ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਸੈਰਗਾਹਾਂ ਦਾ ਰੂਪ ਦੇ ਕੇ ਉਹਨਾਂ ਦੀ ਦਿੱਖ ਖ਼ਰਾਬ ਨਾਂ ਕੀਤੀ ਜਾਵੇ
ਅੰਮ੍ਰਿਤਸਰ, 2 ਦਸੰਬਰ (ਬੁਲੰਦ ਅਵਾਜ਼ ਬਿਊਰੋ) – ਪਾਵਨ ਪਵਿੱਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਅਕਾਲੀ ਦਲ ਬਾਦਲ ਤੇ ਨਸ਼ੇ ਦੇ ਇਲਜਾਮ ਲੱਗਣ ਤੋਂ ਬਾਅਦ ਬਾਦਲ ਧੜੇ ਨੂੰ ਅਲਵਿਦਾ ਕਹਿ ਕੇ ਘਰੇ ਬੈਠੇ ਅਕਾਲੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਫਿਰ ਤੋਂ ਸਿੱਖ ਧਾਰਮਿਕ ਮੁੱਦਿਆਂ ਤੇ ਸਰਗਰਮ ਹੁੰਦੇ ਨਜ਼ਰ ਆ ਰਹੇ ਹਨ, ਸ੍ਰ ਪੱਧਰੀ ਨੇ ਪ੍ਰੈਸ ਨੋਟ ਰਾਹੀਂ ਅੰਮ੍ਰਿਤਸਰ ਸ਼ਹਿਰ ਦੇ ਦੱਖਣੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸ੍ਰ ਇੰਦਰਬੀਰ ਸਿੰਘ ਨਿੱਝਰ ਵੱਲੋਂ ਪੰਜਾਬੀਆਂ ਵਿਰੱਧ ਕੀਤੀ ਜਾਣ ਵਾਲੀ ਬਿਆਨਬਾਜੀ ਤੇ ਮੁਆਫੀ ਮੰਗ ਲਏ ਜਾਣ ਦੇ ਬਾਵਜੂਦ ਵੀ ਉਹਨਾਂ ਦੀ ਘੋਰ ਨਿੰਦਿਆ ਕੀਤੀ ਹੈ ਅਤੇ ਉਹਨਾਂ ਵੱਲੋਂ ਹੀ ਗੁ: ਸ਼ਹੀਦ ਗੰਜ ਦੇ ਸਾਹਮਣੇ ਨਵੇਂ ਬਣਾਏ ਜਾਣ ਵਾਲੇ ਪੁਲ ਤੇ ਧਾਰਮਿਕ ਮਾਣ ਮਰਿਆਦਾ ਨੂੰ ਲੈਕੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਸੱਚ ਕੌੜਾ ਹੁੰਦਾ ਹੈ ਪਰੰਤੂ ਕੈਬਨਿਟ ਮੰਤਰੀ ਸ੍ਰ ਇੰਦਰਬੀਰ ਸਿੰਘ ਨਿੱਝਰ ਵੱਲੋਂ ਜੋਂ ਪੰਜਾਬੀਆਂ ਪ੍ਰਤੀ ਸ਼ਬਦਾਵਲੀ ਵਰਤੀ ਹੈ ਉਹ ਹੀ ਉਹਨਾਂ ਦੀ ਅੰਦਰਲੀ ਸੋਚ ਪ੍ਰਤੀਤ ਹੁੰਦੀ ਹੈ, ਜਿਸਦੇ ਚਲਦਿਆਂ ਵਿਕਾਸ ਦੇ ਨਾਮ ਤੇ ਪਹਿਲਕਦਮੀਆਂ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਹੀ ਉਹਨਾਂ ਅੰਮ੍ਰਿਤਸਰ ਸ਼ਹਿਰ ਦੇ ਦੱਖਣੀਂ ਇਲਾਕੇ ਵਿੱਚ ਸਥਿਤ ਗੁ: ਸ਼ਹੀਦ ਗੰਦ ਸਾਹਿਬ ਦੇ ਬਾਹਰ ਇਕ ਨਵੇਂ ਪੁਲ ਦੀ ਉਸਾਰੀ ਸ਼ੁਰੂ ਕਰਵਾਉਣ ਜਾ ਰਹੇ ਹਨ, ਜਿਸਦਾ ਸਿੱਧਾ-ਸਿੱਧਾ ਆਮ ਜਨਤਾ ਤੇ ਸਿੱਖ ਸਮਾਜ ਨੂੰ ਹੋਣ ਵਾਲਾ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ ਸਗੋਂ ਇੰਜ ਲੱਗ ਰਿਹਾ ਕਿ ਸ੍ਰ ਨਿੱਝਰ ਕਿਸੇ ਗਹਿਰੀ ਸਾਜਿਸ਼ ਤਹਿਤ ਗੁਰਦੁਆਰਾ ਸ਼ਹੀਦ ਗੰਜ ਦੇ ਅੱਗੇ ਪੁਲ ਦੀ ਉਸਾਰੀ ਕਰਵਾਕੇ ਉਸਦੀ ਪਵਿੱਤਰਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਜਾ ਰਹੇ ਹਨ।
ਇਸ ਵੱਲ ਸਿੱਖ ਸਮਾਜ, ਸਿੱਖ ਬੁੱਧੀਵੀਆਂ ਤੇ ਅਸਲੀ ਸਿੱਖ ਲੀਡਰਾਂ ਨੂੰ ਧਿਆਨ ਦੇਣ ਦੀ ਲੋੜ ਹੈ। ਸ੍ਰ ਪੱਧਰੀ ਨੇ ਕਿਹਾ ਕਿ ਸਿੱਖ ਧਰਮ ਨੂੰ ਖ਼ਤਮ ਕਰਨ ਲਈ ਅਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਸੈਰਗਾਹਾਂ ਦੇ ਰੂਪ ਵਿੱਚ ਬਦਲ ਕੇ ਉਹਨਾਂ ਦੀ ਦਿੱਖ ਖ਼ਰਾਬ ਕਰਨ ਲਈ ਚਹਿਰਿਆਂ ਪਿੱਛੇ ਕਈ ਚਹਿਰੇ ਲੁਕੇ ਹੋਏ ਹਨ। ਸ੍ਰ ਪੱਧਰੀ ਨੇ ਕੈਬਨਿਟ ਮੰਤਰੀ ਸ੍ਰ ਨਿੱਝਰ ਨੂੰ ਇਸ ਪੁਲ ਦੇ ਸਬੰਧ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਵੱਲ ਅਗਾਊਂ ਧਿਆਨ ਦਿਵਾਉਂਦਿਆ ਕਿਹਾ ਕਿ ਜਦੋਂ ਇਸ ਪੁਲ ਦੇ ਉਪਰੋਂ ਰਾਹਗੀਰ ਸਿਰਫ ਤੁਰ ਕੇ ਹੀ ਲੰਘ ਸਕਣਗੇ ਤਾਂ ਇਸ ਪੁਲ ਦਾ ਕੀ ਫਾਇਦਾ? ਗੁ: ਸ਼ਹੀਦ ਗੰਜ ਸਾਹਿਬ ਮੇਨ ਰੋਡ ਦੇ ਕਿਨਾਰੇ ਤੇ ਸਥਿੱਤ ਹੋਣ ਕਾਰਨ ਸਭ ਤੋਂ ਵੱਡੀ ਸਮੱਸਿਆ ਟਰੈਫਿਕ ਦੀ ਦਰਪੇਸ਼ ਆਉਂਦੀ ਹੈ ਜੋ ਇਸ ਤੁਰਕੇ ਲੰਘਣ ਵਾਲੇ ਪੁਲ ਨਾਲ ਖ਼ਤਮ ਨਹੀ ਹੋਵੇਗੀ ਸਗੋਂ ਪੁਲ ਦੀ ਉਸਾਰੀ ਲਈ ਪਿੱਲਰਾਂ ਵਾਸਤੇ ਵਰਤੀ ਗਈ ਜਗਾ ਗੁਰਦੁਆਰਾ ਸਹਿਬ ਦੇ ਅੱਗਿਓਂ ਲੰਘਣ ਵਾਲੀ ਸੜਕ ਨੂੰ ਹੋਰ ਭੀੜਿਆਂ ਕਰ ਦੇਵੇਗੀ,ਮਤਲਬ ਕਿ ਸਿੱਖਾਂ ਦੇ ਧਾਰਮਿਕ ਸਥਾਨ ਦੇ ਬਿਲਕੁਲ ਸਾਹਮਣੇ ਇਕ ਚਿੱਟਾ ਹਾਥੀ ਉਸਾਰ ਦਿੱਤਾ ਜਾਵੇਗਾ।
ਇਸਦੇ ਨਾਲ ਹੀ ਇਹ ਪੁਲ ਮੰਗਤਿਆਂ ਲਈ, ਪਰਵਾਸੀਆਂ ਲਈ ਇਕ ਅਰਾਮਗਾਹ ਦਾ ਕੰਮ ਕਰੇਗਾ ਜਿਥੇ ਉਹ ਗੁਰਦੁਆਰਾ ਸਹਿਬ ਵਿੱਚ ਪ੍ਰਕਾਸ਼ਮਾਨ ਸ੍ਰੀ ਗੁਰੂ ਗ੍ਰੰਥ ਸਹਿਬ ਤੋਂ ਉੱਚੀ ਜਗਾ ਤੇ ਬਿਲਕੁਲ ਸਾਹਮਣੇ ਪਾਣ-ਬੀੜੀਆਂ ਤੇ ਹੋਰ ਅਵੈਧ ਵਸਤੂਆਂ ਦਾ ਸੇਵਨ ਵੀ ਕਰਨਗੇ, ਇਸਦੇ ਨਾਲ ਨਾਲ ਗੁਰਦੁਆਰਾ ਸਹਿਬ ਦੀ ਦਿੱਖ ਨੂੰ ਵੀ ਬਹੁਤ ਨੁਕਸਾਨ ਪਹੁੰਚੇਗਾ। ਇਸਦੇ ਨਾਲ ਹੀ ਸਿੱਖੀ ਦੀ ਸ਼ਾਨ ਦੇ ਚਿੰਨ ਖੰਡੇ ਵਾਲੇ ਚੌਂਕ ਨੂੰ ਵੀ ਯੋਜਨਾਂ ਮੁਤਾਬਕ ਉੱਪਰ ਤੱਕ ਢੱਕ ਦਿੱਤਾ ਜਾਵੇਗਾ ਜਿਸਦੇ ਬਾਅਦ ਵਿੱਚ ਕਿਸੇ ਨੂੰ ਵੀ ਦਰਸ਼ਨ ਨਹੀਂ ਹੋ ਸਕਿਆ ਕਰਨਗੇ। ਸ੍ਰ ਪੱਧਰੀ ਨੇ ਕਿਹਾ ਕਿ ਇਹ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਹੈ ਤੇ ਇਥੇ ਹਰ ਜਗਾ ਵਿੱਚੋਂ ਹਰ ਚੌਂਕ ਵਿੱਚੋਂ ਧੰਨ ਸ੍ਰੀ ਗੁਰੂ ਰਾਮਦਾਸ ਦੀ ਝਲਕ ਪੈਣੀ ਚਾਹੀਦੀ ਹੈ ਪਰ ਹੋ ਉਲਟ ਰਿਹਾ ਹੈ। ਧਾਰਮਿਕ ਸਥਾਨਾਂ ਨੂੰ ਸੈਰਗਾਹਾਂ ਦਾ ਰੂਪ ਦਿੱਤਾ ਜਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ।
ਅਜਿਹਾ ਕਰਕੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਪੰਜਾਬੀਆ ਨੂੰ ਬੇਵਕੂਫ ਕਹਿਣ ਤੋਂ ਬਾਅਦ ਖੁਦ ਆਪ ਬਹੁਤ ਵੱਡੀ ਗਲਤੀ ਨੂੰ ਅੰਜਾਮ ਦੇਣ ਜਾ ਰਹੇ ਹਨ ਜਿਸ ਨਾਲ ਆਮ ਵਸਨੀਕਾਂ ਨੂੰ ਮੁਸ਼ਕਿਲ ਤਾਂ ਹੋਵੇਗੀ ਹੀ ਪਰ ਸਿੱਖ ਜਗਤ ਲਈ ਉੱਚ ਸਥਾਨ ਰੱਖਣ ਵਾਲੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਨਾਲ ਬੇਇਨਸਾਫੀ ਹੋਵੇਗੀ। ਸੋ ਅਜੇ ਵੀ ਵਕਤ ਹੈ ਕਿ ਇਸਤੇ ਡੂੰਘਾਈ ਨਾਲ ਗੌਰ ਕੀਤਾ ਜਾਵੇ। ਸ੍ਰ ਪੱਧਰੀ ਨੇ ਦੱਸਿਆ ਕਿ ਜਦੋਂ ਉਹਨਾਂ ਇਸ ਪੁਲ ਦੇ ਸਬੰਧ ਵਿੱਚ ਧਾਰਮਿਕ ਪੱਖਾਂ ਤੋਂ ਗਿਆਤ ਕਰਾਉਂਦਿਆਂ ਭਾਈ ਹਰਪ੍ਰੀਤ ਸਿੰਘ ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਸ਼ਹੀਦਾਂ ਸਾਹਿਬ ( ਸ਼੍ਰੋ: ਗੁ: ਪ੍ਰ: ਕਮੇਟੀ ) ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਇਸ ਪੁਲ ਬਾਰੇ ਕੋਈ ਵੀ ਜਾਣਕਾਰੀ ਨਾਂ ਹੋਣ ਦੀ ਗੱਲ ਕਹੀ ਅਤੇ ਕਿਨਾਰਾ ਕੀਤਾ, ਇਸੇ ਤਰਾਂ ਹੀ ਜਦੋਂ ਸ੍ਰੀ ਦਰਬਾਰ ਦੇ ਮੈਨੇਜਰ ਭਾਈ ਸਤਨਾਮ ਸਿੰਘ ( ਸ਼੍ਰੋ:ਗੁ:ਪ੍ਰ:ਕਮੇਟੀ ) ਨਾਲ ਗੱਲ ਕੀਤੀ ਤਾਂ ਉਹਨਾਂ ਵੀ ਇਸ ਬਾਰੇ ਕਿਸੇ ਤਰਾਂ ਦੀ ਕੋਈ ਜਾਣਕਾਰੀ ਨਾਂ ਹੋਣ ਬਾਰੇ ਕਿਹਾ ਅਤੇ ਸੀਨੀਅਰ ਲੀਡਰਸ਼ਿਪ ਦੇ ਧਿਆਨ ਵਿੱਚ ਲਿਆਉਣ ਬਾਰੇ ਕਿਹਾ।