ਕੈਨੇਡਾ ’ਚ ਪੈ ਰਹੀ ਤੇਜ਼ ਗਰਮੀ ਦੌਰਾਨ ਬੀ.ਸੀ. ਦੇ ਪੂਰੇ ਪਿੰਡ ਨੂੰ ਲੱਗੀ ਅੱਗ

ਕੈਨੇਡਾ ’ਚ ਪੈ ਰਹੀ ਤੇਜ਼ ਗਰਮੀ ਦੌਰਾਨ ਬੀ.ਸੀ. ਦੇ ਪੂਰੇ ਪਿੰਡ ਨੂੰ ਲੱਗੀ ਅੱਗ

ਵੈਨਕੁਵਰ, 2 ਜੁਲਾਈ (ਬੁਲੰਦ ਆਵਾਜ ਬਿਊਰੋ) – ਭਿਆਨਕ ਗਰਮੀ ਦੀ ਮਾਰ ਝੱਲ ਰਹੇ ਕੈਨੇਡਾ ਵਿੱਚ ਬੀਤੀ ਰਾਤ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਿੰਡ ਲਿਟਨ ’ਚ ਅੱਗ ਲੱਗ ਗਈ, ਜਿਸ ਕਾਰਨ ਲਗਭਗ 250 ਤੋਂ ਵੱਧ ਲੋਕਾਂ ਨੂੰ ਅੱਧੀ ਰਾਤੀ ਆਪਣਾ ਘਰ-ਬਾਰ ਤੇ ਸਾਰਾ ਛੱਡ ਕੇ ਭੱਜਣਾ ਪਿਆ। ਲਿਟਨ ਦੇ ਮੇਅਰ ਜੈਨ ਪੋਲਡਰਮੈਨ ਨੇ ਦੱਸਿਆ ਕਿ ਵੈਨਕੁਵਰ ਤੋਂ 153 ਕਿਲੋਮੀਟਰ ਦੂਰ ਵਸਿਆ ਇਹ ਪਿੰਡ ਦੇਖਦੇ ਹੀ ਦੇਖਦੇ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਮਗਰੋਂ ਉਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੂਰਾ ਪਿੰਡ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਦੇ ਨਿਰਦੇਸ਼ ਦਿੱਤੇ। ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ 250 ਲੋਕਾਂ ਦੀ ਅਬਾਦੀ ਵਾਲੇ ਲਿਟਨ ਪਿੰਡ ਨੂੰ 15 ਮਿੰਟ ’ਚ ਅੱਗ ਦੀਆਂ ਲਪਟਾਂ ਨੇ ਘੇਰ ਲਿਆ।

ਲਿਟਨ ਵਿੱਚ ਇੱਕ ਹਫ਼ਤੇ ਤੋਂ ਬਹੁਤ ਤੇਜ਼ ਗਰਮੀ ਪੈ ਰਹੀ ਹੈ। ਵੈਨਕੁਵਰ ਤੋਂ ਉੱਤਰ ਪੂਰਵ ਵੱਲ 260 ਕਿਲੋਮੀਟਰ ਦੂਰ ਵਸੇ ਲਿਟਨ ਦਾ ਤਾਪਮਾਨ ਸਾਰੇ ਕੈਨੇਡਾ ਵਿੱਚੋਂ ਰਿਕਾਰਡ ਲਗਭਗ 49.6 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ। ਜ਼ਿਆਦਾ ਗਰਮੀ ਪੈਣ ਕਾਰਨ ਅੱਗ ਲੱਗਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਪ੍ਰੋਵਿੰਸ਼ੀਅਲ ਫਾਇਰ ਇਨਫਰਮੇਸ਼ਨ ਮਹਿਲਾ ਅਫਸਰ ਐਰਿਕਾ ਬਰਗ ਨੇ ਦੱਸਿਆ ਕਿ ਬੀ.ਸੀ. ਵਾਇਲਡ ਫਾਇਰ ਸਰਵਿਸ ਅੱਗ ’ਤੇ ਕਾਬੂ ਪਾਉਣ ਦਾ ਯਤਨ ਕਰ ਰਹੀ ਹੈ, ਪਰ ਤੇਜ਼ ਤੇ ਗਰਮ ਹਵਾਵਾਂ ਕਾਰਨ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਅੱਗ ਇੱਕ ਘੰਟੇ ਵਿੱਚ 10 ਤੋਂ 20 ਕਿਲੋਮੀਟਰ ਦੂਰ ਤੱਕ ਫੈਲ ਸਕਦੀ ਹੈ। ਇਸ ਦੇ ਚਲਦਿਆਂ ਲਿਟਨ ਦੇ ਨੇੜੇ-ਤੇੜੇ ਦੇ ਇਲਾਕੇ ’ਚ ਵਸਦੇ ਲਗਭਗ 1 ਹਜ਼ਾਰ ਮੂਲ ਬਾਸ਼ਿੰਦਿਆਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਜਾਰਜ ਰੋਡ ਵਾਇਲਡ ਫਾਇਰ ਅਤੇ ਕੋਂਟ ਕਰੀਕ ਫਾਇਰ ਵੀ ਅੱਗ ’ਤੇ ਕਾਬੂ ਪਾਉਣ ਦਾ ਯਤਨ ਕਰ ਰਹੀਆਂ ਹਨ। ਬੀ.ਸੀ. ਵਾਇਲਡ ਫਾਇਰ ਸਰਵਿਸ ਨੇ ਦੱਸਿਆ ਕਿ 56 ਫਾਇਰ ਫਾਈਟਰ, 10 ਹੈਲੀਕਾਪਟਰ ਅਤੇ ਹੋਰ ਸਾਜੋ-ਸਾਮਾਨ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਾਇਰ ਇਨਫਰਮੇਸ਼ਨ ਅਫਸਰ ਮੈਡਿਸਨਟ ਸਮਿਥ ਨੇ ਕਿਹਾ ਕਿ ਅੱਗ ਦੀਆਂ ਲਪਟਾਂ ਇੰਨੀ ਤੇਜ਼ ਹਨ ਕਿ ਹੈਲੀਕਾਪਟਰ ਨੂੰ ਅੱਗ ਬੁਝਾਉਣ ਵਿੱਚ ਕਾਫ਼ੀ ਦਿੱਕਤ ਆ ਰਹੀ ਹੈ। ਕਈ ਵਾਰ ਤਾਂ ਹੈਲੀਕਾਪਟਰਾਂ ਦਾ ਇੰਜਣ ਜ਼ਿਆਦਾ ਗਰਮ ਹੋਣ ਕਾਰਨ ਉਨ੍ਹਾਂ ਨੂੰ ਧਰਤੀ ’ਤੇ ਉਤਾਰਨਾਂ ਪੈ ਰਿਹਾ ਹੈ।

Bulandh-Awaaz

Website: