ਕੈਲਫੋਰਨੀਆ ਦੇ ਮੱਧ ਵਰਗ ਨੂੰ 600 ਡਾਲਰ ਹੋਰ ਕੋਰੋਨਾ ਰਾਹਤ ਵਜੋਂ ਮਿਲਣਗੇ

ਕੈਲਫੋਰਨੀਆ ਦੇ ਮੱਧ ਵਰਗ ਨੂੰ 600 ਡਾਲਰ ਹੋਰ ਕੋਰੋਨਾ ਰਾਹਤ ਵਜੋਂ ਮਿਲਣਗੇ

ਸੈਕਰਾਮੈਂਟੋ, 20 ਜੁਲਾਈ (ਬੁਲੰਦ ਆਵਾਜ ਬਿਊਰੋ) – ਅਮਰੀਕਾ ਦੇ ਵੱਖ ਵੱਖ ਰਾਜਾਂ ਵਿਚ ਕੋਰੋਨਾ ਕਾਰਨ ਹੋਏ ਵਿੱਤੀ ਨੁਕਸਾਨ ਵਿਚੋਂ ਲੋਕਾਂ ਨੂੰ ਉਭਾਰਨ ਲਈ ਯਤਨ ਨਿਰੰਤਰ ਜਾਰੀ ਹਨ। ਕੋਰੋਨਾ ਪਾਬੰਦੀਆਂ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਜਾਂ ਕਾਰੋਬਾਰ ਬੰਦ ਹੋ ਜਾਣ ਕਾਰਨ ਆਮਦਨੀ ਖਤਮ ਹੋ ਗਈ। ਕੈਲੀਫੋਰਨੀਆ ਸਰਕਾਰ ਨੇ ਮੱਧ ਵਰਗ ਦੇ ਲੋਕਾਂ ਲਈ ਇਕ ਹੋਰ ਪੈਕੇਜ਼ ਐਲਾਨਿਆ ਹੈ ਜਿਸ ਨੂੰ ਟੈਕਸ ਰਿਟਰਨਾਂ ਨਾਲ ਜੋੜਿਆ ਗਿਆ ਹੈ। ਦੋ ਮਹੀਨਿਆਂ ਦੀ ਜਕੋਤੱਕੀ ਉਪਰੰਤ ਕੈਲੀਫੋਰਨੀਆ ਦੇ ਦੋ ਤਿਹਾਈ ਟੈਕਸਦਾਤਾ ਨੂੰ 600 ਡਾਲਰ ਕੋਰੋਨਾ ਰਾਹਤ ਵਜੋਂ ਦੇਣ ਦਾ ਨਿਰਨਾ ਲਿਆ ਗਿਆ ਹੈ। ਇਹ ਐਲਾਨ ਰਾਜ ਦੇ ਗਵਰਨਰ ਗੈਵਿਨ ਨਿਊਸੋਮ ਦੇ ਦਫਤਰ ਵੱਲੋਂ ਕੀਤਾ ਗਿਆ ਹੈ। ਇਸ ਦੇ ਨਾਲ ਹੀ 500 ਡਾਲਰ ਉਨਾਂ ਲੋਕਾਂ ਨੂੰ ਵੱਖਰੇ ਦਿਤੇ ਜਾਣਗੇ ਜੋ ਆਪਣੇ ਆਸ਼੍ਰਿਤਾਂ ਨਾਲ ਰਹਿੰਦੇ ਹਨ। ਇਸ ਸਬੰਧੀ ਗਵਰਨਰ ਨੇ 100 ਬਿਲੀਅਨ ਡਾਲਰ ਦੀ ਬਜਟ ਤਜਵੀਜ ਉਪਰ ਦਸਤਖਤ ਕੀਤੇ ਹਨ। ਇਹ ਅਦਾਇਗੀ ‘ਗੋਲਡਨ ਸਟੇਟ ਪ੍ਰੋਤਸਾਹਨ ਪ੍ਰੋਗਰਾਮ’ ਦਾ ਹਿੱਸਾ ਹੈ ਜਿਸ ਤਹਿਤ 3.8 ਬਿਲੀਅਨ ਡਾਲਰ ਦੀ ਅਦਾਇਗੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 75,000 ਡਾਲਰ ਪ੍ਰਤੀ ਸਾਲ ਤੋਂ ਘੱਟ ਕਮਾਈ ਵਾਲੇ ਮੱਧ ਵਰਗੀ ਲੋਕਾਂ ਨੂੰ 600 ਡਾਲਰ ਦੀ ਅਦਾਇਗੀ ਕੀਤੀ ਜਾਵੇਗੀ। ਕੈਲੀਫੋਰਨੀਆ ਫਰੈਂਚਾਈਜ ਟੈਕਸ ਬੋਰਡ ਜੋ ਰਾਜ ਦੀ ਟੈਕਸ ਇਕੱਠਾ ਕਰਨ ਵਾਲੀ ਏਜੰਸੀ ਹੈ, ਅਨੁਸਾਰ ਗੋਲਡਨ ਸਟੇਟ ਪ੍ਰੋਤਸਾਹਨ ਚੈੱਕ ਸਤੰਬਰ ਵਿਚ ਮਿਲਣੇ ਸ਼ੁਰੂ ਹੋ ਜਾਣ ਦੀ ਆਸ ਹੈ। ਏਜੰਸੀ ਅਨੁਸਾਰ ਇਹ ਅਦਾਇਗੀ ਪ੍ਰਤੀ ਟੈਕਸ ਰਿਟਰਨ ਦੇ ਹਿਸਾਬ ਨਾਲ ਕੀਤੀ ਜਾਵੇਗੀ ਨਾ ਕਿ ਪ੍ਰਤੀ ਘਰ ਅਨੁਸਾਰ ਹੋਵੇਗੀ। ਇਕੋ ਰਿਹਾਇਸ਼ ਵਿਚ ਰਹਿੰਦੇ ਦੋ ਵਿਅਕਤੀ ਜੇਕਰ ਉਹ ਯੋਗ ਹੋਣਗੇ ਤਾਂ ਇਹ ਚੈੱਕ ਲੈ ਸਕਣਗੇ। ਏਜੰਸੀ ਨੇ ਕਿਹਾ ਹੈ ਕਿ ਇਹ ਅਦਾਇਗੀ ਚੈੱਕ ਰਾਹੀਂ ਵੀ ਮਿਲ ਸਕਦੀ ਹੈ ਜਾਂ ਫਿਰ ਸਿੱਧੀ ਖਾਤਿਆਂ ਵਿਚ ਵੀ ਜਾ ਸਕਦੀ ਹੈ। ਏਜੰਸੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰਾਜ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡਾ ਆਰਥਕ ਪੁਨਰ ਬਹਾਲੀ ਪੈਕੇਜ਼ ਹੈ।

Bulandh-Awaaz

Website: