ਅੰਮ੍ਰਿਤਸਰ ,19 ਮਈ (ਰਛਪਾਲ ਸਿੰਘ) -ਸ਼੍ਰੋਮਣੀ ਅਕਾਲੀ ਦਲ ਸੁੰਯੁਕਤ ਦੇ ਸੀਨੀਅਰ ਆਗੂ ਮਨਜੀਤ ਭੋਮਾ ਨੇ ਦੋਸ਼ ਲਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਕਿਆਂ ਦੇ ਗਠਜੋੜ ਤੇ ਮੈਚ ਫਿਕਸਿੰਗ ਵਾਂਗ ਪਿਛਲੇ ਸਾਢ਼ੇ ਚਾਰ ਸਾਲ ਤੋਂ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਬਰਗਾੜੀ , ਕੋਟਕਪੂਰਾ , ਬਹਿਬਲਕਲਾਂ ਕਾਂਡ ਤੇ ਚਿੱਟੇ ਦੇ ਵਪਾਰ ਦੇ ਗੰਭੀਰ ਮੁੱਦਿਆਂ ਤੇ ਪੰਥ ਤੇ ਪੰਜਾਬ ਨੂੰ ਇਨਸਾਫ਼ ਦੇਣ ਦੀ ਬਜਾਏ ਇਹ ਮੁੱਦੇ ਹਰ ਮੰਚ ਤੋਂ ਖ਼ਤਮ ਕਰ ਦਿੱਤੇ ਜਾਣ ਪਰ ਗੁਰੂ ਤੇ ਗੁਰੂ ਦੇ ਪੰਥ ਦੀ ਅਗੰਮੀ ਖੇਡ ਇਹਨਾਂ ਨੂੰ ਹਰ ਮੋੜ ਤੇ ਨੰਗਿਆਂ ਕਰਕੇ ਹਰ ਮੋੜ ਤੇ ਨਵੀਂ ਤੋਂ ਨਵੀਂ ਸਜ਼ਾ ਦੇ ਰਹੀ ਹੈ ਅੱਜ ਇਹ ਲੋਕ ਲੋਕਾਂ ਤੇ ਪੰਥ ਦੀ ਕਚਹਿਰੀ ਵਿੱਚ ਕੱਖੋਂ ਹੌਲੇ ਹੋ ਗਏ ਹਨ।ਸਭ ਤੋਂ ਵੱਡੀ ਗੱਲ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਕਤ ਮਸਲਿਆਂ ਤੇ ਦੋਸ਼ੀਆਂ ਨੂੰ ਬਚਾਉਣ ਲਈ ਸਭ ਨੂੰ ਟਿੱਚ ਜਾਣਦਾ ਸੀ ਅੱਜ ਉਹ ਖੁੱਦ ਦੋਸ਼ੀਆਂ ਨਾਲ ਹੀ ਸਿਆਸੀ ਤੌਰ ਤੇ ਗੋਤੇ ਖਾਂਦਾ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਮੁੱਖ ਮੰਤਰੀ ਦੇ ਚਹੇਤੇ ਮੰਤਰੀ ਤੇ ਵਿਧਾਇਕ ਵੀ ਦਿਨ ਬਦਿਨ ਉਸ ਤੋਂ ਦੂਰੀ ਬਣਾ ਰਹੇ ਹਨ । ਸਰਕਾਰਾਂ ਨੂੰ ਅਪੋਜ਼ੀਸ਼ਨ ਤੋਂ ਖ਼ਤਰਾ ਹੁੰਦਾ ਹੈ ਪਰ ਇਥੇ ਤੀਜੀ ਧਿਰ ਅਪੋਜ਼ੀਸ਼ਨ ਤਾਂ ਸਰਕਾਰ ਨਾਲ ਘਿਉ ਖਿਚੜੀ ਹੈ ਪਰ ਕੈਪਟਨ ਸਰਕਾਰ ਨੂੰ ਤਾਂ ਆਪਣੇ ਮੰਤਰੀਆਂ ਤੇ ਵਿਧਾਇਕਾਂ ਤੋਂ ਵੱਧ ਖ਼ਤਰਾ ਪੈਦਾ ਹੋ ਗਿਆ ਹੈ ਜੋ ਇਹ ਦੋਸ਼ ਲਾ ਰਹੇ ਹਨ ਕਿ ਕੈਪਟਨ ਸਰਕਾਰ ਨੂੰ ਤਾਂ ਬਾਦਲਕੇ ਰਾਮੋਟ ਕੰਟਰੌਲ ਵਾਂਗ ਚਲਾ ਰਹੇ ਹਨ । ਜਿਹੜੀ ਵਿਜ਼ੀਲੈਂਸ ਬਾਦਲਕਿਆਂ ਮਗਰ ਛੱਡਣੀ ਸੀ ਉਹੋ ਵਿਜੀਲੈਂਸ ਕੈਪਟਨ ਸਰਕਾਰ ਨੇ ਆਪਣੇ ਸੀਨੀਅਰ ਮੰਤਰੀਆਂ ਤੇ ਵਿਧਾਇਕਾਂ ਦੇ ਮਗਰ ਲਾ ਦਿੱਤੀ ਹੈ ।
ਕੈਪਟਨ ਅਮਰਿੰਦਰ ਸਿੰਘ ਨੂੰ ਚਾਪਲੂਸਾਂ ਦੇ ਚੁਗਿਰਦੇ ਨੇ ਘੇਰ ਰੱਖਿਆ ਹੈ ਜ਼ੋ ਉਸ ਤੱਕ ਸਹੀ ਫੀਡਬੈਕ ਪਹੁੰਚਣ ਹੀ ਨਹੀਂ ਦੇ ਰਹੇ ਹਨ ਸਗੋਂ ਉਹ ਤਾਂ ਬਰਗਾੜੀ , ਕੋਟਕਪੂਰਾ , ਬਹਿਬਲਕਲਾਂ ਗੋਲੀ ਕਾਂਡ ਤੇ ਚਿੱਟੇ ਦੇ ਵਪਾਰੀਆਂ ਦੇ ਦੋਸ਼ੀਆਂ ਦੇ ਡਰਾਇੰਗ ਰੂਮਾਂ ਵਿੱਚ ਬੈਠਕੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਵਿਰੁੱਧ ਸਾਜ਼ਿਸ਼ਾਂ ਘੜ ਰਹੇ ਹਨ । ਕੈਪਟਨ ਅਮਰਿੰਦਰ ਸਿੰਘ ਜ਼ੋ ਹਾਲੇ ਵੀ ਕੁੰਬਕਰਨੀ ਨੀਂਦ ਸੁੱਤੇ ਪਏ ਹਨ ਉਹਨਾਂ ਨੂੰ ਜਾਗਕੇ ਆਪਣੇ ਬਾਗ਼ੀ ਮੰਤਰੀਆਂ ਤੇ ਵਿਧਾਇਕਾਂ ਤੇ ਸ਼੍ਰੋਮਣੀ ਅਕਾਲੀ ਦਲ ਸੁਯੰਕਤ ਅਤੇ ਸਮੂੱਚੀ ਲੋਕਾਈ ਦੀ ਅਵਾਜ਼ ਨੂੰ ਸੁਣਕੇ ਬਾਦਲਕਿਆਂ ਨਾਲੋਂ ਆਪਣਾ ਗਠਜੋੜ ਤੋੜਕੇ ਬਰਗਾੜੀ ਕੋਟਕਪੂਰਾ ਬਹਿਬਲਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਤੇ ਚਿੱਟੇ ਦੇ ਵਪਾਰੀਆਂ ਨੂੰ ਫੜ੍ਹਕੇ ਜੇਲਾਂ ਵਿੱਚ ਸੁੱਟ ਕੇ ਪੰਥ ਤੇ ਪੰਜਾਬੀਆਂ ਨੂੰ ਇਨਸਾਫ਼ ਦੇਣਾਂ ਚਾਹੀਦਾ ਹੈ ਪਰ ਕੰਧ ਤੇ ਲਿਖੇ ਵਾਂਗ ਸਭ ਨੂੰ ਪਤਾ ਹੈ ਕਿ ਹੁਣ ਤੁਸੀਂ ਦੇਣਾ ਨਹੀਂ । ਇਸ ਲਈ ਸਮੁੱਚੇ ਪੰਜਾਬ ਵਾਸੀਆਂ ਦੀਆਂ ਆਸਾਂ ਉਮੀਦਾਂ ਸ ਸੁਖਦੇਵ ਸਿੰਘ ਢੀਂਡਸਾ ਤੇ ਸ ਰਣਜੀਤ ਸਿੰਘ ਬ੍ਰਹਮਪੁਰਾ ਦੀ ਹੋਈ ਆਪਸੀ ਏਕਤਾ ਤੇ ਲੱਗ ਗਈਆਂ ਹਨ ਕਿਉਂਕਿ ਇਸ ਏਕਤਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਬਾਦਲਕਿਆਂ ਦੇ ਸਿਆਸੀ ਖਾਤਮੇ ਦਾ ਮੁੱਢ ਬੰਨ੍ਹ ਕੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੀ ਸਰਕਾਰ ਬਣਨ ਦਾ ਰਾਹ ਪੱਧਰਾ ਕਰ ਦਿੱਤਾ ਹੈ ।