋਂ ਬਾਅਦ ਨਹੀਂ ਹੋਈਆਂ ਹਨ ਅਤੇ ਕਾਂਗਰਸ ‘ਸਰਬਸੰਮਤੀ’ ਬਣਾ ਕੇ ਸੀਡਬਲਿਊਸੀ ਟੀਮ ਚੁਣਦੀ ਆ ਰਹੀ ਹੈ। ਅਗਸਤ ਦੇ ਸ਼ੁਰੂ ’ਚ ਲਿਖੀ ਗਈ ਚਿੱਠੀ ’ਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ, ਕਪਿਲ ਸਿੱਬਲ, ਸ਼ਸ਼ੀ ਥਰੂਰ, ਆਨੰਦ ਸ਼ਰਮਾ, ਪੀ ਜੇ ਕੁਰੀਅਨ, ਮਨੀਸ਼ ਤਿਵਾੜੀ, ਰੇਣੂਕਾ ਚੌਧਰੀ, ਮਿਲਿੰਦ ਦਿਉੜਾ, ਅਜੈ ਸਿੰਘ, ਵਿਵੇਕ ਤਨਖਾ, ਸੀਡਬਲਿਊਸੀ ਮੈਂਬਰ ਮੁਕੁਲ ਵਾਸਨਿਕ ਅਤੇ ਜਿਤਿਨ ਪ੍ਰਸਾਦ, ਭੁਪਿੰਦਰ ਸਿੰਘ ਹੁੱਡਾ, ਰਾਜਿੰਦਰ ਕੌਰ ਭੱਠਲ, ਐੱਮ ਵੀਰੱਪਾ ਮੋਇਲੀ, ਪ੍ਰਿਥਵੀਰਾਜ ਚੌਹਾਨ, ਰਾਜ ਬੱਬਰ, ਅਰਵਿੰਦਰ ਸਿੰਘ ਲਵਲੀ, ਕੌਲ ਸਿੰਘ ਠਾਕੁਰ, ਕੁਲਦੀਪ ਸ਼ਰਮਾ, ਯੋਗਾਨੰਦ ਸ਼ਾਸਤਰੀ, ਸੰਦੀਪ ਦੀਕਸ਼ਿਤ ਅਤੇ ਅਖਿਲੇਸ਼ ਸਿੰਘ ਦੇ ਦਸਤਖ਼ਤ ਹਨ।

- Advertisement -spot_img

More articles

- Advertisement -spot_img

Latest article