ਕੈਲੀਫੋਰਨੀਆ, (ਹੁਸਨ ਲੜੋਆ ਬੰਗਾ): ਕੈਲੀਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਹੁਣ ਤੱਕ ਦੀ ਸਭ ਤੋਂ ਵਧ ਭਿਆਨਕ ਅੱਗ ਸਾਬਤ ਹੋਈ ਹੈ ਤੇ ਇਹ 20,94,955 ਏਕੜ ਵਿਚ ਖੜੇ ਜੰਗਲ ਨੂੰ ਸਾੜ ਚੁੱਕੀ ਹੈ। ਰਾਜ ਵਿਚ ਇਸ ਤੋਂ ਪਹਿਲਾਂ ਏਨੀ ਭਿਆਨਕ ਅੱਗ ਵੇਖਣ ਨੂੰ ਨਹੀਂ ਮਿਲੀ।
ਫਾਇਰ ਕੈਪਟਨ ਰਿਚਰਡ ਕੋਰਡੋਵਾ ਨੇ ਕਿਹਾ ਹੈ ਕਿ ਫਾਇਰ ਸੀਜਨ ਅਕਤੂਬਰ ਤੇ ਨਵੰਬਰ ਵਿਚ ਵੀ ਏਨੀ ਭਿਆਨਕ ਅੱਗ ਕਦੀ ਵੀ ਨਹੀਂ ਲੱਗੀ। ਅੱਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਉਨਾਂ ਕਿਹਾ ਕਿ ਕਰੀਕ ਖੇਤਰ ਵਿਚ ਅੱਗ ਫਰਿਜ਼ਨੋ ਤੇ ਮਾਡੇਰਾ ਕਾਉਂਟੀਆਂ ਨੇੜੇ 45000 ਏਕੜ ਤੋਂ ਵਧ ਖੇਤਰ ਨੂੰ ਸਾੜ ਚੁੱਕੀ ਹੈ। ਇਸ ਖੇਤਰ ਵਿਚ ਲੱਗੀ ਅੱਗ ਨੂੰ ਤਰਜੀਹੀ ਆਧਾਰ ‘ਤੇ ਬੁਝਾਇਆ ਜਾ ਰਿਹਾ ਹੈ ਕਿਉਂਕਿ ਇਹ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਵਿਚਲੇ ਸੀਏਰਾ ਨੈਸ਼ਨਲ ਜੰਗਲ ਨੂੰ ਸਾੜ ਰਹੀ ਹੈ। ਅੱਗ ਵੱਲੋਂ ਸੜਕੀ ਰਸਤਾ ਰੋਕ ਲੈਣ ਕਾਰਨ 224 ਵਿਅਕਤੀਆਂ ਨੂੰ ਹੈਲੀਕਾਪਟਰ ਰਾਹੀਂ ਕੱਢਿਆ ਗਿਆ ਹੈ। ਅੱਗ ਕਾਰਨ ਰਾਜ ਵਿਚ ਵਾਤਾਵਰਣ ਸੰਕਟ ਖੜਾ ਹੋ ਗਿਆ ਹੈ।