More

  ਕੈਲੀਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਅੱਗੇ ਬੇਵੱਸ ਨਜਰ ਆ ਰਹੇ ਹਨ – ‘ਫਾਇਰ ਫਾਈਟਰ

  ਸੈਕਰਾਮੈਂਟੋ, 26 ਜੁਲਾਈ (ਬੁਲੰਦ ਆਵਾਜ ਬਿਊਰੋ) – ਕੈਲੀਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਅਨੇਕਾਂ ਬਹੁ ਮੰਤਵੀ ਇਮਾਰਤਾਂ ਤੇ ਘਰਾਂ ਨੂੰ ਸਾੜ ਕੇ ਸਵਾਹ ਕਰ ਚੁੱਕੀ ਹੈ ਤੇ ਹਜਾਰਾਂ ਹੋਰ ਇਮਾਰਤਾਂ ਦੇ ਸੜਨ ਦਾ ਖਤਰਾ ਬਣਿਆ ਹੋਇਆ ਹੈ ਪਰੰਤੂ ਅੱਗ ਲੱਗਣ ਤੋਂ 12 ਦਿਨਾਂ ਬਾਅਦ ਵੀ ਇਸ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਅੱਗ ਬੁਝਾਊ ਅਮਲਾ ਬੇਵੱਸ ਨਜਰ ਆ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਦੂਰ ਦੁਰਾਡੇ ਖੇਤਰ ਵਿਚ ਲੱਗੀ ਅੱਗ ਸਾਧਨਾਂ ਦੀ ਘਾਟ ਕਾਰਨ ਬੁੱਝ ਨਹੀਂ ਸਕੀ। ਡਿਕਸੀ ਵਿਚ ਲੱਗੀ ਅੱਗ ਤਕਰੀਬਨ 2 ਲੱਖ ਏਕੜ ਵਿਚ ਫੈਲ ਚੁੱਕੀ ਹੈ ਜਿਸ ਉਪਰ ਕਾਬੂ ਪਾਉਣ ਲਈ 5 ਹਜਾਰ ਅੱਗ ਬੁਝਾਊ ਅਮਲੇ ਦੇ ਮੈਂਬਰ ਯਤਨ ਕਰ ਰਹੇ ਹਨ। ਲੰਘੀ ਰਾਤ ਅੱਗ ਘਟਣ ਦੀ ਬਜਾਏ ਨਾਲ ਲੱਗਦੇ ਜੰਗਲੀ ਖੇਤਰ ਵਿਚ ਵੀ ਫੈਲ ਗਈ ਹੈ। ਅੱਗ ਜੋ 14 ਜੁਲਾਈ ਨੂੰ ਲੱਗੀ ਸੀ, ਹੁਣ ਤੱਕ 20 ਤੋਂ ਵਧ ਇਮਾਰਤਾਂ ਨੂੰ ਤਬਾਹ ਕਰ ਚੁੱਕੀ ਹੈ ਜਿਸ ਵਿਚ ਵਪਾਰਕ ਤੇ ਹੋਰ ਇਮਾਰਤਾਂ ਸ਼ਾਮਿਲ ਹਨ। ਕੈਲੀਫੋਰਨੀਆ ਦੇ ਅਧਿਕਾਰੀਆਂ ਅਨੁਸਾਰ ਬੂਟੇ ਤੇ ਪਲੂਮਸ ਕਾਊਂਟੀਆਂ ਵਿਚ 10,700 ਤੋਂ ਵਧ ਇਮਾਰਤਾਂ ਨੂੰ ਖਤਰਾ ਬਣਿਆ ਹੋਇਆ ਹੈ। ਅੱਗ ਰਾਸ਼ਟਰੀ ਮਾਰਗ 70 ਤੇ 89 ਨੂੰ ਪਾਰ ਕਰ ਗਈ ਹੈ ਜਿਸ ਕਾਰਨ ਪੈਕਸਟਨ ਤੇ ਇੰਡਿਆਨ ਫਾਲਜ਼ ਵਿਚ ਰਹਿੰਦੇ ਲੋਕਾਂ ਲਈ ਖਤਰਾ ਪੈਦਾ ਹੋ ਗਿਆ ਹੈ।

  ਅੱਗ ਨਾਲ ਪ੍ਰਭਾਵਿਤ ਖੇਤਰ ਵਿਚੋਂ ਲੋਕ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਮਜਬੂਰ ਹਨ। ਕਰੇਸੈਂਟ ਮਿਲਜ ਖੇਤਰ ਵਿਚ ਘੋੜਿਆਂ ਦੇ ਫਾਰਮਾਂ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਲੋਕ ਘੋੜਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਲਈ ਟਰੇਲਰਾਂ ਦੀ ਉਡੀਕ ਕਰ ਰਹੇ ਹਨ। ਅੱਗ ਦੀ ਭਿਆਨਕਤਾ ਨੂੰ ਵੇਖਦਿਆਂ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਨੇ 4 ਕਾਊਂਟੀਆਂ ਵਿਚ ਹੰਗਾਮੀ ਸਥਿੱਤੀ ਦਾ ਐਲਾਨ ਕਰ ਦਿੱਤਾ ਹੈ। ਇਨਾਂ ਕਾਊਂਟੀਆਂ ਵਿਚ ਐਲਪਾਈਨ, ਲਾਸਨ, ਪਲੂਮਸ ਤੇ ਬੂਟੇ ਸ਼ਾਮਿਲ ਹਨ। ਉਨਾਂ ਨੇ ਅਧਿਕਾਰੀਆਂ ਨੂੰ ਅੱਗ ਉਪਰ ਕਾਬੂ ਪਾਉਣ ਲਈ ਸਾਰੇ ਉਪਲਬੱਧ ਸਾਧਨਾਂ ਦੀ ਵਰਤੋਂ ਕਰਨ ਲਈ ਕਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਏਨੀ ਭਿਆਨਕ ਅੱਗ ਉਨਾਂ ਨੇ ਕਦੇ ਵੀ ਨਹੀਂ ਦੇਖੀ। ਇਹ ਅੱਗ ਹੁਣ ਤੱਕ ਲੱਗੀਆਂ 86 ਭਿਆਨਕ ਅੱਗਾਂ ਵਿਚ ਸ਼ਾਮਿਲ ਹੋ ਗਈ ਹੈ। ਜਿਆਦਾਤਰ ਅੱਗ ਲੱਗਣ ਦੀਆਂ ਘਟਨਾਵਾਂ ਪੱਛਮੀ ਖੇਤਰ ਵਿਚ ਵਾਪਰੀਆਂ ਹਨ ਜਿਨਾਂ ਵਿਚ 14 ਲੱਖ ਏਕੜ ਜੰਗਲੀ ਰਕਬਾ ਸੜ ਚੁੱਕਾ ਹੈ। ਅੱਗ ਨਾਲ ਹੋਏ ਨੁਕਸਾਨ ਦਾ ਪਤਾ ਖੇਤਰ ਦੇ ਸਰਵੇਖਣ ਤੋਂ ਬਾਅਦ ਹੀ ਲੱਗੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img