ਮਿਸੀਸਾਗਾ, 22 ਜੁਲਾਈ (ਬੁਲੰਦ ਆਵਾਜ ਬਿਊਰੋ) – ਕਹਿੰਦੇ ਨੇ ਜਦੋਂ ਉੱਪਰ ਵਾਲਾ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ। ਜੀ ਹਾਂ, ਇਸੇ ਤਰ੍ਹਾਂ ਹੋਇਆ ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿੱਚ ਵੱਸਦੇ ਭਾਰਤੀ ਮੂਲ ਦੇ ਜੋੜੇ ਨਾਲ, ਜਿਸ ਦੀ ਉਸ ਵੇਲੇ ਕਿਸਮਤ ਬਦਲ ਗਈ, ਜਦੋਂ ਉਨ੍ਹਾਂ ਨੇ 10 ਲੱਖ ਡਾਲਰ (1 ਮਿਲੀਅਨ ਡਾਲਰ) ਦੀ ਲਾਟਰੀ ਜਿੱਤ ਲਈ।
ਕਰੀਨਾ ਅਤੇ ਅਤਰੀ ਕਨ੍ਹਾਈ ਨੇ ਦੱਸਿਆ ਕਿ ਉਨ੍ਹਾਂ ਨੇ 4 ਜੂਨ ਨੂੰ ਲੋਟੋ ਮੈਕਸ ਡਰਾਅ ਦੀ ਟਿਕਟ ਖਰੀਦੀ ਸੀ। ਬੀਤੀ ਦਿਨੀਂ ਜਦੋਂ ਉਹ ਇੱਕ ਹੋਰ ਲਾਟਰੀ ਦੀ ਟਿਕਟ ਖਰੀਦਣ ਲਈ ਸਟੋਰ ’ਤੇ ਗਏ ਤਾਂ ਉਨ੍ਹਾਂ ਦੀ ਖੁਸ਼ੀ ਦਾ ਉਸ ਵੇਲੇ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ 1 ਮਿਲੀਅਨ ਡਾਲਰ ਭਾਵ 10 ਲੱਖ ਡਾਲਰ ਜਿੱਤ ਚੁੱਕੇ ਹਨ। ਦੋ ਬੱਚਿਆਂ ਦੇ ਮਾਤਾ-ਪਿਤਾ ਇਸ ਜੋੜੇ ਨੇ ਜਦੋਂ ਇਹ ਗੱਲ ਆਪਣੇ ਹੋਰਨਾ ਪਰਿਵਾਰਕ ਮੈਂਬਰਾਂ ਨੂੰ ਦੱਸੀ ਤਾਂ ਉਹ ਵੀ ਖੁਸ਼ੀ ਨਾਲ ਖੀਵੇ ਹੋ ਗਏ। ਉਨ੍ਹਾਂ ਕਿਹਾ ਕਿ ਉਹ ਇਸ ਲਾਟਰੀ ਰਾਹੀਂ ਮਿਲਣ ਵਾਲੀ ਰਕਮ ਨਾਲ ਆਪਣੇ ਘਰ ਦੀ ਕੁਝ ਮੁਰੰਮਤ ਕਰਵਾਉਣ ਤੋਂ ਇਲਾਵਾ ਆਪਣੇ ਬੱਚਿਆਂ ਤੇ ਹੋਰ ਪਰਿਵਾਰ ਦੀਆਂ ਰੀਝਾਂ ਪੂਰੀਆਂ ਕਰਨਗੇ। ਇਸ ਜੋੜੇ ਨੇ ਇਹ ਟਿਕਟ ਮਿਸੀਸਾਗਾ ਦੇ ਟੈਰੀ ਫੌਕਸ ਵੇਅ ’ਤੇ ਸਥਿਤ ਟੈਰੀ ਫੌਕਸ ਸਟੋਰ ਤੋਂ ਖਰੀਦੀ ਸੀ।