ਕੈਨੇਡੀਅਨ ਨੂੰਹ ‘ਤੇ ਪੰਜਾਬ ਵਿਚ ਧੋਖਾਧੜੀ ਦਾ ਕੇਸ ਦਰਜ
ਮੋਗਾ: ਪੰਜਾਬੀ ਨੌਜਵਾਨ ਨਾਲ ਇੱਕ ਹੋਰ ਕੈਨੇਡੀਅਨ ਮੁਟਿਆਰ ਵਲੋਂ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਦੈਨਿਕ ਭਾਸਕ ਦੀ ਖ਼ਬਰ ਅਨੁਸਾਰ ਮੁੰਡੇ ਵਾਲਿਆਂ ਨੇ ਵਿਆਹ ਵਿਚ 24 ਲੱਖ ਤੋਂ ਜ਼ਿਆਦਾ ਦਾ ਖ਼ਰਚਾ ਕਰਕੇ ਪਤਨੀ ਨੂੰ ਕੈਨੇਡਾ ਭੇਜਿਆ ਤੇ 3 ਮਹੀਨੇ ਬਾਅਦ ਪਤੀ ਵੀ ਕੈਨੇਡਾ ਪੁੱਜ ਗਿਆ। ਉਥੇ ਪਤਨੀ ਨੇ ਮਾਰਕੁੱਟ ਅਤੇ ਘਰ ਵਿਚ ਬੰਦ ਰੱਖਣ ਦਾ ਦੋਸ਼ ਲਾ ਕੇ ਗ੍ਰਿਫਤਾਰ ਕਰਵਾ ਦਿੱਤਾ। ਜ਼ਮਾਨਤ ਮਿਲਣ ਤੋਂ ਬਾਅਦ ਰਿਹਾਅ ਹੋਇਆ।ਇਧਰ ਪੰਜਾਬ ਪੁਲਿਸ ਨੇ ਸੱਸ ਦੀ ਸ਼ਿਕਾਇਤ ‘ਤੇ ਨੂੰਹ ਅਤੇ ਉਸ ਦੇ ਪਿਤਾ ‘ਤੇ 24.11 ਲੱਖ ਰੁਪਏ ਦੀ ਠੱਗੀ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਮਨੁੱਖੀ ਤਸਕਰੀ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਢੁਡੀਕੇ ਨਿਵਾਸੀ ਮਹਿੰਦਰ ਕੌਰ ਨੇ ਐਸਐਸਪੀ ਮੋਗਾ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਬੇਟਾ ਕਮਲਦੀਪ ਸਿੰਘ ਕੈਨੇਡਾ ਜਾਣਾ ਚਾਹੁੰਦਾ ਸੀ। 2019 ਵਿਚ ਬੇਟੇ ਨੇ ਸਟੱਡੀ ਬੇਸ ‘ਤੇ ਕੈਨੇਡਾ ਦੇ ਬਰੈਂਪਟਨ ਗਈ ਪਵਨਦੀਪ ਕੌਰ ਨਾਲ ਸੰਪਰਕ ਕੀਤਾ। ਲੜਕੀ ਦੇ ਘਰ ਵਾਲਿਆਂ ਨਾਲ ਗੱਲਬਾਤ ਹੋਈ ਸੀ।ਬਾਅਦ ਵਿਚ ਜੂਨ 2019 ਵਿਚ ਦੋਵਾਂ ਦਾ ਵਿਆਹ ਕਰਵਾ ਦਿੱਤਾ ਗਿਆ ਸੀ। ਵਿਆਹ ਤੋਂ ਪਹਿਲਾਂ ਤੈਅ ਹੋਇਆ ਕਿ ਸਾਰਾ ਖ਼ਰਚਾ ਮੁੰਡੇ ਵਾਲੇ ਕਰਨਗੇ। ਬਦਲੇ ਵਿਚ ਪਵਨਦੀਪ ਕੌਰ ਪਤੀ ਕਮਲਦੀਪ ਸਿੰਘ ਨੂੰ ਕੈਨੇਡਾ ਬੁਲਾਵੇਗੀ।
ਵਿਆਹ ਦੇ ਇੱਕ ਮਹੀਨੇ ਤੱਕ ਪਵਨਦੀਪ ਕੌਰ ਸਹੁਰੇ ਰਹੀ ਅਤੇ ਫੇਰ ਕੈਨੇਡਾ ਚਲੀ ਗਈ। ਉਸ ਦਾ ਬੇਟਾ ਤਿੰਨ ਮਹੀਨੇ ਬਾਅਦ ਕੈਨੇਡਾ ਚਲਾ ਗਿਆ। ਫੇਰ ਉਸ ਦੇ ਬੇਟੇ ਨੂੰ ਪਤਾ ਚਲਿਆ ਕਿ ਉਸ ਦੀ ਪਤਨੀ ਦੇ ਮਕਾਨ ਮਾਲਕ ਨਾਲ ਕਥਿਤ ਨਾਜਾਇਜ਼ ਸਬੰਧ ਹਨ। ਵਿਰੋਧ ਕੀਤਾ ਤਾਂ ਪੁਲਿਸ ਬੁਲਾ ਕੇ ਦੋਸ਼ ਲਗਾ ਦਿੱਤੇ। ਬੇਟੇ ਦੀ ਕਿਸੇ ਤਰ੍ਹਾਂ ਜ਼ਮਾਨਤ ਕਰਵਾਈ। 5 ਮਹੀਨੇ ਦੀ ਜਾਂਚ ਤੋਂ ਬਾਅਦ ਨੂੰਹ ਪਵਨਦੀਪ ਕੌਰ ਅਤੇ ਉਸ ਦੇ ਪਿਤਾ ਰਣਜੀਤ ਸਿੰਘ ਨਿਵਾਸੀ ਕਾਊਂਕੇ ਖੁਰਦ (ਖੋਸਾ) ਜਗਰਾਉਂ ‘ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।