ਬਠਿੰਡਾ, 6 ਜੂਨ (ਬੁਲੰਦ ਆਵਾਜ ਬਿਊਰੋ) – ਬਠਿੰਡਾ ਦੇ ਭੀੜ ਭਾੜ ਰਹਿਣ ਵਾਲੇ ਧੋਬੀ ਬਜਾਰ ’ਚ ਦਿਨ ਦਿਹਾੜੇ ਗਹਿਣਿਆਂ ਦੀ ਦੁਕਾਨ ਤੇ ਹੋਈ ਲੁੱਟ ’ਚ ਸ਼ਾਮਲ ਪਤੀ ਪਤਨੀ ਨੂੰ ਘਰ ਦੀਆਂ ਲੋੜਾਂ ਅਤੇ ਨਸ਼ਿਆਂ ਦੀ ਪੂਰਤੀ ਨੇ ਇਸ ਰਾਹ ਪਾਇਆ ਹੈ। ਲਾਕਡਾਊਨ ਉਪਰੰਤ ਜਦੋਂ ਰੁਜਗਾਰ ਤੇ ਸੰਕਟ ਆ ਗਿਆ ਤਾਂ ਦੋਵਾਂ ਜੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਫੈਸਲਾ ਲਿਆ ਜਿਸ ਤਹਿਤ ਉਹ ਸੋਨਾ ਲੁੱਟਣ ਪਿੱਛੋਂ ਫਰਾਰ ਹੋ ਗਏ ਸਨ। ਦੋਵਾਂ ਜਣਿਆਂ ਵੱਲੋਂ ਕੀਤੀ ਇਹ ਪਹਿਲੀ ਵਾਰਦਾਤ ਹੈ ਜਦੋਂਕਿ ਉਨ੍ਹਾਂ ਦਾ ਪਹਿਲਾਂ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਅੱਜ ਇਸ ਮਾਮਲੇ ’ਚ ਗ੍ਰਿਫਤਾਰ ਸਨੀ ਕੁਮਾਰ ਪੁੱਤਰ ਅਮੀਰ ਚੰਦ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਉਰਫ ਨੂਰ ਵਾਸੀਅਨ ਜੋਗੀ ਨਗਰ ਬਠਿੰਡਾ ਤੋਂ ਮੁਢਲੀ ਪੁੱਛ ਪੜਤਾਲ ਦੌਰਾਨ ਇਹ ਤੱਥ ਸਾਹਮਣੇ ਆਏੇ ਹਨ। ਸਨੀ ਕੁਮਾਰ ਆਟੋ ਰਿਕਸ਼ਾ ਚਲਾਉਂਦਾ ਸੀ ਜਦੋਂਕਿ ਸਰਬਜੀਤ ਕੌਰ ਪੇਸ਼ੇ ਤੋਂ ਡਾਂਸਰ ਹੈ ਜਿਸ ਦੇ ਸਹਾਰੇ ਉਨ੍ਹਾਂ ਦਾ ਘਰ ਅਤੇ ਨਸ਼ਾ ਪੱਤਾ ਚੱਲਦਾ ਸੀ।ਲਾਕਡਾਊਨ ਕਾਰਨ ਆਟੋਆਂ ’ਚ ਸਵਾਰੀਆਂ ਬਿਠਾਉਣ ਤੇ ਲੱਗੀਆਂ ਪਾਬੰਦੀਆਂ ਅਤੇ ਵਿਆਹ ਸ਼ਾਦੀਆਂ ਬੰਦ ਹੋਣ ਕਾਰਨ ਐਰਕੈਸਟਰਾ ਦਾ ਧੰਦਾ ਵੀ ਸੰਕਟ ’ਚ ਫਸ ਗਿਆ ਜਿਸ ਨੇ ਜੋੜੇ ਨੂੰ ਆਰਥਿਕ ਮੰਦਹਾਲੀ ਵੱਲ ਧੱਕ ਦਿੱਤਾ । ਸਰਬਜੀਤ ਕੌਰ ਦੀ ਸਨੀ ਨਾਲ ਦੂਸਰੀ ਸ਼ਾਦੀ ਹੈ ਜਿਸ ਤੋਂ ਤਿੰਨ ਸਾਲ ਦੀ ਲੜਕੀ ਹੈ। ਸਰਬਜੀਤ ਕੌਰ ਦੇ ਪਹਿਲਾਂ ਵਾਲੇ ਵਿਆਹ ਤੋਂ ਕਰੀਬ 19-20 ਸਾਲ ਦੀਆਂ ਦੋ ਲੜਕੀਆਂ ਅਤੇ 12 ਕੁ ਸਾਲ ਦਾ ਲੜਕਾ ਹੈ। ਉਸ ਦੀ ਇੱਕ ਲੜਕੀ ਰਾਮਪੁਰਾ ’ਚ ਵਿਆਹੀ ਹੋਈ ਹੈ। ਅਜਿਹੇ ਹਾਲਾਤਾਂ ਦਰਮਿਆਨ ਜਦੋਂ ਪੈਸੇ ਦੀ ਤੰਗੀ ਆਈ ਤਾਂ ਸ਼ੁੱਕਰਵਾਰ ਨੂੰ ਫੈਸ਼ਨ ਜਿਊਲਰਜ਼ ਦੇ ਮਾਲਕ ਭੀਮ ਸੈਨ ਦੀਆਂ ਅੱਖਾਂ ’ਚ ਸਪਰੇਅ ਪਾਉਣ ਉਪਰੰਤ ਸਨੀ ਅਤੇ ਸਰਬਜੀਤ ਕੌਰ ਨੇ ਕਰੀਬ ਅੱਠ ਲੱਖ ਰੁਪਏ ਦੀ ਕੀਮਤ ਦਾ ਸੋਨਾ ਲੁੱਟ ਲਿਆ ਸੀ।
ਅੱਜ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਪੁਲਿਸ ਨੂੰ ਇਸ ਮਿਲੀ ਸਫਲਤਾ ਦੁ ਖੁਲਾਸਾ ਕੀਤਾ ਅਤੇ ਮਾਮਲਾ ਹੱਲ ਕਰਨ ਵਾਲੀ ਪੁਲਿਸ ਟੀਮ ਦੀ ਪਿੱਠ ਵੀ ਥਾਪੜੀ। ਹਮੇਸ਼ਾ ਹੀ ਚਹਿਲ ਪਹਿਲ ਰਹਿਣ ਵਾਲੇ ਧੋਬੀ ਬਜਾਰ ’ਚ ਦਿਨ ਦਿਹਾੜੇ ਹੋਈ ਲੁੱਟ ਕਾਰਨ ਜਿੱਥੇ ਵਪਾਰੀਆਂ ’ਚ ਸਹਿਮ ਦਾ ਮਹੌਲ ਬਣ ਗਿਆ ਸੀ ਉੱਥੇ ਹੀ ਇਸ ਇਲਾਕੇ ਚੋਂ ਪੁਲਿਸ ਨਾਕੇ ਹਟਾਉਣ ਕਰਕੇ ਪੁਲਿਸ ਅਫਸਰਾਂ ਨੂੰ ਤਿੱਖੀ ਅਲੋਚਨਾ ਦਾ ਦਾ ਸਾਹਮਣਾ ਕਰਨਾ ਪਿਆ ਸੀ। ਐਸ ਐਸ ਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਦੀ ਮੁਸਤੈਦੀ ਨੇ ਦਲੇਰਾਨਾ ਢੰਗ ਨਾਲ ਕੀਤੀ ਲੁੱਟ ਦੀ ਵਾਰਦਾਤ ਦੀ 24 ਘੰਟਿਆਂ ਦੇ ਅੰਦਰ ਅੰਦਰ ਗੁੱਥੀ ਸੁਲਝਾ ਲਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜਮਾਂ ਦੀ ਨਿਸ਼ਾਨਦੇਹੀ ਤੇ ਮੁਲਜਮਾਂ ਦੇ ਘਰੋਂ ਸੋਨੇ ਦੀਆਂ 8 ਚੈਨੀਆਂ ਅਤੇ ਪੰਜ ਜੋੜੇ ਟੌਪਸ ਬਰਾਮਦ ਕੀਤੇ ਹਨ ਜਿੰਨ੍ਹਾਂ ਦਾ ਵਜ਼ਨ 97.84 ਗਰਾਮ ਬਣਦਾ ਹੈ।
ਪੁਲਿਸ ਨੇ ਜੋੜੇ ਕੋਲੋਂ ਵਾਰਦਾਤ ਲਈ ਵਰਤਿਆ ਪੈਪਰ ਸਪਰੇਅ ਅਤੇ ਵਾਰਦਾਤ ਲਈ ਵਰਤੀ ਦੁਪਹੀਆ ਏਵੀਏਟਰ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ ਪੀ ਡੀ ਬਲਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੀ ਆਈ ਏ ਸਟਾਫ ਵਨ ਦੇ ਇੰਚਾਰਜ ਸਬ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਪੜਤਾਲ ਦਾ ਜਿੰਮਾ ਸੌਂਪਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਸੀ ਸੀ ਟੀ ਵੀ ਦੀ ਫੁੱਟੇਜ ਅਤੇ ਹੋਰ ਪਹਿਲੂਆਂ ਦੇ ਅਧਾਰ ਤੇ ਸਨੀ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਨੂੰ ਨਾਮਜਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅੱਜ ਦੋਵਾਂ ਨੂੰ ਰਾਮਪੁਰਾ ਗਰਿੱਡ ਕੋਲੋਂ ਏਵੀਏਟਰ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਲੁੱਟਿਆ ਸਮਾਨ ਬਰਾਮਦ ਕਰਵਾਇਆ ਹੈ। ਐਸ ਐਸ ਪੀ ਨੇ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਪੁੱਛ ਪੜਤਾਲ ਕੀਤੀ ਜਾਏਗੀ ।
ਦੱਸਣਯੋਗ ਹੈ ਕਿ ਲੰਘੀ ਚਾਰ ਮਈ ਨੂੰ ਕਰੀਬ ਪੌਣੇ ਬਾਰਾਂ ਵਜੇ ਦੇ ਕਰੀਬ ਧੋਬੀ ਬਜਾਰ ਵਿੱਚ ਸਥਿੱਤ ਫੈਸ਼ਨ ਜਿਊਲਰਜ਼ ਤੇ ਸਕੂਟੀ ’ਤੇ ਸਵਾਰ ਹੋਕੇ ਆਏ ਖੁਦ ਨੂੰ ਪਤੀ ਪਤਨੀ ਦੱਸਣ ਵਾਲੇ ਔਰਤ ਅਤੇ ਪੁਰਸ਼ ਨੇ ਦੁਕਾਨਦਾਰ ਨੂੰ ਸੋਨੇ ਦੀ ਚੈਨ ਦਿਖਾਉਣ ਲਈ ਕਿਹਾ। ਜਦੋਂ ਸੋਨੇ ਦੀਆਂ ਚੈਨੀਆਂ ਵਾਲਾ ਪੈਕਟ ਲਿਆਕੇ ਦੋਵਾਂ ਅੱਗੇ ਰੱਖਿਆ ਤਾਂ ਪੁਰਸ਼ ਨੇ ਜੇਬ ’ਚ ਰੱਖਿਆ ਪੈਪਰ ਸਪਰੇ ਕੱਢ ਕੇ ਦੁਕਾਨਦਾਰ ਭੀਮ ਸੈਨ ਦੀਆਂ ਅੱਖਾਂ ’ਚ ਪਾ ਦਿੱਤਾ ਤੇ ਚੈਨੀਆਂ ਦਾ ਪੂਰਾ ਪੈਕਟ ਲੁੱਟ ਕੇ ਫਰਾਰ ਹੋ ਗਏ। ਜਵੈਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਰਵਜੀਤ ਠਾਕੁਰ ਅਤੇ ਪੰਜਾਬ ਜਵੈਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਨਾ ਕੀਤਾ ਤਾਂ ਉਹ ਸੜਕਾਂ ਤੇ ਉੱਤਰਨਗੇ।