ਮੌਤ ਦੇ ਨੇੜੇ ਪੁੱਜੇ ਨੌਜਵਾਨ ਦੀ ਦਸਤਾਰਾਂ ਨਾਲ ਬਚਾਈ ਸੀ ਜਾਨ
ਵੈਨਕੂਵਰ, 27 ਅਕਤੂਬਰ (ਬੁਲੰਦ ਆਵਾਜ ਬਿਊਰੋ) – ਮੌਤ ਦੇ ਬਿਲਕੁਲ ਨੇੜੇ ਪੁੱਜ ਚੁੱਕੇ ਨੌਜਵਾਨ ਨੂੰ ਆਪਣੀਆਂ ਪੱਗਾਂ ਨਾਲ ਬਚਾਉਣ ਵਾਲੇ ਸਿੱਖ ਨੌਜਵਾਨਾਂ ਨੂੰ ਕੈਨੇਡਾ ਪੁਲਿਸ ਨੇ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ। ਰਿਜ ਮੈਡੋਜ਼ ਦੀ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੇ ਨਾ ਸਿਰਫ਼ ਆਪਣੀ ਜਾਨ ਦਾਅ ’ਤੇ ਲਾ ਕੇ ਇਕ ਅਣਜਾਣ ਸ਼ਖਸ ਦੀ ਜਾਨ ਬਚਾਈ ਬਲਕਿ ਸਿੱਖ ਧਰਮ ਵਿਚ ਬੇਹੱਦ ਸਤਿਕਾਰਤ ਦਸਤਾਰਾਂ ਨੂੰ ਜੋੜ ਕੇ ਰੱਸੀ ਬਣਾਉਣ ਵਿਚ ਦੇਰ ਨਾ ਕੀਤੀ।
ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਸੁਪਰਡੈਂਟ ਵੈਂਡੀ ਮੈਹਟ ਵੱਲੋਂ ਅੱਜ ਮੇਪਲ ਰਿਜ ਦੇ ਦਫ਼ਤਰ ਵਿਚ ਸਿੱਖ ਨੌਜਵਾਨਾਂ ਦਾ ਬਹਾਦਰੀ ਪੁਰਸਕਾਰ ਨਾਲ ਸਨਮਾਨ ਕੀਤਾ ਜਾਵੇਗਾ। ਦੱਸ ਦੇਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਈਅਰਜ਼ ਪ੍ਰੋਵਿਨਸ਼ੀਅਲ ਪਾਰਕ ਵਿਚ ਦਰਿਆ ਦੇ ਤੇਜ਼ ਵਗਦੇ ਪਾਣੀ ਤੋਂ ਦੂਰ ਰਹਿਣ ਲਈ ਸੰਘਰਸ਼ ਕਰ ਰਹੇ ਨੌਜਵਾਨ ਦੀਆਂ ਚੀਕਾਂ ਨੇੜਿਉਂ ਲੰਘ ਰਹੇ ਸਿੱਖ ਨੌਜਵਾਨਾਂ ਨੇ ਸੁਣੀਆਂ ਤਾਂ ਤੁਰਤ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਦੇਖਿਆ ਕਿ ਨੌਜਵਾਨ ਇਕ ਪਹਾੜੀ ਦੀ ਢਲਾਣ ’ਤੇ ਦਰਿਆ ਦੇ ਬਿਲਕੁਲ ਖੜ੍ਹਾ ਹੈ ਅਤੇ ਬਗ਼ੈਰ ਸਹਾਰੇ ਤੋਂ ਵਾਪਸੀ ਕਰਨੀ ਸੰਭਵ ਨਹੀਂ। ਸਿੱਖ ਨੌਜਵਾਨਾਂ ਕੋਲ ਉਸ ਵੇਲੇ ਕੋਈ ਰੱਸੀ ਜਾਂ ਕੋਈ ਹੋਰ ਚੀਜ਼ ਨਹੀਂ ਸੀ ਜਿਸ ਦੇ ਸਹਾਰੇ ਉਸ ਨੌਜਵਾਨ ਦੀ ਜਾਨ ਬਚਾਈ ਜਾ ਸਕਦੀ। ਉਨ੍ਹਾਂ ਨੇ ਬਗ਼ੈਰ ਦੇਰ ਕੀਤਿਆਂ ਆਪਣੀਆਂ ਪੱਗਾਂ ਉਤਾਰੀਆਂ ਅਤੇ ਇਨ੍ਹਾਂ ਨੂੰ ਆਪਸ ਵਿਚ ਜੋੜ ਕੇ ਨੌਜਵਾਨ ਤੱਕ ਪੁੱਜਦਾ ਕਰ ਦਿਤਾ। ਨੌਜਵਾਨ ਨੂੰ ਬਾਹਰ ਨਿਕਲਣ ਦਾ ਸਹਾਰਾ ਮਿਲ ਗਿਆ ਅਤੇ ਉਸ ਦੀ ਜਾਨ ਬਚ ਗਈ।