ਓਕਾਨਾਗਨ (ਬੀ.ਸੀ.), 27 ਜੂਨ (ਬੁਲੰਦ ਆਵਾਜ ਬਿਊਰੋ) – ਕੈਨੇਡਾ ‘ਚ ਰਿਹਾਇਸ਼ੀ ਸਕੂਲਾਂ ਵਿੱਚੋਂ ਬੱਚਿਆਂ ਦੀਆਂ ਕਬਰਾਂ ਤੇ ਕੰਕਾਲ ਮਿਲਣ ਮਗਰੋਂ ਚਰਚ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜੇ ਕੁਝ ਦਿਨ ਪਹਿਲਾਂ ਹੀ ਬ੍ਰਿਿਟਸ਼ ਕੋਲੰਬੀਆ ਦੇ ਓਕਾਨਾਗਨ ਵਿੱਚ ਦੋ ਚਰਚ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈਆਂ ਸਨ। ਅੱਜ ਫਿਰ ਦੋ ਚਰਚ ਅੱਗ ਦੀ ਭੇਟ ਚੜ੍ਹ ਗਈਆਂ। ਪਹਿਲੀ ਘਟਨਾ ਓਕਾਨਾਗਨ ‘ਚ ਹੈਡਲੇ ਦੇ ਨੇੜੇ ਅੱਪਰ ਸਿਿਮਲਕਮੀਨ ਇੰਡੀਅਨ ਬੈਂਡ ਲੈਂਡਸ ਵਿਖੇ ਵਾਪਰੀ, ਜਿੱਥੇ ਤੜਕੇ 3 ਵਜ ਕੇ 52 ਮਿੰਟ ‘ਤੇ ਸੈਂਟ ਅੰਨਾਸ ਕੈਥੋਲਿਕ ਚਰਚ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈ। ਦੂਜੀ ਘਟਨਾ ਲੋਅਰ ਸਿਿਮਲਕਮੀਨ ਇੰਡੀਅਨ ਬੈਂਡ ਲੈਂਡਸ ਦੇ ਚੋਪਾਕਾ ਵਿੱਚ ਵਾਪਰੀ, ਜਿੱਥੇ ਸਵੇਰੇ 4 ਵਜ ਕੇ 45 ਮਿੰਟ ‘ਤੇ ਚੋਪਾਕਾ ਕੈਥੋਲਿਕ ਚਰਚ ਨੂੰ ਅੱਗ ਲੱਗੀ ਤੇ ਥੋੜੀ ਹੀ ਦੇਰ ‘ਚ ਚਰਚ ਦੀ ਸਾਰੀ ਇਮਾਰਤ ਅੱਗ ਦੀ ਭੇਟ ਚੜ੍ਹ ਗਈ। ਪੈਂਟਿਕਟਨ ਸਾਊਥ ਓਕਾਨਾਗਨ ਸਿਿਮਲਕਮੀਨ ਆਰਸੀਐਮਪੀ ਵੱਲੋਂ ਕੈਥੋਲਿਕ ਚਰਚ ਨੂੰ ਅੱਗ ਲੱਗਣ ਦੀਆਂ ਇਨ੍ਹਾਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਸਾਰਜੈਂਟ ਜੈਸਨ ਬਾਇਦਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਘਟਨਾਵਾਂ ਦਾ ਸਬੰਧ 21 ਜੂਨ ਨੂੰ ਪੈਂਟਿਕਟਨ ਤੇ ਓਲਿਵਰ ‘ਚ ਵਾਪਰੀਆਂ ਘਟਨਾਵਾਂ ਨਾਲ ਹੋ ਸਕਦਾ ਹੈ।
ਇਸ ਨੂੰ ਮੱਦੇਨਜ਼ਰ ਰੱਖਦਿਆਂ ਇਨ੍ਹਾਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਇਨ੍ਹਾਂ ਘਟਨਾ ਦੇ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ, ਪਰ ਜਲਦ ਹੀ ਪੁਲਿਸ ਦੋਸ਼ੀਆਂ ਨੂੰ ਕਾਬੂ ਕਰ ਲਏਗੀ। ਪੁਲਿਸ ਵੱਲੋਂ ਦੋਸ਼ੀਆਂ ਦਾ ਪਤਾ ਲਾਉਣ ਲਈ ਸਥਾਨਕ ਲੋਕਾਂ ਤੇ ਮੂਲ ਵਾਸ਼ਿੰਦਿਆਂ ਦੇ ਨੇਤਾਵਾਂ ਦੇ ਸਹਿਯੋਗ ਨਾਲ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ 26 ਜੂਨ ਤੜਕੇ ਦੀ ਦੋਵਾਂ ਚਰਚ ਦੀ ਅੱਗ ਨਾਲ ਸਬੰਧਤ ਕੋਈ ਵੀਡੀਓ ਫੁਟੇਜ ਜਾਂ ਕੋਈ ਹੋਰ ਸਬੂਤ ਹੈ ਤਾਂ ਉਹ ਪੈਂਟਿਕਟਨ ਆਰਸੀਐਮਪੀ ਨਾਲ ਫੋਨ ਨੰਬਰ – 250-492-4300 ‘ਤੇ ਸੰਪਰਕ ਕਰੇ। ਲੇਅਰ ਸਿਿਮਲਕਮੀਨ ਇੰਡੀਅਨ ਬੈਂਡ ਦੇ ਚੀਫ਼ ਕੀਥ ਕਰੋਅ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਕਾਰਨ ਭਾਈਚਾਰੇ ਵਿੱੱਚ ਚਿੰਤਾ ਤੇ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਦੱਸ ਦੇਈਏ ਕਿ ਪਿੱਛਲੇ ਮਹੀਨੇ ਬੀ.ਸੀ. ਦੇ ਕੈਮਲੂਪਸ ਵਿੱਚ ਸਥਿਤ ਇੱਕ ਸਾਬਕਾ ਰਿਹਾਇਸ਼ੀ ਸਕੂਲ ਵਿੱੱਚੋਂ 215 ਬੱਚਿਆਂ ਦੇ ਪਿੰਜਰ ਮਿਲੇ ਸਨ ਤੇ ਹੁਣ ਬੀਤੇ ਕੱਲ੍ਹ ਸਸਕੈਚੇਵਨ ਦੇ ਮੈਰੀਵਲ ਇੰਡੀਅਨ ਰੈਜ਼ੀਡੈਂਸੀ ਸਕੂਲ ਵਿੱਚੋਂ ਸੈਂਕੜੇ ਬੱਚਿਆਂ ਦੀ ਕਬਰਾਂ ਮਿਲੀਆਂ ਹਨ। ਯੂਨੀਅਨ ਆਫ਼ ਬੀ.ਸੀ. ਇੰਡੀਅਨ ਚੀਫ਼ਸ ਦੇ ਪ੍ਰਧਾਨ ਗਰੈਂਡ ਚੀਫ਼ ਸਟੀਵਰਟ ਫਿਿਲਪ ਦਾ ਕਹਿਣਾ ਹੈ ਕਿ ਰਿਹਾਇਸ਼ੀ ਸਕੂਲਾਂ ਵਿੱਚੋਂ ਬੱਚਿਆਂ ਦੀ ਕਬਰਾਂ ਮਿਲਣ ਕਾਰਨ ਲੋਕਾਂ ਵਿੱਚ ਗੁੱਸੇ ਦੀ ਲਹਿਰ ਹੈ। ਕੈਥੋਲਿਕ ਚਰਚ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਇਸ ਨਾਲ ਸਬੰਧ ਹੋ ਸਕਦਾ ਹੈ। ਦੱਸ ਦੇਈਏ ਕਿ ਬੀਤੀ 21-22 ਜੂਨ ਦੀ ਦਰਮਿਆਨੀ ਰਾਤ ਨੂੰ ਦੋ ਚਰਚ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈਆਂ ਸਨ। ਇਨ੍ਹਾਂ ਵਿੱਚੋਂ ਪਹਿਲੀ ਘਟਨਾ ਦੌਰਾਨ ਪੈਂਟਿਕਟਨ ਇੰਡੀਅਨ ਬੈਂਡ ਲੈਂਡ ਵਿਖੇ ਸਥਿਤ ‘ਸੈਕਰਡ ਹਾਰਟ’ ਚਰਚ ਨੂੰ ਅੱਗ ਲੱਗੀ ਸੀ ਤੇ ਦੂਜੀ ਘਟਨਾ ਇਸ ਤੋਂ ਦੋ ਘੰਟੇ ਬਾਅਦ ਬ੍ਰਿਿਟਸ਼ ਕੋਲੰਬੀਆ ਦੇ ਓਲਿਵਰ ਵਿੱਚ ਵਾਪਰੀ ਸੀ, ਜਿੱਥੇ ‘ਸੈਂਟ ਗਰੇਗਰੀ’ ਚਰਚ ਅੱਗ ਦੀ ਭੇਟ ਚੜ੍ਹ ਗਈ ਸੀ। ਇਹ ਚਰਚ ਓਸੋਯੂਸ ਇੰਡੀਅਨ ਬੈਂਡ ਲੈਂਡ ਵਿੱਚ ਸਥਿਤ ਹੈ। ਉੱਧਰ ਪੈਂਟਿਕਟਨ ਤੇ ਓਸੋਯੂਸ ਇੰਡੀਅਨ ਬੈਂਡ ਦੇ ਨੇਤਾਵਾਂ ਨੇ ਇੱਕ ਬਿਆਨ ਜਾਰੀ ਕਰਦਿਆਂ ਇਨ੍ਹਾਂ ਘਟਨਾਵਾਂ ‘ਤੇ ਦੱੁਖ ਤੇ ਗੱੁਸਾ ਜ਼ਾਹਰ ਕੀਤਾ ਸੀ।