ਕੈਨੇਡਾ ਵਿੱਚ 10 ਲੱਖ ਨੌਕਰੀਆਂ ਪੈਦਾ ਕਰੇਗੀ ਐਨਡੀਪੀ – ਜਗਮੀਤ ਸਿੰਘ

60

ਵਿੰਡਸਰ (ਉਨਟਾਰੀਓ), 15 ਜੁਲਾਈ (ਬੁਲੰਦ ਆਵਾਜ ਬਿਊਰੋ) – ਕੈਨੇਡਾ ਦੇ ਉੱਘੇ ਸਿਆਸਤਦਾਨ ਤੇ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਲੀਡਰ ਜਗਮੀਤ ਸਿੰਘ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਕੈਨੇਡਾ ’ਚ 10 ਲੱਖ (1 ਮਿਲੀਅਨ) ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ ਤੇ ਵਰਕਰਾਂ ਦੀ ਭਲਾਈ ਲਈ ਕਈ ਹੋਰ ਅਹਿਮ ਕਦਮ ਚੁੱਕੇ ਜਾਣਗੇ।
ਉਨਟਾਰੀਓ ਦੇ ਵਿੰਡਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਖੇਤਰਾਂ ਵਿੱਚ ਨਿਵੇਸ਼ ਕਰਨ ਦੀ ਦਿਲਚਸਪੀ ਰੱਖਦੇ ਹਨ, ਜਿੱਥੇ ਬਹੁਤ ਸਾਰੇ ਲੋਕਾਂ ਕੋਲ ਰੁਜ਼ਗਾਰ ਨਹੀਂ ਹੈ। ਦੱਸ ਦੇਈਏ ਕਿ ਕੈਨੇਡਾ ਵਿੱਚ ਘੱਟਗਿਣਤੀ ਟਰੂਡੋ ਸਰਕਾਰ ਡਿੱਗਣ ਦੇ ਪੂਰੇ ਆਸਾਰ ਬਣੇ ਹੋਏ ਹਨ, ਕਿਸੇ ਵੇਲੇ ਵੀ ਸਰਕਾਰ ਡਿੱਗ ਸਕਦੀ ਹੈ ਤੇ ਮੱਧਕਾਲੀ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਸੇ ਨੂੰ ਮੱਦੇਨਜ਼ਰ ਰੱਖਦਿਆਂ ਜਗਮੀਤ ਸਿੰਘ ਪੂਰੇ ਦੇਸ਼ ਵਿੱਚ ਐਨਡੀਪੀ ਦਾ ਪ੍ਰਚਾਰ ਕਰ ਰਹੇ ਹਨ ਤੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਵਾਅਦਿਆਂ ਦੀ ਝੜੀ ਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਐਨਡੀਪੀ ਘੱਟੋ-ਘੱਟ ਉਜਰਤ ਅਤੇ ਸਿੱਕ ਲੀਵ ਪ੍ਰੋਗਰਾਮ ਵਿੱਚ ਵਾਧੇ ਸਣੇ ਵਰਕਰਾਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕੇਗੀ। ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕੀਤਾ ਜਾਵੇਗਾ ਤੇ ਆਰਥਿਕ ਵਾਧੇ ਲਈ ਢੁਕਵੇਂ ਕਦਮ ਚੁੱਕੇ ਜਾਣਗੇ।

Italian Trulli

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੀ 8 ਜੁਲਾਈ ਨੂੰ ‘ਕਰੌਸ-ਕੰਟਰੀ ਟੂਰ’ ਦੀ ਸ਼ੁਰੂਆਤ ਕਰਦਿਆਂ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਆਗੂ ਜਗਮੀਤ ਸਿੰਘ ਬੀ.ਸੀ. ਦੇ ਵੈਨਕੁਵਰ ਆਈਲੈਂਡ ’ਚ ਪੈਂਦੇ ਡੰਕਨ ਇਲਾਕੇ ਵਿੱਚ ਗਏ ਸਨ, ਜਿੱਥੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਸੀ ਕਿ ਦੇਸ਼ ਵਿੱਚ ਮਕਾਨਾਂ ਦੀਆਂ ਕੀਮਤਾਂ ਕਾਫ਼ੀ ਤੇਜ਼ੀ ਨਾਲ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਪਾਰਟੀ ਜੇਕਰ ਸੱਤਾ ਵਿੱਚ ਆਈ ਤਾਂ ਸਭ ਤੋਂ ਪਹਿਲਾਂ ਉਹ ਮਕਾਨਾਂ ਦੀਆਂ ਵਧਦੀਆਂ ਕੀਮਤਾਂ ’ਤੇ ਰੋਕ ਲਾਉਣ ਦਾ ਯਤਨ ਕਰਨਗੇ। ਇਸ ਤੋਂ ਇਲਾਵਾ ਕੈਨੇਡਾ ਵਾਸੀਆਂ ਨੂੰ 5 ਲੱਖ ਸਸਤੇ ਮਕਾਨ ਬਣਾ ਕੇ ਦਿੱਤੇ ਜਾਣਗੇ ਅਤੇ ਬਾਹਰੋਂ ਆ ਕੇ ਕੈਨੇਡਾ ’ਚ ਮਕਾਨ ਖਰੀਦਣ ਵਾਲੇ ਵਿਦੇਸ਼ੀ ਨਿਵੇਸ਼ਕਾਂ ’ਤੇ 20 ਫੀਸਦੀ ਟੈਕਸ ਲਾਇਆ ਜਾਵੇਗਾ।

ਐਨਡੀਪੀ ਆਗੂ ਨੇ ਲਿਬਰਲ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਜਦੋਂ ਤੋਂ ਜਸਟਿਨ ਟਰੂਡੋ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ ਹੋਰਨਾਂ ਵਿਕਸਤ ਮੁਲਕਾਂ ਦੇ ਮੁਕਾਬਲੇ ਕੈਨੇਡਾ ਵਿੱਚ ਮਕਾਨਾਂ ਦੀਆਂ ਕੀਮਤਾਂ ਜ਼ਿਆਦਾ ਤੇਜ਼ੀ ਨਾਲ ਵਧਦੀਆਂ ਹਨ। ਲਿਬਰਲ ਸਰਕਾਰ ਨੂੰ ਸੱਤਾ ਸੰਭਾਲਿਆਂ 6 ਸਾਲ ਹੋ ਚੁੱਕੇ ਹਨ। ਉਦੋਂ ਤੋਂ ਲੈ ਕੇ ਹੁਣ ਤੱਕ ਮਕਾਨ ਕੀਮਤਾਂ ਵਧੀਆਂ ਹੀ ਹਨ, ਘਟੀਆਂ ਨਹੀਂ। ਇਸ ਕਾਰਨ ਦੇਸ਼ ਵਾਸੀਆਂ ਨੂੰ ਮਕਾਨ ਖਰੀਦਣੇ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਗਏ ਹਨ, ਪਰ ਐਨਡੀਪੀ ਦੇ ਸੱਤਾ ’ਚ ਆਉਣ ’ਤੇ ਅਸਮਾਨ ਛੂਹ ਰਹੀਆਂ ਮਕਾਨਾਂ ਦੀਆਂ ਕੀਮਤਾਂ ਨੂੰ ਨੱਥ ਪਾਈ ਜਾਵੇਗੀ। ਲੋਕਾਂ ਨੂੰ ਉਨ੍ਹਾਂ ਦੇ ਸੁਪਨਿਆਂ ਦੇ ਘਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਦੇ ਲਈ ਪਾਰਟੀ ਨੇ 5 ਲੱਖ ਕਿਫ਼ਾਇਤੀ ਮਕਾਨ ਬਣਾਉਣ ਦਾ ਵੀ ਬੀੜਾ ਚੁੱਕਿਆ ਹੈ।
ਜਗਮੀਤ ਸਿੰਘ ਨੇ ਕਿਹਾ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਕੈਨੇਡਾ ਨੇ ਨਵੇਂ ਮਕਾਨ ਬਣਾਉਣ ਲਈ ਵੱਡੀ ਪੱਧਰ ’ਤੇ ਨਿਵੇਸ਼ ਕੀਤਾ ਸੀ, ਪਰ 1990 ਦੇ ਦਹਾਕੇ ਮਗਰੋਂ ਫੈਡਰਲ ਸਰਕਾਰ ਇਸ ਪਾਸੇ ਕੋਈ ਰੁਚੀ ਨਹੀਂ ਦਿਖਾਈ। ਐਨਡੀਪੀ ਆਗੂ ਨੇ ਵਾਅਦਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿੱਚ ਆਉਣ ਮਗਰੋਂ ਸਾਰੇ ਦੇਸ਼ ਵਾਸੀਆਂ ਦੀਆਂ ਸਮੱਸਿਆਂ ਦਾ ਹੱਲ ਕੱਢਿਆ ਜਾਵੇਗਾ।