More

  ਕੋਵਿਡ ਮਰੀਜ਼ਾਂ ਨੂੰ ਘਰ ’ਚ ਇਕਾਂਤਵਾਸ ਹੋਣਾ ਹੋਇਆ ਸੁਖਾਲਾ

  ਅੰਮ੍ਰਿਤਸਰ , 25 ਅਗਸਤ: (ਰਛਪਾਲ ਸਿੰਘ) – ਹੁਣ ਕੋਰੋਨਾ ਵਾਇਰਸ ਸਬੰਧੀ ਜਾਂਚ ਲਈ ਸੈਂਪਲ ਦੇਣ ਮੌਕੇ ਹੀ ਵਿਅਕਤੀ ਆਪਣਾ ਸਵੈ ਘੋਸ਼ਣਾ ਪੱਤਰ ਦੇ ਕੇ ਪਾਜ਼ਿਟਿਵ ਆਉਣ ਉਤੇ ਘਰ ਵਿਚ ਇਕਾਂਤਵਾਸ ਹੋਣ ਦੀ ਬੇਨਤੀ ਕਰ ਸਕਦੇ ਹਨ। ਇਸ ਤੋਂ ਪਹਿਲਾਂ ਸਵੈ ਘੋਸ਼ਣਾ ਪੱਤਰ ਉਪਰ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮਨਜ਼ੂਰੀ ਲੈਣੀ ਲਾਜ਼ਮੀ ਕੀਤੀ ਹੋਈ ਸੀ।
  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਮਿਸ਼ਨ ਫ਼ਤਿਹ ਤਹਿਤ ਸਿਹਤ ਵਿਭਾਗ ਦੇ ਡਾਇਰੈਕਟਰ ਵਲੋਂ ਡਿਪਟੀ ਕਮਿਸ਼ਨਰਾਂ ਤੇ ਸਿਵਲ ਸਰਜਨਾਂ ਨੂੰ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੇ ਲੱਛਣਾਂ ਤੋਂ ਰਹਿਤ ਅਤੇ ਹਲਕੇ ਲੱਛਣਾਂ ਵਾਲੇ ਮਰੀਜ਼ ਹੁਣ ਆਪਣਾ ਸੈਂਪਲ ਕਰਵਾਉਣ ਮੌਕੇ ਕੁਝ ਸ਼ਰਤਾਂ ਆਧਾਰਿਤ ਸਵੈ-ਘੋਸ਼ਣਾ ਪੱਤਰ ਭਰਕੇ ਦੇ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਅਨੈਕਸਚਰ-ਏ ਅਨੁਸਾਰ ਆਸਾਨੀ ਨਾਲ ਘਰ ਵਿਚ ਇਕਾਂਤਵਾਸ ਹੋਣ ਦਾ ਮੌਕਾ ਮਿਲ ਜਾਵੇਗਾ।ਉਨ੍ਹਾਂ ਦੱਸਿਆ ਕਿ ਸਵੈ ਘੋਸ਼ਣਾ ਪੱਤਰ ਦੇਣ ਵਾਲਿਆਂ ਦੇ ਸੈਂਪਲ ਲੈਣ ਮੌਕੇ ਤਾਇਨਾਤ ਡਾਕਟਰ ਵਲੋਂ ਉਨ੍ਹਾਂ ਦੀ ਕਲੀਨਿਕਲ ਜਾਂਚ ਕੀਤੀ ਜਾਵੇਗੀ ਅਤੇ ਪਾਜ਼ਿਟਿਵ ਆਉਣ ’ਤੇ ਅਨੈਕਸਚਰ-ਬੀ ਅਨੁਸਾਰ ਇਹ ਮਰੀਜ਼ ਬਿਨ੍ਹਾਂ ਹਸਪਤਾਲ ਲਿਆਂਦੇ ਘਰ ਵਿਚ ਇਕਾਂਤਵਾਸ ਹੋ ਸਕਣਗੇ ਪਰ ਉਨ੍ਹਾਂ ਮਰੀਜਾਂ ਨੂੰ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਵੀ ਕਰਨੀ ਪਵੇਗੀ।
  ਸਿਵਲ ਸਰਜਨ ਨੇ ਦੱਸਿਆ ਕਿ ਮਰੀਜਾਂ ਕੋਲ ਰੋਜ਼ਾਨਾ ਸਿਹਤ ਜਾਂਚ ਲਈ ਇਕ ਵੱਖਰੀ ਕਿਟ ਹੋਣੀ ਜਰੂਰੀ ਹੈ, ਜਿਸ ਵਿਚ ਇੱਕ ਥਰਮਾਮੀਟਰ, ਇਕ ਪਲਸ ਔਕਸੀਮੀਟਰ, ਵਿਟਾਮਿਨ ਸੀ ਅਤੇ ਜ਼ਿੰਕ ਦੀਆਂ ਗੋਲੀਆਂ ਹੋਣਾ ਜਰੂਰੀ ਹੈ।ਉਨ੍ਹਾਂ ਦੱਸਿਆ ਕਿ ਜੇਕਰ ਮਰੀਜ਼ ਨੂੰ ਫਿਰ ਵੀ ਕੋਵਿਡ-19 ਬਿਮਾਰੀ ਦੇ ਕੋਈ ਲੱਛਣ ਸਾਹਮਣੇ ਆਉਂਦੇ ਹਨ, ਤਾਂ ਉਸਨੂੰ ਸਬੰਧਤ ਸਰਕਾਰੀ ਡਾਕਟਰ ਜਾਂ ਸਿਹਤ ਕਰਮਚਾਰੀ ਨਾਲ ਤੁਰੰਤ ਸੰਪਰਕ ਕਰਨਾ ਹੋਵੇਗਾ।ਉਨ੍ਹਾਂ ਦੱਸਿਆ ਕਿ ਪੱਤਰ ਅਨੁਸਾਰ ਘਰ ਵਿਚ ਇਕਾਂਤਵਾਸ ਮਰੀਜ਼ਾਂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਿਹਤ ਕਰਮਚਾਰੀਆਂ ਦੀ ਟੀਮ ਵਲੋਂ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜੇਕਰ ਇਸ ਦੌਰਾਨ ਮਰੀਜ਼ ਵਲੋਂ ਸਵੈ-ਘੋਸ਼ਣਾ ਪੱਤਰ ਦੀ ਉਲੰਘਣਾ ਜਾਂ ਸਿਹਤ ਵਿਚ ਗੜਬੜ ਸਾਹਮਣੇ ਆਉਂਦੀ ਹੈ, ਤਾਂ ਮਰੀਜ਼ ਨੂੰ ਇਲਾਜ ਲਈ ਕੋਵਿਡ ਸਿਹਤ ਕੇਂਦਰ ਵਿਚ ਦਾਖਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਇਹ ਨਿਯਮ ਪ੍ਰਾਈਵੇਟ ਹਸਪਤਾਲਾਂ ਉਪਰ ਵੀ ਲਾਗੂ ਹੋਣਗੇ।
  ਸਿਵਲ ਸਰਜਨ ਨੇ ਦੱਸਿਆ ਕਿ ਇਸੇ ਤਰ੍ਹਾਂ 60 ਸਾਲ ਦੀ ਉਮਰ ਦੇ ਉਹ ਮਰੀਜ਼ ਜੋ ਕੋਵਿਡ-19 ਪਾਜ਼ਿਟਿਵ ਤਾਂ ਪਾਏ ਜਾਂਦੇ ਹਨ ਪਰ ਜਿੰਨ੍ਹਾਂ ਵਿਚ ਬਿਮਾਰੀ ਦੇ ਲੱਛਣ ਨਹੀਂ ਮਿਲਦੇ ਜਾਂ ਹਲਕੇ ਲੱਛਣ ਹਨ, ਵੀ ਘਰ ਵਿਚ ਇਕਾਂਤਵਾਸ ਕੀਤੇ ਜਾ ਸਕਦੇ ਹਨ। ਅਜਿਹੇ ਮਰੀਜ਼ ਪ੍ਰਾਈਵੇਟ ਮਾਹਰ ਡਾਕਟਰ ਤੋਂ ਵੀ ਆਪਣੇ ਫਿਟਨੈਸ ਦਾ ਸਰਟੀਫਿਕੇਟ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਪਾਜ਼ਿਟਿਵ ਗਰਭਵਤੀ ਔਰਤਾਂ ਜਿਹੜੀਆਂ ਹਾਈ ਰਿਸਕ ਨਾ ਹੋਣ ਅਤੇ ਨਾ ਹੀ ਤਿੰਨ ਹਫਤੇ ਤੱਕ ਅਜੇ ਡਿਲਵਰੀ ਹੋਣੀ ਹੈ, ਵੀ ਔਰਤ ਰੋਗਾਂ ਦੇ ਮਾਹਰ ਡਾਕਟਰ ਦੀ ਰਾਇ ਨਾਲ ਘਰ ਵਿਚ ਇਕਾਂਤਵਾਸ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਕਾਂਤਵਾਸ ਕੀਤੇ ਹਰੇਕ ਕੋਵਿਡ ਪੌਜ਼ੇਟਿਵ ਮਰੀਜ਼ ਨੂੰ ਸਰਕਾਰ ਦੀ ਮੋਬਾਈਲ ਕੋਵਾ ਐਪ ਡਾਊਨਲੋਡ ਕਰਨੀ ਵੀ ਲਾਜ਼ਮੀ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img