More

  ਕੈਨੇਡਾ ਵਾਸੀਆਂ ਲਈ 5 ਲੱਖ ਤੋਂ ਵੱਧ ਸਸਤੇ ਮਕਾਨ ਬਣਾਏਗੀ ਐਨ.ਡੀ.ਪੀ – ਜਗਮੀਤ ਸਿੰਘ

  ਵੈਨਕੁਵਰ, 9 ਜੁਲਾਈ (ਬੁਲੰਦ ਆਵਾਜ ਬਿਊਰੋ) – ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕੈਨੇਡਾ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ’ਤੇ ਦੇਸ਼ ਵਿੱਚ ਅਸਮਾਨ ਛੂਹ ਰਹੀਆਂ ਮਕਾਨਾਂ ਦੀਆਂ ਕੀਮਤਾਂ ਨੂੰ ਨੱਥ ਪਾਉਣ ਦੇ ਨਾਲ-ਨਾਲ ਕੈਨੇਡਾ ਵਾਸੀਆਂ ਨੂੰ 5 ਲੱਖ ਤੋਂ ਵੱਧ ਸਸਤੇ ਮਕਾਨ ਬਣਾ ਕੇ ਦਿੱਤੇ ਜਾਣਗੇ।

  ਅੱਜ ‘ਕਰੌਸ-ਕੰਟਰੀ ਟੂਰ’ ਦੀ ਸ਼ੁਰੂਆਤ ਕਰਦਿਆਂ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਆਗੂ ਜਗਮੀਤ ਸਿੰਘ ਬੀ.ਸੀ. ਦੇ ਵੈਨਕੁਵਰ ਆਈਲੈਂਡ ’ਚ ਪੈਂਦੇ ਡੰਕਨ ਇਲਾਕੇ ਵਿੱਚ ਰੁਕੇ, ਜਿੱਥੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਮਕਾਨਾਂ ਦੀਆਂ ਕੀਮਤਾਂ ਕਾਫ਼ੀ ਤੇਜ਼ੀ ਨਾਲ ਵਧਦੀਆਂ ਜਾ ਰਹੀ ਹਨ। ਉਨ੍ਹਾਂ ਦੀ ਪਾਰਟੀ ਜੇਕਰ ਸੱਤਾ ਵਿੱਚ ਆਈ ਤਾਂ ਸਭ ਤੋਂ ਪਹਿਲਾਂ ਉਹ ਮਕਾਨਾਂ ਦੀਆਂ ਵਧਦੀਆਂ ਕੀਮਤਾਂ ’ਤੇ ਰੋਕ ਲਾਉਣ ਦਾ ਯਤਨ ਕਰਨਗੇ। ਇਸ ਤੋਂ ਇਲਾਵਾ ਕੈਨੇਡਾ ਵਾਸੀਆਂ ਨੂੰ 5 ਲੱਖ ਸਸਤੇ ਮਕਾਨ ਬਣਾ ਕੇ ਦਿੱਤੇ ਜਾਣਗੇ ਅਤੇ ਬਾਹਰੋਂ ਆ ਕੇ ਕੈਨੇਡਾ ’ਚ ਮਕਾਨ ਖਰੀਦਣ ਵਾਲੇ ਵਿਦੇਸ਼ੀ ਨਿਵੇਸ਼ਕਾਂ ’ਤੇ 20 ਫੀਸਦੀ ਟੈਕਸ ਲਾਇਆ ਜਾਵੇਗਾ।

  ਐਨਡੀਪੀ ਆਗੂ ਨੇ ਲਿਬਰਲ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਤੋਂ ਜਸਟਿਨ ਟਰੂਡੋ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ ਹੋਰਨਾਂ ਵਿਕਸਤ ਮੁਲਕਾਂ ਦੇ ਮੁਕਾਬਲੇ ਕੈਨੇਡਾ ਵਿੱਚ ਮਕਾਨਾਂ ਦੀਆਂ ਕੀਮਤਾਂ ਜ਼ਿਆਦਾ ਤੇਜ਼ੀ ਨਾਲ ਵਧਦੀਆਂ ਹਨ। ਲਿਬਰਲ ਸਰਕਾਰ ਨੂੰ ਸੱਤਾ ਸੰਭਾਲਿਆਂ 6 ਸਾਲ ਹੋ ਚੁੱਕੇ ਹਨ। ਉਦੋਂ ਤੋਂ ਲੈ ਕੇ ਹੁਣ ਤੱਕ ਮਕਾਨ ਕੀਮਤਾਂ ਵਧੀਆਂ ਹੀ ਹਨ, ਘਟੀਆਂ ਨਹੀਂ।

  ਇਸ ਕਾਰਨ ਦੇਸ਼ ਵਾਸੀਆਂ ਨੂੰ ਮਕਾਨ ਖਰੀਦਣੇ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਗਏ ਹਨ, ਪਰ ਐਨਡੀਪੀ ਦੇ ਸੱਤਾ ’ਚ ਆਉਣ ’ਤੇ ਅਸਮਾਨ ਛੂਹ ਰਹੀਆਂ ਮਕਾਨਾਂ ਦੀਆਂ ਕੀਮਤਾਂ ਨੂੰ ਨੱਥ ਪਾਈ ਜਾਵੇਗੀ। ਲੋਕਾਂ ਨੂੰ ਉਨ੍ਹਾਂ ਦੇ ਸੁਪਨਿਆਂ ਦੇ ਘਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਦੇ ਲਈ ਪਾਰਟੀ ਨੇ 5 ਲੱਖ ਕਿਫ਼ਾਇਤੀ ਮਕਾਨ ਬਣਾਉਣ ਦਾ ਵੀ ਬੀੜਾ ਚੁੱਕਿਆ ਹੈ।

  ਜਗਮੀਤ ਸਿੰਘ ਨੇ ਕਿਹਾ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਕੈਨੇਡਾ ਨੇ ਨਵੇਂ ਮਕਾਨ ਬਣਾਉਣ ਲਈ ਵੱਡੀ ਪੱਧਰ ’ਤੇ ਨਿਵੇਸ਼ ਕੀਤਾ ਸੀ, ਪਰ 1990 ਦੇ ਦਹਾਕੇ ਮਗਰੋਂ ਫੈਡਰਲ ਸਰਕਾਰ ਇਸ ਪਾਸੇ ਕੋਈ ਰੁਚੀ ਨਹੀਂ ਦਿਖਾਈ। ਜਗਮੀਤ ਸਿੰਘ ਨੇ ਇਸ ਮੌਕੇ ਕੋਵਿਚਨ-ਲੈਂਗਫੋਰਡ-ਮਲਹਾਟ ਦੇ ਐਮਪੀ ਐਲਿਸਟਰ ਮੈਕਗ੍ਰੇਗਰ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਕੋਵਿਚਨ ਘਾਟੀ ਵਿੱਚ ਮਕਾਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਇਸ ਘਾਟੀ ਵਿੱਚ 2025 ਤੱਕ 5 ਹਜ਼ਾਰ ਸਸਤੇ ਮਕਾਨ ਬਣਾਏ ਜਾਣ ਦੀ ਲੋੜ ਹੈ, ਜਦਕਿ ਲਿਬਰਲ ਸਰਕਾਰ ਨੇ ਦੇਸ਼ ਭਰ ਵਿੱਚ ਸਿਰਫ਼ 4500 ਮਕਾਨਾਂ ਲਈ ਫੰਡਿੰਗ ਜਾਰੀ ਕਰਨ ਦਾ ਐਲਾਨ ਕੀਤਾ ਹੈ। ਐਨਡੀਪੀ ਆਗੂ ਨੇ ਵਾਅਦਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿੱਚ ਆਉਣ ਮਗਰੋਂ ਸਾਰੇ ਦੇਸ਼ ਵਾਸੀਆਂ ਦੀਆਂ ਸਮੱਸਿਆਂ ਦਾ ਹੱਲ ਕੱਢਿਆ ਜਾਵੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img