ਕੈਲੀਫੋਰਨੀਆ ਵਿਚ ਸੋਕੇ ਨੇ ਜੀਣਾ ਕੀਤਾ ਮੁਹਾਲ, ਪਾਣੀ ਦੀ ਚੋਰੀ ਵਧੀ

190

ਸੈਕਰਾਮੈਂਟੋ, 25 ਜੁਲਾਈ (ਬੁਲੰਦ ਆਵਾਜ ਬਿਊਰੋ) – ਕੈਲੀਫੋਰਨੀਆ ਵਿਚ ਨਹਿਰਾਂ ਸੁੱਕ ਗਈਆਂ ਹਨ ਤੇ ਪਾਣੀ ਦੀ ਕਿਲਤ ਵਧ ਗਈ ਹੈ ਜਿਸ ਕਾਰਨ ਪਾਣੀ ਦੀ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਚੋਰ ਕਾਨੂੰਨੀ ਪਾਣੀ ਦੇ ਭੰਡਾਰਾਂ ਵਿਚੋਂ ਅਰਬਾਂ ਗੈਲਨ ਪਾਣੀ ਦੇ ਚੋਰੀ ਕਰਕੇ ਲੈ ਗਏ ਹਨ। ਰਾਜ ਪੱਧਰ ਦੇ ਤੇ ਸਥਾਨਕ ਅਧਿਕਾਰੀਆਂ ਅਨੁਸਾਰ ਪਾਣੀ ਦੀ ਚੋਰੀ ਕੋਈ ਨਵਾਂ ਮੁੱਦਾ ਨਹੀਂ ਹੈ ਪਰੰਤੂ ਇਸ ਸਮੇ ਸੋਕੇ ਕਾਰਨ ਪਾਣੀ ਦੀ ਚੋਰੀ ਰਿਕਾਰਡ ਪੱਧਰ ਉਪਰ ਵਧ ਗਈ ਹੈ। ਚੋਰ ਆਪਣੀ ਭੰਗ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਗੈਰ ਕਾਨੂੰਨੀ ਫਸਲ ਨੂੰ ਪਾਣੀ ਦੇਣ ਲਈ ਚੋਰੀ ਕਰਦੇ ਹਨ। ਕੈਲੀਫੋਰਨੀਆ ਦੇ ‘ਫਿਸ਼ ਐਂਡ ਵਾਇਲਡ ਲਾਈਫ ਮੈਰੀਜੁਆਨਾ ਇਨਫੋਰਸਮੈਂਟ ਟੀਮ ਦੇ ਸਾਬਕਾ ਮੁੱਖੀ ਜੌਹਨ ਨੋਰਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪਾਣੀ ਦੀ ਚੋਰੀ ਦਾ ਮੁੱਦਾ ਕਦੀ ਵੀ ਏਨਾ ਗੰਭੀਰ ਨਹੀਂ ਰਿਹਾ ਜਿੰਨਾ ਅੱਜ ਹੈ। ਇਹ ਚੋਰੀ ਆਮ ਕਰਕੇ ਦਿਹਾਤੀ ਖੇਤਰਾਂ ਵਿਚ ਹੁੰਦੀ ਹੈ। ਜੌਹਨ ਅਨੁਸਾਰ ਇਕ ਮੋਟੇ ਅੰਦਾਜੇ ਅਨੁਸਾਰ ਰਾਜ ਵਿਚ 2013 ਤੋਂ ਲੈ ਕੇ 12 ਅਰਬ ਗੈਲਨ ਪਾਣੀ ਦੀ ਚੋਰੀ ਹੋਈ ਹੈ। ਇਸ ਚੋਰੀ ਕਾਰਨ ਕਾਨੂੰਨੀ ਖੇਤੀ ਕਰਨ ਵਾਲੇ ਕਿਸਾਨ ਪ੍ਰਭਾਵਿਤ ਹੋ ਰਹੇ ਹਨ। ਚੋਰ ਡਰਾ ਧਮਕਾ ਕੇ ਵੀ ਪਾਣੀ ਦੀ ਚੋਰੀ ਕਰਦੇ ਹਨ। ਇਥੇ ਜਿਕਰਯੋਗ ਹੈ ਕਿ ਸੋਕੇ ਕਾਰਨ ਹੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਇਸ ਸਾਲ ਅੱਗਾਂ ਲੱਗਣ ਦੀਆਂ ਕਈ ਘਟਨਾਵਾਂ ਹੋਈਆਂ ਹਨ । ਹਜਾਰਾਂ ਏਕੜ ਜੰਗਲ ਸੜ ਕੇ ਸਵਾਹ ਹੋ ਗਏ ਹਨ।

Italian Trulli